ਅਣਡਿੱਠਾ ਪੈਰਾ : ਪੰਜਾਬ ਦੇ ਇਤਿਹਾਸਿਕ ਸੋਮੇ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ। ਇਸ ਦਾ ਸੰਕਲਨ ਮੁੱਖ ਤੌਰ ‘ਤੇ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਨ ਲਈ ਕੀਤਾ ਗਿਆ ਸੀ। ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ’ਤੇ ਵਰਣਨਯੋਗ ਹਨ। ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ। ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ – ਕਥਾ ਹੈ। ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ‘ਤੇ ਕੀਤੀ ਸੀ। ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ।
ਪ੍ਰਸ਼ਨ 1. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ?
ਪ੍ਰਸ਼ਨ 2. ਬਚਿੱਤਰ ਨਾਟਕ ਕੀ ਹੈ?
ਪ੍ਰਸ਼ਨ 3. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਕੀ ਹੈ?
ਪ੍ਰਸ਼ਨ 4. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਵਿੱਚ ਕੀ ਲਿਖਿਆ?