ਅਣਡਿੱਠਾ ਪੈਰਾ : ਗਾਂਧੀ ਜੀ ਵੱਲੋਂ ਸੱਚ ਬੋਲਣਾ
ਸੱਚ ਬੋਲਣ ਦੇ ਪ੍ਰਣ ਨੇ ਹੀ ਗਾਂਧੀ ਜੀ ਨੂੰ ਬਾਲ ਉਮਰ ਵਿੱਚ ਪਾਪਾਂ ਤੋਂ ਬਚਾਇਆ। ਇਕ ਵਾਰੀ ਕੁਸੰਗਤ ਵਿੱਚ ਰਲ ਕੇ ਉਹ ਮਾਸ ਖਾ ਬੈਠੇ ਤੇ ਸਿਗਰਟ ਵੀ ਪੀਣ ਲੱਗ ਪਏ ਅਤੇ ਘਰ ਵਿੱਚੋਂ ਕੁੱਝ ਚੋਰੀ ਵੀ ਕਰ ਬੈਠੇ। ਪਿੱਛੋਂ ਸੋਚ ਕੇ ਉਹ ਡਾਢੇ ਦੁਖੀ ਹੋਏ। ਮਾਤਾ-ਪਿਤਾ ਦੇ ਸਾਹਮਣੇ ਮੂੰਹ ਦਿਖਾਉਣ ਜੋਗੇ ਨਾ ਰਹੇ। ਉਨ੍ਹਾਂ ਨੂੰ ਇਉਂ ਪ੍ਰਤੀਤ ਹੋਇਆ ਕਿ ਜਿਸ ਬੱਕਰੇ ਦਾ ਮਾਸ ਉਨ੍ਹਾਂ ਖਾਧਾ ਹੈ, ਉਹ ਉਨ੍ਹਾਂ ਦੇ ਪੇਟ ਵਿੱਚ ਮੈਂਅ-ਮੈਂਅ ਕਰਕੇ ਵਿਰਲਾਪ ਕਰ ਰਿਹਾ ਹੈ। ਉਨ੍ਹਾਂ ਦੇ ਪਿਤਾ ਜੀ ਮੰਜੇ ‘ਤੇ ਬਿਮਾਰ ਪਏ ਸਨ। ਉਹ ਦਿਲ ਵਿੱਚ ਸੋਚਣ ਲੱਗੇ ਜੇ ਪਿਤਾ ਜੀ ਪੁੱਛ ਬੈਠੇ ਤਾਂ ਮੈਂ ਕੀ ਉੱਤਰ ਦਿਆਂਗਾ। ਝੂਠ ਬੋਲ ਕੇ ਮੈਂ ਹੋਰ ਪਾਪ ਨਹੀਂ ਕਰਨਾ ਚਾਹੁੰਦਾ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਮਾਸ ਖਾਣ ਪਿੱਛੋਂ ਗਾਂਧੀ ਜੀ ਨੇ ਕੀ ਮਹਿਸੂਸ ਕੀਤਾ?
ਉੱਤਰ : ਮਾਸ ਖਾਣ ਪਿੱਛੋਂ ਗਾਂਧੀ ਜੀ ਬਹੁਤ ਦੁਖੀ ਹੋਏ। ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਬੱਕਰੇ ਦਾ ਮਾਸ ਉਨ੍ਹਾਂ ਖਾਧਾ ਹੈ, ਉਹ ਉਨ੍ਹਾਂ ਦੇ ਪੇਟ ਵਿੱਚ ਮੈਂਅ-ਮੈਂਅ ਕਰ ਕੇ ਵਿਰਲਾਪ ਕਰ ਰਿਹਾ ਹੈ।
ਪ੍ਰਸ਼ਨ (ਅ) ਸੱਚ ਬੋਲਣ ਦੇ ਪ੍ਰਣ ਨੇ ਗਾਂਧੀ ਜੀ ਨੂੰ ਬਾਲ ਉਮਰੇ ਕਿਹੜੇ ਪਾਪਾਂ ਤੋਂ ਬਚਾਇਆ?
ਉੱਤਰ : ਸੱਚ ਬੋਲਣ ਦੇ ਪ੍ਰਣ ਨੇ ਗਾਂਧੀ ਜੀ ਨੂੰ ਝੂਠ ਬੋਲਣ, ਮਾਸ ਖਾਣ, ਸਿਗਰਟ ਪੀਣ ਤੇ ਚੋਰੀ ਕਰਨ ਦੇ ਪਾਪਾਂ ਤੋਂ ਬਚਾਇਆ।
ਪ੍ਰਸ਼ਨ (ੲ) ਗਾਂਧੀ ਜੀ ਝੂਠ ਬੋਲਣ ਨੂੰ ਕੀ ਸਮਝਦੇ ਸਨ?
ਉੱਤਰ : ਗਾਂਧੀ ਜੀ ਝੂਠ ਬੋਲਣ ਨੂੰ ਪਾਪ ਸਮਝਦੇ ਸਨ।
ਪ੍ਰਸ਼ਨ (ਸ) ਗਾਂਧੀ ਜੀ ਦਾ ਮਨ ਕਿਉਂ ਦੁਖੀ ਹੋਇਆ?
ਉੱਤਰ : ਗਾਂਧੀ ਜੀ ਦਾ ਮਨ ਇਸ ਕਰਕੇ ਦੁਖੀ ਹੋਇਆ ਕਿਉਂਕਿ ਉਨ੍ਹਾਂ ਕੁਸੰਗਤ ਵਿੱਚ ਰਲ ਕੇ ਮਾਸ ਖਾਧਾ ਸੀ, ਸਿਗਰਟ ਪੀਤੀ ਸੀ ਤੇ ਘਰੋਂ ਚੋਰੀ ਵੀ ਕੀਤੀ ਸੀ।