ਅਣਡਿੱਠਾ ਪੈਰਾ – ਮਨੁੱਖ ਨੂੰ ਸੰਵਾਰਨਾ
ਮਨੁੱਖ ਨੂੰ ਸੰਵਾਰਨਾ
ਇੱਕ ਪੱਥਰ ਦਾ ਮੁਜੱਸਮਾ ਘੜਨਾ ਹੋਵੇ ਤਾਂ ਚਾਰ ਸਾਲ ਲੱਗ ਸਕਦੇ ਹਨ। ਸੰਗ – ਤਰਾਸ਼ ਜਦ ਕੋਈ ਮੂਰਤੀ ਘੜਦਾ ਹੈ ਤਾਂ ਕਈ ਦਫ਼ਾ ਪੰਜ – ਪੰਜ ਸਾਲ ਵੀ ਲੱਗ ਜਾਂਦੇ ਹਨ। ਮਿਊਜ਼ੀਅਮਾਂ ਵਿੱਚ ਕਈ ਅਜਿਹੀਆਂ ਮੂਰਤੀਆਂ ਵੀ ਪਈਆਂ ਹਨ ਜਿਨ੍ਹਾਂ ਦੇ ਘੜਨ ਲੱਗਿਆਂ ਦਸ – ਦਸ, ਪੰਦਰਾਂ – ਪੰਦਰਾਂ ਸਾਲ ਵੀ ਲੱਗੇ ਹਨ। ਹੁਣ ਬੰਦੇ ਨੂੰ ਘੜਨਾ ਸੀ ਤੇ ਬੰਦੇ ਨੂੰ ਪੂਰਨ ਬਣਾਉਣਾ ਸੀ, ਢਾਈ ਸੌ ਸਾਲ ਲੱਗੇ – ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਪੱਥਰ ਨੂੰ ਘੜੀਏ ਤਾਂ ਪੱਥਰ ਇਨਕਾਰੀ ਨਹੀਂ ਹੁੰਦਾ ਕਿ ਬਈ ਮੈਨੂੰ ਨਾ ਘੜ। ਬੰਦਾ ਇਨਕਾਰੀ ਹੋ ਸਕਦਾ ਹੈ ਤੇ ਬੰਦੇ ਨੂੰ ਪਹਿਲੇ ਤਾਂ ਰਾਜ਼ੀ ਕਰਨਾ ਸੀ ਕਿ ਬਈ ਤੂੰ ਸੰਵਰਨ ਵਾਸਤੇ ਰਾਜ਼ੀ ਹੈ ਕਿ ਨਹੀਂ, ਮੁਕੰਮਲ ਹੋਣ ਵਾਸਤੇ ਤਿਆਰ ਹੈਂ ਕਿ ਨਹੀਂ। ਕਈ ਬੰਦੇ ਅਧੂਰੇਪਨ ਉੱਤੇ ਵੀ ਖੁਸ਼ ਹੁੰਦੇ ਹਨ। ਇੱਕ ਠੱਗ ਹੈ, ਉਹ ਆਪਣੀ ਠੱਗੀ ਉੱਤੇ ਹੀ ਖੁਸ਼ ਹੈ। ਇੱਕ ਝੂਠਾ ਹੈ, ਉਹ ਆਪਣੇ ਝੂਠ ਉੱਤੇ ਹੀ ਖੁਸ਼ ਹੈ। ਇੱਕ ਪਖੰਡੀ ਹੈ, ਉਹ ਆਪਣੇ ਪਖੰਡ ‘ਤੇ ਹੀ ਖੁਸ਼ ਹੈ। ਸੋ ਹੁਣ ਕਿਵੇਂ ਮੁਕੰਮਲ ਕਰੀਏ? ਪੱਥਰ ਇਨਕਾਰੀ ਨਹੀਂ ਹੁੰਦਾ ਕਿ ਮੈਨੂੰ ਨਾ ਘੜ। ਬੰਦਾ ਇਨਕਾਰੀ ਹੋ ਜਾਂਦਾ ਹੈ ਕਿ ਬਈ ਮੈਂ ਨਹੀਂ ਘੜੀਂਦਾ। ਲੇਕਿਨ ਹੁਣ ਗੁਰੂ ਨਾਨਕ ਦੇਵ ਜੀ ਤਿਆਰ ਕਰ ਰਹੇ ਹਨ ਸ਼ਬਦਾਂ ਦੇ ਰਾਹੀਂ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਤਿਆਰ ਕਰ ਰਹੇ ਹਨ ਕਿ ਇਹ ਸੰਵਰਨ ਵਾਸਤੇ ਤਿਆਰ ਹੋਵੇ। ਇਹਨੂੰ ਰਾਜ਼ੀ ਕਰ ਰਹੇ ਹਨ ਤੇ ਦਸਵੇਂ ਪਾਤਸ਼ਾਹ ਤੱਕ ਸਿੱਖਾਂ ਦਾ ਮਨ ਰਾਜ਼ੀ ਹੋ ਗਿਆ ਸੀ, ਸਿੱਖਾਂ ਦਾ ਮਨ ਮੰਨ ਗਿਆ ਸੀ। ਇਸ ਵਾਸਤੇ ਸਾਹਿਬਾਂ ਨੇ ਸੰਪੂਰਨ ਹੋਣ ਦੀ ਮੋਹਰ ਲਾ ਦਿੱਤੀ। ਬਈ ਇਹ ਬੰਦਾ ਰਾਜ਼ੀ ਹੋ ਗਿਆ ਹੈ, ਕਿਉਂਕਿ ਜੇ ਬੰਦਾ ਰਾਜ਼ੀ ਨਾ ਹੋਵੇ ਤਾਂ ਫਿਰ ਘੜਨਾ ਬੜੀ ਔਖੀ ਗੱਲ ਹੈ। ਜਬਰਦਸਤੀ ਤੁਹਾਥੋਂ ਨਾਮ ਨਹੀਂ ਜਪਾਇਆ ਜਾ ਸਕਦਾ; ਜਬਰਦਸਤੀ ਕਿਸੇ ਨੂੰ ਸਿੱਖ ਨਹੀਂ ਬਣਾਇਆ ਜਾ ਸਕਦਾ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਕੋਈ ਪੱਥਰ ਦਾ ਮੁਜੱਸਮਾ ਕਿੰਨੇ ਕੁ ਵਕਤ ਵਿੱਚ ਘੜਿਆ ਜਾ ਸਕਦਾ ਹੈ?
(ੳ) ਇੱਕ ਸਾਲ
(ਅ) ਦੋ ਸਾਲ
(ੲ) ਤਿੰਨ ਸਾਲ
(ਸ) ਚਾਰ ਸਾਲ
ਪ੍ਰਸ਼ਨ 2 . ਗੁਰੂ ਜੀ ਨੂੰ ਬੰਦੇ ਘੜਨ ਵਿੱਚ ਕਿੰਨਾ ਚਿਰ ਲੱਗਿਆ ਤੇ ਕਿਉਂ?
(ੳ) 150 ਸਾਲ
(ਅ) 350 ਸਾਲ
(ੲ) 250 ਸਾਲ
(ਸ) 400 ਸਾਲ
ਪ੍ਰਸ਼ਨ 3 . ਬੰਦੇ ਨੂੰ ਸੰਵਰਨ ਲਈ ਰਾਜ਼ੀ ਕਰਨਾ ਕਿਉਂ ਜ਼ਰੂਰੀ ਸੀ?
(ੳ) ਅਧੂਰਾ ਬਣਾਉਣ ਲਈ
(ਅ) ਸੰਪੂਰਨ ਬਣਾਉਣ ਲਈ
(ੲ) ਸੋਹਣਾ ਬਣਾਉਣ ਲਈ
(ਸ) ਬਦਸੂਰਤ ਬਣਾਉਣ ਲਈ
ਪ੍ਰਸ਼ਨ 4 . ‘ਅਧੂਰੇਪਨ’ ਸ਼ਬਦ ਦਾ ਅਰਥ ਦੱਸੋ।
(ੳ) ਸੰਪੂਰਨ
(ਅ) ਜਿਸ ਵਿੱਚ ਕੋਈ ਕਮੀ ਹੋਵੇ
(ੲ) ਸ਼੍ਰੇਸ਼ਟ
(ਸ) ਕਮਜ਼ੋਰ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਮਨੁੱਖ ਨੂੰ ਸੰਵਾਰਨਾ
(ਅ) ਮਨੁੱਖ ਨੂੰ ਸਜਾਉਣਾ
(ੲ) ਮਨੁੱਖ ਨੂੰ ਮਹਾਨ ਬਣਾਉਣਾ
(ਸ) ਮਨੁੱਖ ਨੂੰ ਮਨੁੱਖ ਬਣਾਉਣਾ