ਅਣਡਿੱਠਾ ਪੈਰਾ – ਪਾਣੀ ਦੇ ਸੋਮੇ

ਮਨੁੱਖੀ ਹੋਂਦ ਲਈ ਪਾਣੀ ਦੀ ਅਵੱਸ਼ ਲੋੜ ਹੈ। ਅਸਲ ਵਿੱਚ ਜੀਵਨ ਦਾ ਆਰੰਭ ਹੀ ਪਾਣੀ ਵਿੱਚੋਂ ਹੋਇਆ ਹੈ। ਆਦਿਕਲੀਨ ਮਨੁੱਖ ਪਾਣੀ ਦੀ ਲੋੜ ਕੁਦਰਤੀ ਸੋਮਿਆਂ ਜਿਵੇਂ ਦਰਿਆਵਾਂ ਜਾਂ ਝੀਲਾਂ ਤੋਂ ਪੂਰਾ ਕਰਦਾ ਸੀ। ਸਾਡੇ ਪਾਸ ਇਸ ਯੁੱਗ ਦੀ ਯਾਦਗਾਰ ‘ਘਾਟ’ ਦਾ ਸ਼ਬਦ ਹੈ, ਜਿਸ ਦਾ ਅਰਥ ਦਰਿਆ ਦਾ ਕੰਢਾ ਹੈ, ਅਰਥਾਤ ਪਾਣੀ ਭਰਨ ਤੇ ਨਹਾਉਣ – ਧੋਣ ਦੀ ਥਾਂ। ਇਸ ਤੋਂ ਇਲਾਵਾ ‘ਘਾਟ’ ਸ਼ਬਦ ਦਾ ਅਰਥ ਪੱਤਣ ਵੀ ਹੈ। ਪਾਣੀ ਭਰਨ ਵਾਲੀ ਥਾਂ ਲਈ ‘ਪਨਘਟ’ ਸ਼ਬਦ ਵੀ ਹੈ, ਜਿਸ ਦਾ ਜ਼ਿਆਦਾ ਸੰਬੰਧ ਹਿੰਦੀ ਨਾਲ ਹੈ।

ਉਂਞ ਪੰਜਾਬੀ ਵਿੱਚ ‘ਘਾਟ’ ਦੀ ਵਰਤੋਂ ਵੀ ਪਾਣੀ ਭਰਨ ਦੀ ਥਾਂ ਲਈ ਘੱਟ – ਵੱਧ ਹੀ ਹੁੰਦੀ ਹੈ, ਅਤੇ ਇਸ ਦੀਆਂ ਪੈੜਾਂ ਕੇਵਲ ਅਖਾਣਾਂ ਜਾਂ ਮੁਹਾਵਰਿਆਂ ਵਿੱਚ ਹੀ ਦਿਸਦੀਆਂ ਹਨ, ਜਿਵੇਂ ‘ਘਰ – ਘਾਟ’, ‘ਘਰ ਦਾ ਨਾ ਘਾਟ ਦਾ’ ਅਤੇ ‘ਘਾਟ – ਘਾਟ ਦਾ ਪਾਣੀ ਪੀਣਾ।’

ਘਰ ਦੇ ਟਾਕਰੇ ਘਾਟ ਦੀ ਵਰਤੋਂ ਤੋਂ ਇਸ ਦੀ ਮਹੱਤਤਾ ਦਾ ਭਲੀਭਾਂਤ ਪਤਾ ਲੱਗ ਜਾਂਦਾ ਹੈ। ਘਾਟ ਤੋਂ ਅੱਗੇ ਚੱਲ ਕੇ ਖੂਹ ਦੀ ਕਾਢ ਸੱਭਿਅਤਾ ਦੇ ਵਿਕਾਸ ਦੀ ਇੱਕ ਵੱਡੀ ਘਟਨਾ ਹੈ। ਪੰਜਾਬੀ ਜਨ – ਜੀਵਨ ਵਿੱਚ ਖੂਹ ਦੀ ਸੰਸਥਾ ਨਿਵੇਕਲੀ ਹੈ। ਸਮੇਂ ਦੇ ਹੋਰ ਅੱਗੇ ਵਧਣ ਨਾਲ ਖੂਹਾਂ ਦੀ ਥਾਂ ਨਲਕੇ ਮੱਲ ਲੈਂਦੇ ਹਨ ਅਤੇ ਅੱਜ – ਕੱਲ੍ਹ ਟੂਟੀਆਂ ਤੇ ਜਲ – ਘਰਾਂ ਦਾ ਬੋਲਬਾਲਾ ਹੈ। ਇਸ ਤਰ੍ਹਾਂ ਸਮੇਂ ਦੇ ਫੇਰ ਨਾਲ ਪਨਘਟ ਤੇ ਖੂਹਾਂ ਤੋਂ ਪਾਣੀ ਭਰਨ ਦਾ ਰਿਵਾਜ, ਜੋ ਜਨਾਨੀਆਂ ਦਾ ਕਿੱਤਾ ਸੀ, ਇੱਕ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਿਆ ਹੈ। ਬਾਂਕੀਆਂ ਨਾਰਾਂ ਦਾ ਖੂਹ ‘ਤੇ ਪਾਣੀ ਭਰਨਾ ਅਤੇ ਚਾਹਵਾਨ ਰਾਹੀਆਂ ਦਾ ਪਾਣੀ ਦਾ ਘੁੱਟ ਮੰਗਣਾ, ਸਾਡੇ ਲੋਕ – ਗੀਤਾਂ ਦਾ ਸਜੀਵ ਦ੍ਰਿਸ਼ ਹੈ।

ਪ੍ਰਸ਼ਨ 1 . ਮਨੁੱਖੀ ਹੋਂਦ ਲਈ ਕਿਹੜੀ ਲੋੜ ਨੂੰ ਜ਼ਰੂਰੀ ਦੱਸਿਆ ਗਿਆ ਹੈ?

() ਰੋਟੀ
() ਪਾਣੀ
() ਧਰਤੀ
() ਕੱਪੜੇ

ਪ੍ਰਸ਼ਨ 2 . ‘ਘਾਟ’ ਸ਼ਬਦ ਦੇ ਵੱਖ – ਵੱਖ ਅਰਥ ਦੱਸੋ।

() ਘਟਣਾ
() ਪੱਤਣ
() ਦਰਿਆ
() ਖੂਹ

ਪ੍ਰਸ਼ਨ 3 . ਘਾਟ ਤੋਂ ਬਾਅਦ ਪਾਣੀ ਦੀ ਪ੍ਰਾਪਤੀ ਲਈ ਮਨੁੱਖੀ ਸੱਭਿਅਤਾ ਨੇ ਕੀ – ਕੀ ਵਿਕਾਸ ਕੀਤਾ?

() ਤਲਾਬ
() ਛੱਪੜ
() ਨਲਕੇ ਅਤੇ ਟੂਟੀਆਂ
() ਵਰਖਾ

ਪ੍ਰਸ਼ਨ 4 . ‘ਅਵੱਸ਼’ ਸ਼ਬਦ ਦਾ ਅਰਥ ਦੱਸੋ।

() ਜ਼ਰੂਰੀ
() ਜ਼ਹਿਰ
() ਵੱਸ ਵਿੱਚ ਕਰਨਾ
() ਖਾਨਦਾਨ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਪਾਣੀ ਦੇ ਸੋਮੇ
() ਦਰਿਆਵਾਂ ਦਾ ਕੰਢਾ
() ਖੂਹਾਂ ਦੀ ਕਾਢ
() ਲੋਕ – ਗੀਤਾਂ ਦਾ ਸਜੀਵ ਦ੍ਰਿਸ਼