ਅਣਡਿੱਠਾ ਪੈਰਾ : ਬੰਦਾ ਸਿੰਘ ਬਹਾਦਰ
ਹੇਠ ਲਿਖੇ ਅਣਡਿੱਠੇ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਅਠਾਰ੍ਹਵੀਂ ਸਦੀ ਵਿੱਚ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇੱਕ ਸੂਰਬੀਰ ਯੋਧੇ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ,1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਜੌਰੀ ਵਿਖੇ ਹੋਇਆ। ਇਹ ਪਿੰਡ ਜੰਮੂ-ਪੁਣਛ ਸੜਕ ਉੱਤੇ ਪਠਾਨਕੋਟ ਤੋਂ 172 ਮੀਲ ਤੇ ਜੰਮੂ ਤੋਂ 102 ਮੀਲ ਦੀ ਵਿੱਥ ਤੇ ਸਥਿਤ ਹੈ। ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਨ੍ਹਾਂ ਦੇ ਪਿਤਾ ਰਾਮਦੇਵ (ਭਾਰਦਵਾਜ ਰਾਜਪੂਤ) ਇੱਕ ਸਧਾਰਨ ਕਿਸਾਨ ਸਨ। ਲਛਮਣ ਦਾਸ ਦੇ ਭਾਗਾਂ ਵਿੱਚ ਰਸਮੀ ਵਿੱਦਿਆ ਨਹੀਂ ਸੀ ਪਰ ਛੋਟੀ ਉਮਰੇ ਹੀ ਉਹ ਇੱਕ ਚੰਗੇ ਘੋੜ-ਸਵਾਰ, ਪੱਕੇ ਨਿਸ਼ਾਨੇਬਾਜ਼ ਤੇ ਚੰਗੇ ਸ਼ਿਕਾਰੀ ਬਣ ਗਏ ਸਨ। ਉਨ੍ਹਾਂ ਅਜੇ ਜਵਾਨੀ ਵਿੱਚ ਪੈਰ ਧਰਿਆ ਹੀ ਸੀ ਕਿ 15 ਸਾਲ ਦੀ ਉਮਰੇ ਉਨ੍ਹਾਂ ਪਾਸੋਂ ਇੱਕ ਸ਼ਿਕਾਰ ਦੌਰਾਨ ਗਰਭਵਤੀ ਹਿਰਨੀ ਮਾਰੀ ਗਈ। ਇਸ ਦੁਖਦਾਇਕ ਘਟਨਾ ਨੇ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਤੇ ਉਹ ਘਰ ਬਾਰ ਤਿਆਗ ਕੇ ਬੈਰਾਗੀ ਬਣ ਗਏ।
ਪ੍ਰਸ਼ਨ 1. ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਛੋਟੀ ਉਮਰ ਵਿੱਚ ਉਸਨੇ ਕਿਹੜੇ ਗੁਣ ਸਿੱਖ ਲਏ ਸਨ?
ਪ੍ਰਸ਼ਨ 2. ਕਿਸ ਘਟਨਾ ਨੇ ਉਸਦੇ ਮਨ ਉੱਤੇ ਡੂੰਘਾ ਅਸਰ ਪਾਇਆ?
ਪ੍ਰਸ਼ਨ 3. ਉਸ ਦਾ ਬਚਪਨ ਦਾ ਨਾਂ ਕੀ ਸੀ? ਉਸਦੇ ਪਿਤਾ ਕੌਣ ਸਨ? ਬੰਦਾ ਸਿੰਘ ਬਹਾਦਰ ਨੇ ਕਿੰਨੀ ਉਮਰ ਵਿੱਚ ਸ਼ਿਕਾਰ ਕੀਤਾ ਸੀ?