ਅਣਡਿੱਠਾ ਪੈਰਾ – ਰੂਪਨਗਰ / ਰੋਪੜ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਈਸਵੀ ਨੂੰ ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੂਪਨਗਰ ਕਰ ਦਿੱਤਾ ਗਿਆ। ਉਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ। ਸਤਲੁਜ ਦਰਿਆ ਇਸ ਦੇ ਕੋਲੋਂ ਵਹਿੰਦਾ ਹੈ। ਇਸ ਦਰਿਆ ਵਿੱਚੋਂ ਕੱਢੀ ਗਈ ਸਰਹਿੰਦ ਨਹਿਰ ਵੀ ਇੱਥੋਂ ਹੀ ਵਹਿਣਾ ਅਰੰਭ ਕਰਦੀ ਹੈ। ਬਿਸਤ ਦੁਆਬ ਨਾਂ ਦੀ ਇੱਕ ਹੋਰ ਨਹਿਰ ਦਰਿਆ ਦੇ ਦੂਜੇ ਕਿਨਾਰੇ ਤੋਂ ਕੱਢੀ ਗਈ ਹੈ। ਦੁਆਬੇ ਦੇ ਕੁਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਹੈ। ਨੰਗਲ, ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਹੈ। ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿੱਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਸਤਲੁਜ ਦਰਿਆ ਇੱਕ ਵੱਡੀ ਝੀਲ ਵਾਂਗ ਦਿਸਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵੱਲ ਦੇ ਕੰਢੇ ਉੱਤੇ ਸੈਰ-ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ। ਇਸ ਤੋਂ ਜਾਪਦਾ ਹੈ ਕਿ ਇਸ ਸ਼ਹਿਰ ਦਾ ਨਵਾਂ ਨਾਂ ਰੂਪਨਗਰ ਇਸ ਦੀ ਸੁੰਦਰਤਾ ਕਾਰਨ ਬੜਾ ਢੁਕਵਾਂ ਹੈ।


ਪ੍ਰਸ਼ਨ 1. ਰੂਪਨਗਰ ਦਾ ਪਹਿਲਾ ਨਾਂ ਕੀ ਸੀ ?

(ੳ) ਲੁਧਿਆਣਾ
(ਅ) ਰੋਪੜ
(ੲ) ਨਵਾਂਸ਼ਹਿਰ
(ਸ) ਹੁਸ਼ਿਆਰਪੁਰ

ਪ੍ਰਸ਼ਨ 2. ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ?

(ੳ) ਰਾਜਮਹਲ ਪਹਾੜੀਆਂ
(ਅ) ਗਲੇਸ਼ੀਅਰ ਪਹਾੜੀਆਂ
(ੲ) ਸ਼ਿਵਾਲਿਕ ਪਹਾੜੀਆਂ
(ਸ) ਤ੍ਰਿਕੁਟ ਪਹਾੜੀਆਂ

ਪ੍ਰਸ਼ਨ 3. ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ?

(ੳ) ਸਤਲੁਜ
(ਅ) ਗੰਗਾ
(ੲ) ਜਮੁਨਾ
(ਸ) ਨੀਲ

ਪ੍ਰਸ਼ਨ 4. ਰੋਪੜ ਦਾ ਨਾਂ ਬਦਲਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ?

(ੳ) ਗਿਆਨੀ ਜ਼ੈਲ ਸਿੰਘ
(ਅ) ਪ੍ਰਕਾਸ਼ ਸਿੰਘ ਬਾਦਲ
(ੲ) ਕੈਪਟਨ ਅਮਰਿੰਦਰ ਸਿੰਘ
(ਸ) ਪ੍ਰਤਾਪ ਸਿੰਘ ਕੈਰੋਂ

ਪ੍ਰਸ਼ਨ 5. ਹੈੱਡਵਰਕਸ ਕਿੱਥੇ ਬਣਾਇਆ ਗਿਆ ਹੈ ?

(ੳ) ਸਤਲੁਜ ‘ਤੇ
(ਅ) ਰਾਵੀ ‘ਤੇ
(ੲ) ਜਿਹਲਮ ‘ਤੇ
(ਸ) ਸਿੰਧ ‘ਤੇ