ਅਣਡਿੱਠਾ ਪੈਰਾ : ਪੰਜਾਬ ਦੇ ਇਤਿਹਾਸਿਕ ਸੋਮੇ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ। 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਹੋਈ। ਇਹ ਜਨਮ ਸਾਖੀਆਂ ਪੰਜਾਬੀ ਵਿੱਚ ਲਿਖੀਆਂ ਗਈਆਂ ਹਨ। ਇਹ ਜਨਮ ਸਾਖੀਆਂ ਇਤਿਹਾਸ ਦੇ ਵਿਦਿਆਰਥੀਆਂ ਲਈ ਨਹੀਂ ਸਗੋਂ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਲਿਖੀਆਂ ਗਈਆਂ ਸਨ। ਇਨ੍ਹਾਂ ਜਨਮ ਸਾਖੀਆਂ ਵਿੱਚ ਅਨੇਕਾਂ ਦੋਸ਼ ਹਨ। ਪਹਿਲਾ, ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਦੂਸਰਾ, ਇਨ੍ਹਾਂ ਜਨਮ ਸਾਖੀਆਂ ਵਿੱਚ ਘਟਨਾਵਾਂ ਅਤੇ ਤਿਥੀਆਂ ਦੇ ਵੇਰਵੇ ਵਿੱਚ ਅੰਤਰ ਹੈ। ਤੀਸਰਾ, ਇਹ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਕਾਫ਼ੀ ਸਮਾਂ ਮਗਰੋਂ ਲਿਖੀਆਂ ਗਈਆਂ। ਚੌਥਾ, ਇਨ੍ਹਾਂ ਵਿੱਚ ਤੱਥਾਂ ਅਤੇ ਮਿਥਿਹਾਸ ਦਾ ਮਿਸ਼ਰਨ ਹੈ। ਇਨ੍ਹਾਂ ਦੋਸ਼ਾਂ ਦੇ ਬਾਵਜੂਦ ਇਹ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਮਹੱਤਵਪੂਰਨ ਚਾਨਣਾ ਪਾਉਂਦੀਆਂ ਹਨ।
ਪ੍ਰਸ਼ਨ 1. ਜਨਮ ਸਾਖੀਆਂ ਤੋਂ ਕੀ ਭਾਵ ਹੈ?
ਪ੍ਰਸ਼ਨ 2. ਜਨਮ ਸਾਖੀਆਂ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ ਹੈ?
ਪ੍ਰਸ਼ਨ 3. ਕਿਸੇ ਦੋ ਜਨਮ ਸਾਖੀਆਂ ਦੇ ਨਾਂ ਦੱਸੋ।
ਪ੍ਰਸ਼ਨ 4. ਜਨਮ ਸਾਖੀਆਂ ਦੇ ਕੋਈ ਦੋ ਦੋਸ਼ ਲਿਖੋ।