ਅਣਡਿੱਠਾ ਪੈਰਾ – ਪੰਜ ਪਿਆਰੇ
ਗਊਆਂ ਸ਼ੇਰ ਬਣੀਆਂ ਅਰਥਾਤ ਪੰਜ ਪਿਆਰੇ
ਉਸ ਸਮੇਂ ਹਿੰਦ ਵਾਸੀ ਗਊਆਂ ਦੇ ਇੱਕ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸ਼ਨ ਅਤੇ ਉਨ੍ਹਾਂ ‘ਤੇ ਕੋਈ ਨਾ ਕੋਈ ਸ਼ੇਰ ਆ ਪੈਂਦਾ ਸੀ। ਇਨ੍ਹਾਂ ਦੇ ਬਚਾਓ ਲਈ ਕਈਆਂ ਨੇ ਜਤਨ ਕੀਤੇ। ਕਈਆਂ ਨੇ ਇਨ੍ਹਾਂ ਦੇ ਦੁਆਲੇ ਜਾਤ – ਪਾਤ ਤੇ ਛੂਤ – ਛਾਤ ਦੀਆਂ ਕੰਧਾਂ ਉਸਾਰ ਕੇ ਵਰਨ ਆਸ਼ਰਮ ਦੀ ਕਿਲ੍ਹੇਬੰਦੀ ਕਰ ਦਿੱਤੀ। ਇਹ ਸਾਧਨ ਮੁੱਦਤਾਂ ਤੱਕ ਹਿੰਦੂਆਂ ਨੂੰ ਖੇਰੂੰ – ਖੇਰੂੰ ਹੋਣ ਤੋਂ ਬਚਾਉਂਦੇ ਰਹੇ ਪਰ ਜਦੋਂ ਵੀ ਇਹ ਗਊਆਂ ਕਿਲ੍ਹੇ ਤੋਂ ਬਾਹਰ ਆਉਂਦੀਆਂ, ਕਿਸੇ ਨਾ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਜੀ ਨੇ ਇੱਕ ਸੱਚੇ ਆਗੂ ਦੀ ਇਸ ਤਰ੍ਹਾਂ ਇਨ੍ਹਾਂ ਦੇ ਬਚਾਓ ਦਾ ਪੱਕਾ ਸਦੀਵੀ ਪ੍ਰਬੰਧ ਕਰਨ ਦੀ ਸਲਾਹ ਕੀਤੀ। ਇਨ੍ਹਾਂ ਗਊਆਂ ਨੂੰ ਸ਼ੇਰ ਬਣਾਉਣ ਦਾ ਖ਼ਿਆਲ ਕੀਤਾ ਤਾਂ ਕਿ ਅੰਦਰਲੀਆਂ – ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿੱਖ ਇਤਿਹਾਸ ਵਿੱਚ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਇਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਉੱਪਰ – ਥੱਲੀ ਦਸ ਆਗੂਆਂ ਦੀ ਅਮਲੀ ਸਿੱਖਿਆ ਤੇ ਅਗਵਾਈ ਨਾਲ਼ ਤਕੜੇ ਹੁੰਦੇ ਹੋਏ ਅਤੇ ਸੰਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਭਾਵ ਗਊਆਂ ਸ਼ੇਰ ਬਣ ਗਈਆਂ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਕਿਹੜੇ – ਕਿਹੜੇ ਸਾਧਨ ਹਿੰਦੂਆਂ ਨੂੰ ਲੰਮਾ ਸਮਾਂ ਖੇਰੂ – ਖੇਰੂ ਹੋਣ ਤੋਂ ਬਚਾਉਂਦੇ ਰਹੇ ਸਨ?
ਪ੍ਰਸ਼ਨ 2 . ਗੁਰੂ ਨਾਨਕ ਦੇਵ ਜੀ ਨੇ ਕੀ ਸਲਾਹ ਕੀਤੀ ਸੀ?
ਪ੍ਰਸ਼ਨ 3 . ਗਊਆਂ ਨੂੰ ਕਿਸ ਗੁਰੂ ਨੇ ਸ਼ੇਰ ਬਣਾ ਦਿੱਤਾ ਤੇ ਕਿਵੇਂ?
ਪ੍ਰਸ਼ਨ 4 . ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।
ਵੱਗ, ਨਿਹੱਥੇ ਤੇ ਨਿਤਾਣੇ, ਵਰਨ ਆਸ਼ਰਮ, ਮੁੱਦਤਾਂ, ਸਦੀਵੀ, ਹੀਆ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?