ਅਣਡਿੱਠਾ ਪੈਰਾ : ਭੰਗੀ ਮਿਸਲ


ਰਣਜੀਤ ਸਿੰਘ ਦੀ ਸ਼ਕਤੀ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ। ਇਸ ਮਿਸਲ ਵਿੱਚ ਪੰਜਾਬ ਦੇ ਦੋ ਸਭ ਤੋਂ ਮਹੱਤਵਪੂਰਨ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਇਸ ਮਿਸਲ ਦੇ ਅਧੀਨ ਗੁਜਰਾਤ ਅਤੇ ਸਿਆਲਕੋਟ ਦੇ ਇਲਾਕੇ ਵੀ ਸਨ।

1797 ਈ. ਵਿੱਚ ਲਾਹੌਰ ‘ਤੇ ਤਿੰਨ ਭੰਗੀ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ, ਅੰਮ੍ਰਿਤਸਰ ਵਿੱਚ ਗੁਲਾਬ ਸਿੰਘ, ਸਿਆਲਕੋਟ ਵਿੱਚ ਜੀਵਨ ਸਿੰਘ ਅਤੇ ਗੁਜਰਾਤ ਵਿੱਚ ਸਾਹਿਬ ਸਿੰਘ ਭੰਗੀ ਦਾ ਸ਼ਾਸਨ ਸੀ। ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫ਼ੀਮ ਖਾਣ ਦਾ ਬਹੁਤ ਸ਼ੌਕ ਸੀ। ਉਹ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ।

ਪਰਜਾ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਬਹੁਤ ਤੰਗ ਸੀ। ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨੇ ਤਾਂ ਦੂਜੇ ਭੰਗੀ ਸਰਦਾਰਾਂ ਨਾਲ ਹੀ ਲੜਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਇਹ ਮਿਸਲ ਦਿਨੋ-ਦਿਨ ਤੇਜ਼ੀ ਨਾਲ ਪਤਨ ਵੱਲ ਜਾਣ ਲੱਗੀ ।


ਪ੍ਰਸ਼ਨ 1. ਭੰਗੀ ਮਿਸਲ ਦਾ ਇਹ ਨਾਂ ਕਿਉਂ ਪਿਆ?

ਉੱਤਰ : ਭੰਗੀ ਮਿਸਲ ਦਾ ਇਹ ਨਾਂ ਇੱਥੋਂ ਦੇ ਸ਼ਾਸਕਾਂ ਦੇ ਭੰਗ ਪੀਣ ਕਾਰਨ ਪਿਆ।

ਪ੍ਰਸ਼ਨ 2. ਭੰਗੀ ਮਿਸਲ ਦਾ ਸ਼ਾਸਨ ਕਿਹੜੇ ਸ਼ਹਿਰਾਂ ਵਿੱਚ ਸੀ?

ਉੱਤਰ : ਭੰਗੀ ਮਿਸਲ ਦਾ ਸ਼ਾਸਨ ਲਾਹੌਰ, ਅੰਮ੍ਰਿਤਸਰ, ਸਿਆਲਕੋਟ ਅਤੇ ਗੁਜਰਾਤ ਵਿੱਚ ਸੀ।

ਪ੍ਰਸ਼ਨ 3. ਭੰਗੀ ਸ਼ਾਸਕਾਂ ਦਾ ਸ਼ਾਸਨ ਕਿਹੋ ਜਿਹਾ ਸੀ?

ਉੱਤਰ : (i) ਭੰਗੀ ਸ਼ਾਸਕ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ।

(ii) ਉਹ ਪਰਜਾ ‘ਤੇ ਬਹੁਤ ਅੱਤਿਆਚਾਰ ਕਰਦੇ ਸਨ।

ਪ੍ਰਸ਼ਨ 4. ਕਿੱਥੋਂ ਦੇ ਭੰਗੀ ਸ਼ਾਸਕ ਨੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਸੀ?

ਉੱਤਰ : ਗੁਜਰਾਤ ਦੇ ਸ਼ਾਸਕ ਸਾਹਿਬ ਸਿੰਘ ਨੇ ਦੂਸਰੇ ਭੰਗੀ ਸ਼ਾਸਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਸੀ।