ਅਣਡਿੱਠਾ ਪੈਰਾ – ਭਾਈ ਗੁਰਦਾਸ ਜੀ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਭਾਈ ਗੁਰਦਾਸ ਜੀ ਦੀ ਸ਼ਖ਼ਸੀਅਤ ਬਹੁਤ ਉੱਚੀ ਸੀ। ਹਰ ਜਗ੍ਹਾ ਹਰ ਮੌਕੇ ਉੱਤੇ ਆਪ ਦਾ ਪ੍ਰਭਾਵ ਅਤਿ ਡੂੰਘਾ ਪੈਂਦਾ ਸੀ। ਆਪ ਦੀ ਪਦਵੀ ਗੁਰਸਿੱਖਾਂ ਤੇ ਵਿਦਵਾਨਾਂ ਵਿੱਚ ਬਹੁਤ ਉੱਘੀ ਸੀ। ਆਪ ਦੇ ਅੰਤਰ-ਆਤਮੇ ਵਿੱਚ ਸਤਿਗੁਰੂ ਜੀ ਆਪ ਵਸਦੇ ਸਨ। ਗੁਰਬਾਣੀ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਉਸ ਉੱਤੇ ਅਮਲ ਕਰਦੇ ਸਨ। ਦੇਸ਼-ਦੇਸ਼ਾਂਤਰਾਂ ਵਿੱਚ ਗੂੜ ਰਸ ਮਾਣਦੇ, ਵਿਚਾਰਦੇ, ਬਹੁਤ ਦੁਨੀਆ ਨੂੰ ਦੇਖਦੇ, ਸਮਝਦੇ ਤਜ਼ਰਬੇਕਾਰ ਗੁਰੂ-ਸੇਵਕ ਸਨ। ਆਪ ਕੁਦਰਤ ਤੇ ਉਸ ਦੇ ਵਿਸਮਾਦ ਵਿੱਚ ਝੂਮਦੇ, ਗੁਰੂ ਜੀ ਦੇ ਨਿਕਟਵਰਤੀ ਸ਼ਰਧਾਲੂ ਵਿਦਵਾਨ ਕਵੀ ਸਨ। ਆਪ ਦੀ ਕਵਿਤਾ ਸੁਤੇ ਸਿੱਧ ਹੀ ਸਿਫ਼ਤ ਸਲਾਹ ਅਤੇ ਗੁਣਾਂ ਦਾ ਵਰਣਨ ਕਰਨ ਵਾਲੀ ਤੇ ਰਸਦਾਇਕ ਸੀ। ਸਤਿਗੁਰੂ ਜੀ ਆਪ ਸਮੇਂ-ਸਮੇਂ ਸਿਰ ਇਹਨਾਂ ਦੀ ਕਵਿਤਾ ਸੁਣਦੇ, ਟੀਕਾ, ਟਿੱਪਣੀ ਕਰਦੇ ਅਤੇ ਹੋਰ ਚੰਗਿਆਈਆਂ ਦੀ ਰੰਗਤ ਦਿੰਦੇ। ਸਤਿਗੁਰੂ ਜੀ ਨੇ ਭਾਈ ਸਾਹਿਬ ਨੂੰ ਪੂਰਨ ਕਲਾਕਾਰ ਬਣਾਉਣ ਦੀ ਬਖ਼ਸ਼ਸ਼ ਕੀਤੀ। ਕਈ ਵਰ ਦਿੱਤੇ, ਇਨਾਮ ਬਖ਼ਸ਼ੇ, ਉਤਸ਼ਾਹ ਦਿੱਤਾ ਤੇ ਵਡਿਆਈ ਕੀਤੀ। ਆਪ ਜੀ ਦੀ ਕਵਿਤਾ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਬਖ਼ਸ਼ਿਆ।


ਪ੍ਰਸ਼ਨ 1. ਭਾਈ ਜੀ ਦੀ ਰਚਨਾ ਕਿਹੋ ਜਿਹੀ ਸੀ?

ਪ੍ਰਸ਼ਨ 2. ਭਾਈ ਗੁਰਦਾਸ ਜੀ ਕਿਹੋ ਜਿਹੀ ਸ਼ਖ਼ਸੀਅਤ ਦੇ ਧਾਰਨੀ ਸਨ?

ਪ੍ਰਸ਼ਨ 3. ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੀ ਹੋਣ ਦਾ ਮਾਣ ਪ੍ਰਾਪਤ ਹੈ?

ਪ੍ਰਸ਼ਨ 4. ਕਿਸ ਨੇ ਭਾਈ ਗੁਰਦਾਸ ਜੀ ਨੂੰ ਪੂਰਨ ਕਲਾਕਾਰ ਬਣਾਉਣ ਦੀ ਬਖ਼ਸ਼ਸ਼ ਕੀਤੀ?

ਪ੍ਰਸ਼ਨ 5. ਭਾਈ ਗੁਰਦਾਸ ਜੀ ਕਿਸ ਤਰ੍ਹਾਂ ਦੇ ਗੁਰੂ-ਸੇਵਕ ਸਨ?