ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ। ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ।
ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ। ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ, ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ।
ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ। ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ। ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪ੍ਰਸ਼ਨ. ਅਬਦੁਸ ਸਮਦ ਖ਼ਾਂ ਕੌਣ ਸੀ?
ਉੱਤਰ : (i) ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ।
(ii) ਉਹ ਇਸ ਅਹੁਦੇ ‘ਤੇ 1713 ਈ. ਵਿੱਚ ਨਿਯੁਕਤ ਹੋਇਆ ਸੀ ਅਤੇ 1726 ਈ. ਤਕ ਰਿਹਾ।
ਪ੍ਰਸ਼ਨ. ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਕਿਸ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ?
ਉੱਤਰ : ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ।
ਪ੍ਰਸ਼ਨ. ਗੁਰਦਾਸ ਨੰਗਲ ਦੀ ਲੜਾਈ ਕਿੰਨੀ ਦੇਰ ਤਕ ਚੱਲੀ?
ਉੱਤਰ : ਗੁਰਦਾਸ ਨੰਗਲ ਦੀ ਲੜਾਈ 8 ਮਹੀਨਿਆਂ ਤਕ ਚੱਲੀ।
ਪ੍ਰਸ਼ਨ. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਕਿਹੜਾ ਸਾਥੀ ਉਸ ਦਾ ਸਾਥ ਛੱਡ ਗਿਆ?
ਉੱਤਰ : ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥੀ ਬਾਬਾ ਬਿਨੋਦ ਸਿੰਘ ਉਸ ਦਾ ਸਾਥ ਛੱਡ ਗਿਆ ਸੀ।