CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਫ਼ਿਰੋਜ਼ਪੁਰ


ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ। ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ। ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ।

ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ। ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ। ਪਰ ਹੁਣ ਸਥਿਤੀ ਬਦਲ ਚੁੱਕੀ ਸੀ। ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ। ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ।

1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ। ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਨੂੰ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ।


ਪ੍ਰਸ਼ਨ 1. ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ?

ਉੱਤਰ : (i) ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਨੂੰ ਨੇੜਿਉਂ ਵੇਖ ਸਕਦੇ ਸਨ।

(ii) ਉਹ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਕੇ ਪੰਜਾਬ ਨੂੰ ਘੇਰਾ ਪਾ ਸਕਦੇ ਸਨ।

ਪ੍ਰਸ਼ਨ 2. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ?

ਉੱਤਰ : ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ ਸੀ।

ਪ੍ਰਸ਼ਨ 3. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਕਦੋਂ ਇੱਕ ਸੈਨਿਕ ਛਾਉਣੀ ਸਥਾਪਿਤ ਕੀਤੀ?

ਉੱਤਰ : ਅੰਗਰੇਜ਼ਾਂ ਨੇ 1838 ਈ. ਵਿੱਚ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰ ਲਈ ਸੀ।

ਪ੍ਰਸ਼ਨ 4. ਕੀ ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਅੰਗਰੇਜ਼ਾਂ ਅੱਗੇ ਝੁੱਕ ਗਏ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਨਿਰਸੰਦੇਹ ਅੰਗਰੇਜ਼ਾਂ ਅੱਗੇ ਝੁੱਕ ਗਏ ਸਨ।