ਅਣਡਿੱਠਾ ਪੈਰਾ – ਮਹਾਨ ਖਿਡਾਰੀ ਧਿਆਨ ਚੰਦ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਕੁਝ ਗੱਲਾਂ ਧਿਆਨ ਚੰਦ ਦੀ ਖੇਡ ਦੀ ਵਿਲੱਖਣਤਾ ਬਾਰੇ ਵੀ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਸੈਂਟਰ ਫਾਰਵਰਡ ਖੇਡਦੇ ਹੋਇਆਂ ਵੀ ਜ਼ਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ਜਿਵੇਂ ਕਿ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਧੰਨ ਰਾਜ ਪਿੱਲੈ ਆਦਿ ਖਿਡਾਰੀ ਸਨ। ਇਸ ਦੇ ਉਲਟ ਉਸ ਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਧੀਮਾਪਣ ਸੀ। ਜ਼ਿਆਦਾ ਦੇਰ ਗੇਂਦ ਨਾਲ ਚਿਮਟਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਤਕ ਸਮਝਦਾ ਸੀ। ਉਸ ਦੇ ਆਪਣੇ ਸ਼ਬਦਾਂ ‘ਚ “ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ।” 1963-64 ਵਿੱਚ ਉਹ ਐੱਨ. ਆਈ. ਐੱਸ. ਪਟਿਆਲਾ ਵਿਖੇ ਹਾਕੀ ਦਾ ਮੁੱਖ-ਕੋਚ ਸੀ। ਸਾਂਵਲਾ ਰੰਗ, ਦਰਮਿਆਨਾ ਕੱਦ, ਸਿਰ ਦੇ ਵਾਲ ਬਿਨਾਂ ਚੀਰ ਪਿੱਛੇ ਨੂੰ ਵਾਹੇ ਹੋਏ, ਚਿੱਟੀ ਟੀ-ਸ਼ਰਟ ਅਤੇ ਕਾਲੀ ਨਿੱਕਰ ਪਾਈ, ਉਹ ਗ੍ਰਾਊਂਡ ਦੇ ਬਾਹਰ ਬੈਠਾ ਗੂੜ੍ਹੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ “ਦਾਦਾ” ਆਖਦੇ—ਜਿਸ ਦਾ ਬੰਗਲਾ ਵਿੱਚ ਅਰਥ ਹੁੰਦਾ ਹੈ—ਵੱਡਾ ਭਰਾ।
ਪ੍ਰਸ਼ਨ 1. ਧਿਆਨ ਚੰਦ ਸੈਂਟਰ ਫਾਰਵਰਡ ਖੇਡਦੇ ਹੋਇਆਂ ਵੀ ਕਿਹੜੀ ਰਫ਼ਤਾਰ ਵਾਲਾ ਖਿਡਾਰੀ ਨਹੀਂ ਸੀ?
(ੳ) ਧੀਮੀ ਰਫ਼ਤਾਰ ਵਾਲਾ
(ਅ) ਤੇਜ਼ ਰਫ਼ਤਾਰ ਵਾਲਾ
(ੲ) ਬਹੁਤ ਤੇਜ਼ ਰਫ਼ਤਾਰ ਵਾਲਾ
(ਸ) ਜ਼ਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ
ਪ੍ਰਸ਼ਨ 2. ਧਿਆਨ ਚੰਦ ਕਿਨ੍ਹਾਂ ਨੂੰ ਨਕਾਰਦਾ ਸੀ ?
(ੳ) ਜ਼ਿਆਦਾ ਦੇਰ ਗੇਂਦ ਨਾਲ ਚਿਪਕਣ ਵਾਲਿਆਂ ਨੂੰ (ਅ) ਪਾਸ ਦੇਣ ਵਾਲਿਆਂ ਨੂੰ
(ੲ) ਪਾਸ ਨਾ ਦੇਣ ਵਾਲਿਆਂ ਨੂੰ
(ਸ) ਜ਼ਿਆਦਾ ਦੇਰ ਗੇਂਦ ਨਾਲ ਨਾ ਚਿਪਕਣ ਵਾਲਿਆਂ ਨੂੰ
ਪ੍ਰਸ਼ਨ 3. ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ। ਇਹ ਵਿਚਾਰ ਕਿਸ ਦਾ ਸੀ ?
(ੳ) ਧਿਆਨ ਚੰਦ ਦਾ
(ਅ) ਬਲਬੀਰ ਸਿੰਘ ਦਾ
(ੲ) ਧੰਨ ਰਾਜ ਪਿੱਲੇ ਦਾ
(ਸ) ਸੁਰਿੰਦਰ ਸਿੰਘ ਸੋਢੀ ਦਾ
ਪ੍ਰਸ਼ਨ 4. 1963-64 ਈ. ਵਿੱਚ ਧਿਆਨ ਚੰਦ ਐੱਨ. ਆਈ. ਐੱਸ. ਪਟਿਆਲਾ ਵਿਖੇ ਕਿਸ ਅਹੁਦੇ ‘ਤੇ ਸੀ?
(ੳ) ਡਾਇਰੈਕਟਰ ਸਪੋਰਟਸ
(ਅ) ਸਹਾਇਕ ਡਾਇਰੈਕਟਰ ਸਪੋਰਟਸ
(ੲ) ਹਾਕੀ ਦਾ ਮੁੱਖ ਕੋਚ
(ਸ) ਹਾਕੀ ਦਾ ਕੋਚ
ਪ੍ਰਸ਼ਨ 5. ‘ਦਾਦਾ’ ਦਾ ਬੰਗਲਾ ਵਿੱਚ ਕੀ ਅਰਥ ਹੈ?
(ੳ) ਪਿਤਾ ਜੀ
(ਅ) ਤਾਇਆ ਜੀ
(ੲ) ਵੱਡਾ ਭਰਾ
(ਸ) ਗੁਰੂ ਜੀ