ਅਣਡਿੱਠਾ ਪੈਰਾ – ਮੇਲੇ
ਪਹਿਲੇ ਸਮੇਂ ਵਿੱਚ ਮੇਲਿਆਂ ਵਿੱਚ ਘੋਲ ਹੁੰਦੇ ਸਨ, ਅਖਾੜੇ ਲੱਗਦੇ ਤੇ ਭੰਗੜੇ ਪੈਂਦੇ ਸਨ। ਟਾਂਗਿਆਂ ਦੀਆਂ ਹੋੜਾਂ ਹੁੰਦੀਆਂ ਸਨ। ਬਹੁਤ ਸਾਰੇ ਲੋਕ ਸਰੀਰਕ ਕਰਤਬ ਦਿਖਾਉਂਦੇ ਸਨ। ਪਰੰਤੂ ਅੱਜ – ਕੱਲ੍ਹ ਦੇ ਮੇਲਿਆਂ ਵਿੱਚ ਟੂਰਨਾਮੈਂਟ, ਸਰਕਸ, ਸਿਨੇਮਾ, ਰਾਜਨੀਤਕ ਕਾਨਫਰੰਸਾਂ ਤੇ ਖੇਤੀ – ਬਾੜੀ ਦੀਆਂ ਨੁਮਾਇਸ਼ਾਂ ਦਾ ਵਧੇਰੇ ਰੁਝਾਨ ਹੋ ਗਿਆ ਹੈ।
ਪਹਿਲਾਂ ਕਈ ਦਿਨ ਮੇਲੇ ਲੱਗਦੇ ਸਨ। ਲੋਕੀ ਮੇਲਿਆਂ ਉੱਤੇ ਰਾਤਾਂ ਕੱਟਦੇ ਸ਼ਨ। ਪਰੰਤੂ ਹੁਣ ਆਵਜ਼ਾਈ ਦੇ ਸਾਧਨ ਆਮ ਹੋਣ ਕਰਕੇ ਲੋਕ ਸਵੇਰੇ ਜਾ ਕੇ ਸ਼ਾਮ ਨੂੰ ਘਰੀਂ ਪਰਤ ਆਉਂਦੇ ਹਨ। ਹੁਣ ਮੇਲਿਆਂ ਵਿੱਚ ਲੋਕਾਂ ਦੀ ਪਹਿਲੇ ਜਿਹੀ ਖਿੱਚ ਨਹੀਂ ਕਿਉਂਕਿ ਲੋਕਾਂ ਨੂੰ ਅਕਸਰ ਸ਼ਹਿਰ ਜਾਣਾ ਪੈਂਦਾ ਹੈ ਜਿੱਥੇ ਹਰ ਸਮੇਂ ਮੇਲਾ ਲੱਗਿਆ ਰਹਿੰਦਾ ਹੈ।
ਹੁਣ ਟੈਲੀਵਿਜ਼ਨ ਤੇ ਸਿਨੇਮਿਆਂ ਕਾਰਨ ਵੀ ਮਨੋਰੰਜਨ ਹੋਣ ਲੱਗ ਪਿਆ ਹੈ। ਕੁਝ ਮੇਲਿਆਂ ਜਿਵੇਂ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਮੇਲਾ ਜਿਹੜਾ ਸਾਲ ਵਿੱਚ ਦੋ ਵਾਰ ਲੱਗਦਾ ਹੈ, ਉੱਤੇ ਖਿੱਚ ਵੱਧ ਰਹੀ ਹੈ। ਇਸ ਤੋਂ ਇਲਾਵਾ ਥਾਂ – ਥਾਂ ‘ਤੇ ਪ੍ਰਦਰਸ਼ਨੀਆਂ ਦੀ ਭਰਮਾਰ ਹੈ।
ਕਿਤੇ ਕੋਈ ਕਲਾਕਾਰ ਆਪਣੀਆਂ ਕਲਾ – ਕ੍ਰਿਤੀਆਂ ਨੂੰ ਰੰਗਾਂ ਨਾਲ ਉਲੀਕਦਾ ਹੈ, ਕਿਤੇ ਕੋਈ ਆਪਣੇ ਮਨ ਦੇ ਅੰਦਰ ਉੱਠਦੇ ਵਲਵਲਿਆਂ ਨੂੰ ਆਪਣੀ ਰਚਨਾ ਅਨੁਸਾਰ ਸ਼ਾਂਤ ਕਰਦਾ ਹੈ ਜਾਂ ਕਿਤੇ ਗੀਤ – ਸੰਗੀਤ ਤੇ ਮੁਸ਼ਹਰਿਆਂ ਵਰਗਾ ਮਾਹੌਲ ਆਪਣੇ ਹੀ ਰੰਗ ਵਿੱਚ ਢਾਲਣ ‘ਤੇ ਮਜਬੂਰ ਕਰ ਦਿੰਦਾ ਹੈ। ਇਸ ਦੇ ਨਾਲ – ਨਾਲ ਮੀਡਿਆ ਦੇ ਨਿੱਤ ਵਧਦੇ ਇੰਟਰਨੈੱਟ ਦੀਆਂ ਕਾਢਾਂ ਸਦਕਾ ਵੀ ਹੁਣ ਕਾਫ਼ੀ ਸਾਰਾ ਮਨੋਰੰਜਨ ਹੋ ਰਿਹਾ ਹੈ।
ਪ੍ਰਸ਼ਨ 1 . ਪਹਿਲੇ ਸਮਿਆਂ ਵਿੱਚ ਮੇਲਿਆਂ ਦੀ ਕਿਹੜੀ ਵਿਸ਼ੇਸ਼ਤਾ ਹੁੰਦੀ ਸੀ?
ਪ੍ਰਸ਼ਨ 2 . ਅਜੋਕੇ ਸਮੇਂ ਦੇ ਮੇਲਿਆਂ ਦਾ ਸਰੂਪ ਕਿਹੋ ਜਿਹਾ ਹੈ?
ਪ੍ਰਸ਼ਨ 3 . ਹੁਣ ਦੇ ਲੋਕਾਂ ਵਿੱਚ ਮੇਲਿਆਂ ਪ੍ਰਤੀ ਚਾਅ ਕਿਉਂ ਨਹੀਂ ਰਿਹਾ?
ਪ੍ਰਸ਼ਨ 4 . ‘ਵਲਵਲਿਆ’ ਸ਼ਬਦ ਦਾ ਅਰਥ ਦੱਸੋ।
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।