ਅਣਡਿੱਠਾ ਪੈਰਾ – ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਤਿਹਾਸ ‘ਤੇ ਪ੍ਰਭਾਵ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪੰਜਾਬ ਨੂੰ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ । ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ । ਇਹ ਨਾਂ ਪੰਜਾਬ ਵਿੱਚ ਵਹਿਣ ਵਾਲੇ ਸੱਤ ਦਰਿਆਵਾਂ ਕਾਰਨ ਪਿਆ । ਇਹ ਸੱਤ ਦਰਿਆ ਸਨ – ਸਿੰਧ, ਵਿਤਸਤਾ (ਜੇਹਲਮ), ਅਧਿਕਨੀ (ਚਨਾਬ), ਪਰੂਸ਼ਨੀ (ਰਾਵੀ), ਵਿਆਸ (ਬਿਆਸ), ਸ਼ਤੁਦਰੀ (ਸਤਲੁਜ) ਅਤੇ ਸਰਸਵਤੀ । ਉਸ ਸਮੇਂ ਸਿੰਧ ਅਤੇ ਸਰਸਵਤੀ ਪੰਜਾਬ ਦੀਆਂ ਬਾਹਰਲੀਆਂ ਹੱਦਾਂ ਗਿਣੀਆਂ ਜਾਂਦੀਆਂ ਸਨ । ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਪੰਚਨਦ’ ਕਿਹਾ ਗਿਆ ਹੈ । ਪੰਚਨਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ । ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ‘ਪੈਂਟਾਪੋਟਾਮੀਆ’ ਰੱਖਿਆ । ਪੈਂਟਾ ਤੋਂ ਅਰਥ ਸੀ ਪੰਜ ਅਤੇ ਪੋਟਾਮੀਆ ਦਾ ਅਰਥ ਸੀ ਦਰਿਆ । ਇਸ ਤਰ੍ਹਾਂ ਯੂਨਾਨੀਆਂ ਨੇ ਵੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਹੀ ਧਰਤੀ ਕਿਹਾ । ਮੌਰੀਆ ਕਾਲ ਵਿੱਚ ਅਫ਼ਗਾਨਿਸਤਾਨ ਅਤੇ ਬਲੋਚਿਸਤਾਨ ਦੇ ਇਲਾਕੇ ਵੀ ਪੰਜਾਬ ਵਿੱਚ ਸ਼ਾਮਲ ਕਰ ਲਏ ਗਏ ਸਨ ਜਿਸ ਕਾਰਨ ਇਸ ਦੀ ਉੱਤਰ-ਪੱਛਮੀ ਹੱਦ ਹਿੰਦੂਕੁਸ਼ ਪਰਬਤ ਤਕ ਪਹੁੰਚ ਗਈ ਸੀ। ਪੰਜਾਬ ਵਿੱਚ ਕਈ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ਜਿਸ ਕਾਰਨ ਪੰਜਾਬ ਨੂੰ ‘ਟੱਕ ਦੇਸ਼’ ਕਿਹਾ ਜਾਣ ਲੱਗ ਪਿਆ।
ਪ੍ਰਸ਼ਨ 1. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?
ਪ੍ਰਸ਼ਨ 2. ਪੰਚਨਦ ਤੋਂ ਕੀ ਭਾਵ ਹੈ?
ਪ੍ਰਸ਼ਨ 3. ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸ ਨੇ ਦਿੱਤਾ?
ਪ੍ਰਸ਼ਨ 4. ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?