ਅਣਡਿੱਠਾ ਪੈਰਾ – ਮਾਂ ਬੋਲੀ
ਜੋ ਆਪਣੀ ਮਾਂ-ਬੋਲੀ ਨੂੰ ਪਿਆਰ ਕਰਦੇ ਹਨ, ਉਹ ਹਰ ਕਿਸੇ ਦੀ ਮਾਂ-ਬੋਲੀ ਦਾ ਸਤਿਕਾਰ ਕਰਦੇ ਹਨ। ਇੱਕ ਵਾਰ ਮੈਨੂੰ ਇੱਕ ਸੌ ਅੱਠ ਮੁਲਕਾਂ ਤੋਂ ਆਏ ਅਠਾਰਾਂ ਸੌ ਪ੍ਰਤੀਨਿਧਾਂ ਦੇ ਸਾਹਮਣੇ ਬੋਲਣ ਦਾ ਮੌਕਾ ਵੀਆਨਾ, ਆਸਟ੍ਰੀਆ ਦੀ ਰਾਜਧਾਨੀ ਵਿੱਚ ਮਿਲਿਆ ਸੀ। ਹਰ ਤਕਰੀਰ ਦਾ ਤਰਜਮਾ ਪੰਜਾਂ ਜਬਾਨਾਂ ਵਿੱਚ ਹੋਣਾ ਹੁੰਦਾ ਸੀ, ਤੇ ਸੈਂਕੜੇ ਤਕਰੀਰਾਂ ਸਨ। ਤਰਜਮਾ ਕਰਨ ਵਾਲੀਆਂ ਕੁੜੀਆਂ ਉੱਤੇ ਬੜਾ ਭਾਰ ਸੀ। ਉਹਨਾਂ ਦਾ ਇੱਕ ਤਰਜਮਾ ਬਚਾਉਣ ਲਈ ਮੈਂ ਫ਼ੈਸਲਾ ਕੀਤਾ ਕਿ ਅੰਗਰੇਜ਼ੀ ਵਿੱਚ ਹੀ ਬੋਲ ਦਿਆਂਗਾ। ਮੇਰੇ ਏਸ ਫ਼ੈਸਲੇ ਉੱਤੇ ਅੰਗਰੇਜ਼ਾਂ ਅਤੇ ਅਮਰੀਕਨਾਂ ਨੇ ਖ਼ੁਸ਼ੀਆਂ ਦੀਆਂ ਤਾਲੀਆਂ ਵਜਾਈਆਂ। ਪਰ ਜਦੋਂ ਮੈਂ ਆਖਿਆ ਕਿ ਇਹ ਵੀ ਮੈਂ ਸਹਾਰ ਨਹੀਂ ਸਕਾਂਗਾ ਕਿ ਆਪਣੀ ਮਾਂ-ਬੋਲੀ ਦੇ ਸ਼ਬਦ ਐਨੇ ਮੁਲਕਾਂ ਦੇ ਚੰਗੇ ਲੋਕਾਂ ਦੇ ਕੰਨੀਂ ਪੁਆਉਣ ਦਾ ਮੌਕਾ ਮੈਂ ਹੱਥੋਂ ਗੁਆ ਲਵਾਂ। ਏਸ ਲਈ ਆਪਣੀ ਤਕਰੀਰ ਦਾ ਅਖੀਰਲਾ ਭਾਗ ਮੈਂ ਪੰਜਾਬੀ ਵਿੱਚ ਹੀ ਬੋਲਾਂਗਾ। ਇਹਦੇ ਉੱਤੇ ਸਰੋਤਿਆਂ ਤਾਲੀਆਂ ਵਜਾਈਆਂ ਤੇ ਜਦੋਂ ਮੈਂ ਆਪਣੀ ਬੋਲੀ ਵਿੱਚ ਬੋਲ ਹਟਿਆ ਤਾਂ ਸਾਰੇ ਦੇ ਸਾਰੇ ਸਰੋਤੇ ਉੱਠ ਕੇ ਖਲੋ ਗਏ, ਪ੍ਰਧਾਨਗੀ ਮੰਡਲ ਦੇ ਮੰਚ ਤੋਂ ਹੇਠਾਂ ਆ ਕੇ ਕਈਆਂ ਨੇ ਮੈਨੂੰ ਜੱਫ਼ੀ ਵਿੱਚ ਲੈ ਲਿਆ, ਕਈ ਮੇਰੇ ਨਾਲ ਤੁਰ ਮੈਨੂੰ ਮੇਰੀ ਸੀਟ ਉੱਤੇ ਬਿਠਾਉਣ ਆਏ ਤੇ ਉਹਨਾਂ ਮੇਰੇ ਦਸਖ਼ਤ ਲਏ। ਇਹ ਪ੍ਰਸ਼ੰਸਾ ਮੇਰੀ ਨਹੀਂ ਸੀ, ਮੇਰੀ ਮਾਂ-ਬੋਲੀ ਲਈ ਆਪਣੀ ਮਾਂ-ਬੋਲੀ ਦੇ ਪਿਆਰਿਆਂ ਦਾ ਸਤਿਕਾਰ ਭਰਿਆ ਇਜ਼ਹਾਰ ਸੀ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਲੇਖਕ ਨੂੰ ਕਿੰਨੇ ਪ੍ਰਤੀਨਿਧੀਆਂ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਿਆ ?
(ੳ) ਦੋ ਹਜ਼ਾਰ
(ਅ) ਅਠਾਰਾਂ ਸੌ
(ੲ) ਸੋਲਾਂ ਸੌ
(ਸ) ਅੱਠ ਸੌ
ਪ੍ਰਸ਼ਨ 2. ਕਿੰਨੇ ਮੁਲਕਾਂ ਤੋਂ ਪ੍ਰਤੀਨਿਧੀ ਆਏ ਸਨ ?
(ੳ) ਇੱਕ ਸੌ ਅੱਠ
(ਅ) ਦੋ ਸੌ ਅੱਠ
(ੲ) ਅੱਠ
(ਸ) ਅਠਾਈ
ਪ੍ਰਸ਼ਨ 3. ਤਕਰੀਰ ਦਾ ਤਰਜਮਾ ਕਿੰਨੀਆਂ ਜੁਬਾਨਾਂ ਵਿੱਚ ਹੋਣਾ ਸੀ ?
(ੳ) ਚਾਰ
(ਅ) ਸੱਤ
(ੲ) ਪੰਜ
(ਸ) ਦਸ
ਪ੍ਰਸ਼ਨ 4. ਲੇਖਕ ਨੇ ਆਪਣੀ ਤਕਰੀਰ ਦਾ ਅਖੀਰਲਾ ਭਾਗ ਕਿਸ ਭਾਸ਼ਾ ਵਿੱਚ ਬੋਲਿਆ ?
(ੳ) ਪੰਜਾਬੀ
(ਅ) ਹਿੰਦੀ
(ੲ) ਅੰਗਰੇਜ਼ੀ
(ਸ) ਉਰਦੂ
ਪ੍ਰਸ਼ਨ 5. ਸਰੋਤਿਆਂ ਨੇ ਲੇਖਕ ਦੀ ਪ੍ਰਸ਼ੰਸਾ ਕਿਵੇਂ ਕੀਤੀ ?
(ੳ) ਬੈਠੇ-ਬੈਠੇ
(ਅ) ਤਾੜੀਆਂ ਵਜਾ ਕੇ
(ੲ) ਹੱਸ ਕੇ
(ਸ) ਕੋਲ ਜਾ ਕੇ