ਅਣਡਿੱਠਾ ਪੈਰਾ : ਮਹਾਰਾਜਾ ਰਣਜੀਤ ਸਿੰਘ ਜੀ


ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ। ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ, ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ। ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ। ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜਾਵਾ ਚੜ੍ਹਾਉਂਦੇ ਸਨ।

ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ। ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਖ਼ਾਲਸਾ ਜੀ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ। ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ। ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਦੇ ਸ਼ਬਦ ਉਕਰੇ ਹੋਏ ਸਨ।


ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ਵਿੱਚ ਅਟਲ ਵਿਸ਼ਵਾਸ ਸੀ। ਕੋਈ ਦੋ ਉਦਾਹਰਨਾਂ ਦਿਉ।

ਉੱਤਰ : (i) ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ।

(ii) ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ।

ਪ੍ਰਸ਼ਨ 2. ‘ਕੂਕਰ’ ਤੋਂ ਕੀ ਭਾਵ ਹੈ?

ਉੱਤਰ : ਕੂਕਰ ਤੋਂ ਭਾਵ ਹੈ ਦਾਸ ਜਾਂ ਨੌਕਰ।

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦੇ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ।

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ਕਿਹੜੇ ਸ਼ਬਦ ਉਕਰੇ ਹੋਏ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਸ਼ਬਦ ਉਕਰੇ ਹੋਏ ਸਨ।