ਅਣਡਿੱਠਾ ਪੈਰਾ : ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਤਿਹਾਸ’ਤੇ ਪ੍ਰਭਾਵ

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਪੰਜਾਬ ਨੂੰ ਨਾ ਸਿਰਫ ਭਾਰਤ ਬਲਕਿ ਸੰਸਾਰ ਨੂੰ ਕਈ ਖੇਤਰਾਂ ਵਿੱਚ ਅਣਮੋਲ ਦੇਣਾਂ ਦੇਣ ਦਾ ਮਾਣ ਪ੍ਰਾਪਤ ਹੈ । ਅੱਜ ਤੋਂ ਲਗਭਗ ਪੰਜ ਹਜ਼ਾਰ ਵਰ੍ਹੇ ਪਹਿਲਾਂ ਇਸ ਧਰਤੀ ‘ਤੇ ਹੀ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਗੌਰਵਮਈ ਸਭਿਅਤਾ ਸਿੰਧ ਘਾਟੀ ਸਭਿਅਤਾ ਦਾ ਜਨਮ ਹੋਇਆ । ਇਸ ਦੀ ਗਿਣਤੀ ਸੰਸਾਰ ਦੀਆਂ ਮਹਾਨ ਸਭਿਅਤਾਵਾਂ ਵਿੱਚ ਕੀਤੀ ਜਾਂਦੀ ਹੈ । ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ । ਰਾਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ । ਮਹਾਂਭਾਰਤ ਦਾ ਯੁੱਧ ਵੀ ਇਸ ਧਰਤੀ ‘ਤੇ ਲੜਿਆ ਗਿਆ ਸੀ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ। ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵ-ਵਿਦਿਆਲਾ ਅਤੇ ਗੰਧਾਰ ਕਲਾ ਦਾ ਕੇਂਦਰ ਇੱਥੇ ਹੀ ਸਥਾਪਿਤ ਸਨ। ਇਸ ਧਰਤੀ ਨੂੰ ਕੋਟਿਲਯ, ਚਰਕ ਅਤੇ ਪਾਣਿਨੀ ਵਰਗੇ ਮਹਾਨ ਵਿਦਵਾਨਾਂ ਨੂੰ ਜਨਮ ਦੇਣ ਦਾ ਮਾਣ ਪ੍ਰਾਪਤ ਹੈ। ਇਸੇ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦੇ ਪਹਿਲੇ ਸਾਮਰਾਜ ਦੀ ਸਥਾਪਨਾ ਕੀਤੀ। ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਵੀ ਇੱਥੇ ਹੀ ਲੜੀਆਂ ਗਈਆਂ।


ਪ੍ਰਸ਼ਨ 1. ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਅਤਾ ਦਾ ਨਾਂ ਕੀ ਹੈ?

ਪ੍ਰਸ਼ਨ 2. ਰਿਗਵੇਦ ਦੀ ਰਚਨਾ ਕਿਸ ਨੇ ਕੀਤੀ ਸੀ?

ਪ੍ਰਸ਼ਨ 3. ਗੀਤਾ ਦਾ ਸੰਦੇਸ਼ ਕਿਸ ਨੇ ਦਿੱਤਾ ਸੀ?

ਪ੍ਰਸ਼ਨ 4. ਭਾਰਤੀ ਇਤਿਹਾਸ ਵਿੱਚ ਪੰਜਾਬ ਦੇ ਕੋਈ ਦੋ ਮਹੱਤਵ ਦੱਸੋ।