ਅਣਡਿੱਠਾ ਪੈਰਾ : ਪੰਜਾਬ ਦੇ ਇਤਿਹਾਸਿਕ ਸੋਮੇ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ, ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ। ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ। 18ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਵਿਆਪਕ ਅਰਾਜਕਤਾ ਦੇ ਦੌਰਾਨ ਅਨੇਕਾਂ ਹੁਕਮਨਾਮੇ ਨਸ਼ਟ ਹੋ ਗਏ। ਹੁਣ ਤਕ 89 ਹੁਕਮਨਾਮੇ ਉਪਲਬਧ ਹਨ। ਇਨ੍ਹਾਂ ਵਿਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ। ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ।


ਪ੍ਰਸ਼ਨ 1. ਹੁਕਮਨਾਮਿਆਂ ਤੋਂ ਕੀ ਭਾਵ ਹੈ?

ਪ੍ਰਸ਼ਨ 2. ਹੁਕਮਨਾਮੇ ਕਿਉਂ ਜਾਰੀ ਕੀਤੇ ਜਾਂਦੇ ਹਨ?

ਪ੍ਰਸ਼ਨ 3. ਪੰਜਾਬ ਦੇ ਕਿਸ ਪ੍ਰਸਿੱਧ ਇਤਿਹਾਸਕਾਰ ਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ?

ਪ੍ਰਸ਼ਨ 4. ਹੁਕਮਨਾਮਿਆਂ ਦੇ ਕੋਈ ਦੋ ਮਹੱਤਵ ਦੱਸੋ।