ਅਣਡਿੱਠਾ ਪੈਰਾ : ਪਹਾੜੀ ਚਿਤਰਕਾਰੀ
ਪਹਾੜੀ ਚਿਤਰਕਾਰੀ ਕਈ ਰੂਪਾਂ ਵਿਚ ਵਿਗਸੀ ਹੈ। ਇਕ ਤਾਂ ਸਿੱਧੇ ਚਿਤਰ ਹਨ, ਜੋ ਕਾਗ਼ਜ਼ ਉੱਤੇ ਬਣਾਏ ਜਾਂਦੇ ਹਨ। ਦੂਜਾ, ਕੰਧ ਚਿਤਰ ਹਨ, ਜੋ ਅਮੀਰਾਂ ਦੇ ਮਹਿਲਾਂ ਵਿਚ ਅਤੇ ਮੰਦਰਾਂ ਵਿਚ, ਕੰਧਾਂ ਉੱਤੇ ਉਕਰੇ ਹੋਏ ਮਿਲਦੇ ਹਨ। ਇਹ ਚਿਤਰ ਚੰਬਾ, ਕੁੱਲੂ, ਮੰਡੀ, ਧਮਤਲ, ਸੁਜਾਨਪੁਰ ਆਦਿ ਵਿਚ ਆਮ ਵੇਖੇ ਜਾ ਸਕਦੇ ਹਨ। ਤੀਜੇ ਸੈਂਚੀ ਚਿਤਰ ਹਨ, ਜੋ ਹੱਥ-ਲਿਖਤਾਂ ਦੇ ਪੰਨਿਆਂ ਵਿਚ ਅੰਕਿਤ ਮਿਲਦੇ ਹਨ। ਚਿਤਰਕਾਰੀ ਵਿਚ ਹਿਮਾਚਲ ਦੀ ਪਹਾੜੀ ਕਲਮ ਨੂੰ ਸੰਸਾਰ ਵਿਚ ਬੜੀ ਪ੍ਰਸਿੱਧਤਾ ਮਿਲੀ ਹੈ। ਹਰੇਕ ਇਲਾਕੇ ਦੀ ਆਪੋ ਆਪਣੀ ਨਵੇਕਲੀ ਸ਼ੈਲੀ ਹੈ ਅਤੇ ਇਲਾਕੇ ਦੇ ਸਾਰੇ ਚਿਤਰ ਵੱਖਰੀ ਸਥਾਨਕ ਨੁਹਾਰ ਕਾਰਨ ‘ਕਲਮ’ ਦੇ ਨਾਂ ਨਾਲ ਪ੍ਰਸਿੱਧ ਹੋਏ ਹਨ, ਜਿਵੇਂ ਕਾਂਗੜਾ ਕਲਮ, ਬਸੌਲੀ ਕਲਮ, ਚੰਬਾ ਕਲਮ, ਨੂਰਪੁਰ ਕਲਮ, ਬਿਲਾਸਪੁਰ ਕਲਮ, ਮੰਡੀ ਕਲਮ ਆਦਿ। ਕਲਮ ਦੇ ਨਾਂ ਹੇਠ 35 ਦੇ ਲਗਪਗ ਸ਼ੈਲੀਆਂ ਹਨ, ਜਿਨ੍ਹਾਂ ਦਾ ਸਮੂਹਿਕ ਨਾਉਂ ਚਿਤਰਕਾਰੀ ਦੀ ਪਹਾੜੀ ਕਲਮ ਹੈ। ਕਾਂਗੜੇ ਦੀ ਕਲਮ ਵਿਚ ਲਕੀਰਾਂ ਦੀ ਨਜ਼ਾਕਤ ਹੈ। ਨਿੱਕਾ-ਨਿੱਕਾ ਵਿਸਥਾਰ ਹੈ। ਔਰਤਾਂ ਦੇ ਚਿਤਰ ਖੂਬਸੂਰਤ ਹਨ। ਇਸ ਤਰ੍ਹਾਂ ਹਰ ਕਲਮ ਦੀ ਨੁਹਾਰ ਵੱਖਰੀ ਹੁੰਦੀ ਹੈ। ਕੋਈ ਕਲਮ ਬਿਰਤੀ ਵਿਚ ਸ਼ਿੰਗਾਰਮਈ ਹੈ, ਕੋਈ ਸੁਹਜ ਉੱਤੇ ਬਲ ਦਿੰਦੀ ਹੈ। ਚੰਬੇ ਦੇ ਰੁਮਾਲ ਵੀ ਕਲਾ ਦਾ ਇਕ ਉੱਤਮ ਨਮੂਨਾ ਹਨ। ਪੰਜਾਬ ਦੀ ਫੁਲਕਾਰੀ ਵਾਂਗ ਚੰਬੇ ਦੀਆਂ ਤੀਵੀਆਂ ਰੁਮਾਲ ਕੱਢਦੀਆਂ ਹਨ। ਚੰਬੇ ਵਿਚ ਮਰਦ ਜੋ ਕੁੱਝ ਬੁਰਸ਼ ਅਤੇ ਰੰਗਾਂ ਨਾਲ ਸਿਰਜਦੇ ਰਹੇ ਹਨ, ਉਹ ਕੁੱਝ ਇਸਤਰੀਆਂ, ਸੂਈ ਧਾਗੇ ਨਾਲ ਕੱਪੜੇ ਉੱਤੇ ਰਚਦੀਆਂ ਰਹੀਆਂ ਹਨ। ਰੁਮਾਲ ਦੀ ਬੁਣਤੀ ਦੋ ਰੁਖ਼ੀ ਹੁੰਦੀ ਹੈ। ਭਾਵ ਦੋਹਾਂ ਪਾਸਿਆਂ ਤੋਂ ਸਿੱਧੀ ਲਗਦੀ ਹੈ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਪਹਾੜੀ ਚਿਤਰਕਾਰੀ ਵਿਚ ਕਿੰਨੇ ਤਰ੍ਹਾਂ ਦੇ ਚਿਤਰ ਮਿਲਦੇ ਹਨ?
ਉੱਤਰ : ਪਹਾੜੀ ਚਿਤਰਕਾਰੀ ਦੇ ਕਈ ਰੂਪ ਹਨ : ਇਕ ਕਾਗ਼ਜ਼ਾਂ ਉੱਤੇ ਬਣੇ ਸਿੱਧੇ ਚਿਤਰ ਹਨ; ਦੂਜੇ ਕੰਧਾਂ ਉੱਤੇ ਬਣੇ ਚਿਤਰ ਹਨ; ਤੀਜੇ ਹੱਥ-ਲਿਖਤਾਂ ਦੇ ਪੰਨਿਆਂ ਉੱਤੇ ਬਣੇ ਚਿਤਰ ਹਨ।
ਪ੍ਰਸ਼ਨ (ਅ) ਪਹਾੜੀ ਚਿਤਰਕਾਰੀ ਦੇ ਨਮੂਨੇ ਕਿੱਥੇ ਦੇਖੇ ਜਾ ਸਕਦੇ ਹਨ?
ਉੱਤਰ : ਪਹਾੜੀ ਚਿਤਰਕਾਰੀ ਦੇ ਨਮੂਨੇ ਚੰਬਾ, ਕੁੱਲੂ, ਮੰਡੀ, ਧਮਤਲ ਤੇ ਸੁਜਾਨਪੁਰ ਆਦਿ ਵਿਚ ਦੇਖੇ ਜਾ ਸਕਦੇ ਹਨ।
ਪ੍ਰਸ਼ਨ (ੲ) ਕਿਸ ਤਰ੍ਹਾਂ ਦੀ ਚਿਤਰਕਾਰੀ ਸੰਸਾਰ ਵਿਚ ਪ੍ਰਸਿੱਧ ਹੋਈ ਹੈ?
ਉੱਤਰ : ਹਿਮਾਚਲ ਦੀ ਪਹਾੜੀ ਕਲਮ ਦੇ ਨਾਂ ਨਾਲ ਜਾਣੀ ਜਾਂਦੀ ਚਿਤਰਕਾਰੀ ਨੂੰ ਸੰਸਾਰ ਪ੍ਰਸਿੱਧੀ ਪ੍ਰਾਪਤ ਹੋਈ ਹੈ।
ਪ੍ਰਸ਼ਨ (ਸ) ਕਲਮ ਦੇ ਨਾਂ ਹੇਠ ਕਿੰਨੀਆਂ ਕੁ ਸ਼ੈਲੀਆਂ ਮਿਲਦੀਆਂ ਹਨ?
ਉੱਤਰ : ‘ਕਲਮ’ ਦੇ ਨਾਂ ਹੇਠ ਲਗਪਗ 35 ਸ਼ੈਲੀਆਂ ਮਿਲਦੀਆਂ ਹਨ, ਜਿਵੇਂ ਕਾਂਗੜਾ ਕਲਮ, ਬਸੌਲੀ ਕਲਮ, ਚੰਬਾ ਕਲਮ, ਬਿਲਾਸਪੁਰ ਕਲਮ, ਨੁਰਪੂਰ ਕਲਮ, ਮੰਡੀ ਕਲਮ ਆਦਿ।
ਪ੍ਰਸ਼ਨ (ਹ) ਕਾਂਗੜੇ ਦੀ ਕਲਮ ਬਾਰੇ ਵਿਸ਼ੇਸ਼ ਕੀ ਦੱਸਿਆ ਗਿਆ ਹੈ?
ਉੱਤਰ : ਕਾਂਗੜੇ ਦੀ ਕਲਮ ਵਿਚ ਲਕੀਰਾਂ ਦੀ ਨਜ਼ਾਕਤ ਹੈ। ਨਿੱਕਾ-ਨਿੱਕਾ ਵਿਸਥਾਰ ਹੈ। ਔਰਤਾਂ ਦੇ ਚਿਤਰ ਖ਼ੂਬਸੂਰਤ ਹਨ।
ਪ੍ਰਸ਼ਨ (ਕ) ਚੰਬੇ ਦੀ ਖ਼ਾਸ ਕਿਹੜੀ ਕਲਾ ਪ੍ਰਸਿੱਧ ਹੈ?
ਉੱਤਰ : ਪੰਜਾਬ ਦੀ ਫੁਲਕਾਰੀ ਕਲਾ ਵਾਂਗ ਚੰਬੇ ਦੀ ਰੁਮਾਲ-ਕਲਾ ਪ੍ਰਸਿੱਧ ਹੈ।