ਅਣਡਿੱਠਾ ਪੈਰਾ : ਪਾਨੀਪਤ ਦੀ ਤੀਸਰੀ ਲੜਾਈ
14 ਜਨਵਰੀ, 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ। ਇਹ ਯੁੱਧ ਬਹੁਤ ਘਮਸਾਨ ਸੀ। ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ। ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ।
ਸਦਾਸ਼ਿਵ ਰਾਓ ਭਾਊ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ। ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹਾਥੀ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ। ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ।
ਅਬਦਾਲੀ ਦੇ ਸੈਨਿਕਾਂ ਨੇ ਇਹ ਸੁਨਹਿਰੀ ਮੌਕਾ ਵੇਖ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਭਾਰੀ ਤਬਾਹੀ ਮਚਾਈ। ਇਸ ਯੁੱਧ ਵਿੱਚ ਮਰਾਠਿਆਂ ਦੇ ਲਗਭਗ ਸਾਰੇ ਪ੍ਰਸਿੱਧ ਨੇਤਾ ਅਤੇ 28,000 ਹੋਰ ਸੈਨਿਕ ਮਾਰੇ ਗਏ। ਹਜ਼ਾਰਾਂ ਮਰਾਠਾ ਸੈਨਿਕ ਜ਼ਖ਼ਮੀ ਹੋਏ ਅਤੇ ਕਈ ਹਜ਼ਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪ੍ਰਸ਼ਨ 1. ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ?
ਉੱਤਰ : ਪਾਨੀਪਤ ਦੀ ਤੀਸਰੀ ਲੜਾਈ 14 ਜਨਵਰੀ, 1761 ਈ. ਨੂੰ ਹੋਈ।
ਪ੍ਰਸ਼ਨ 2. ਵਿਸ਼ਵਾਸ ਰਾਓ ਕੌਣ ਸੀ?
ਉੱਤਰ : ਵਿਸ਼ਵਾਸ ਰਾਓ ਪੇਸ਼ਵਾ ਬਾਲਾਜੀ ਬਾਜੀ ਰਾਓ ਦਾ ਪੁੱਤਰ ਸੀ।
ਪ੍ਰਸ਼ਨ 3. ਸਦਾਸ਼ਿਵ ਰਾਓ ਭਾਊ ਕੌਣ ਸੀ?
ਉੱਤਰ : ਸਦਾਸ਼ਿਵ ਰਾਓ ਭਾਊ ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਿਆਂ ਦਾ ਸੈਨਾਪਤੀ ਸੀ।
ਪ੍ਰਸ਼ਨ 4. ਪਾਨੀਪਤ ਦੀ ਤੀਸਰੀ ਲੜਾਈ ਦੇ ਕੋਈ ਦੋ ਸਿੱਟੇ ਲਿਖੋ।
ਉੱਤਰ : (i) ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
(ii) ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ ਹੋਇਆ।