ਅਣਡਿੱਠਾ ਪੈਰਾ : ਪਰਿਵਾਰਿਕ ਰਿਸ਼ਤੇ
ਪਰਿਵਾਰ ਸਮਾਜ ਦੀ ਇੱਕ ਇਕਾਈ ਹੈ। ਪਰਿਵਾਰ ਵਿੱਚ ਛੋਟੇ ਅਤੇ ਵੱਡੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ। ਇਹਨਾਂ ਪਰਿਵਾਰਿਕ ਰਿਸ਼ਤਿਆਂ ਰਾਹੀਂ ਹੀ ਇਨਸਾਨ ਵੱਡਿਆਂ ਦਾ ਆਦਰ-ਸਤਿਕਾਰ ਅਤੇ ਛੋਟਿਆਂ ਨਾਲ ਪ੍ਰੇਮ-ਪਿਆਰ ਕਰਨਾ ਸਿੱਖਦਾ ਹੈ। ਪਰਿਵਾਰ ਵਿੱਚ ਮੁੱਖ ਰੂਪ ਵਿੱਚ ਤਿੰਨ-ਪੱਖੀ ਰਿਸ਼ਤੇ ਹੁੰਦੇ ਹਨ। ਪਹਿਲੇ ਪਿਤਾ ਵੱਲੋਂ, ਦੁਸਰੇ ਮਾਤਾ ਵੱਲੋਂ ਅਤੇ ਤੀਸਰੇ ਮਨੁੱਖ ਦੇ ਨਿੱਜੀ। ਪਰਿਵਾਰਿਕ ਰਿਸ਼ਤਿਆਂ ਵਿੱਚ ਪਿਤਾ ਵੱਲੋਂ ਦਾਦਾ, ਦਾਦੀ, ਤਾਇਆ, ਤਾਈ, ਚਾਚਾ, ਚਾਚੀ, ਭੂਆ ਆਦਿ ਮਾਤਾ ਵੱਲੋਂ ਨਾਨਾ, ਨਾਨੀ, ਮਾਮਾ, ਮਾਮੀ, ਮਾਸੀ ਆਦਿ ਅਤੇ ਆਪਣੇ ਨਿੱਜੀ ਰਿਸ਼ਤੇ ਵਿੱਚੋਂ ਭੈਣ, ਭਰਾ, ਪਤਨੀ, ਪੁੱਤਰ, ਪੁੱਤਰੀ ਆਦਿ ਰਿਸ਼ਤੇ ਮੁੱਖ ਹਨ। ਮਾਤਾ-ਪਿਤਾ ਦਾ ਰਿਸ਼ਤਾ ਮਨੁੱਖ ਲਈ ਸਭ ਤੋਂ ਸਤਿਕਾਰਯੋਗ ਮੰਨਿਆ ਗਿਆ ਹੈ। ਮਾਂ ਜਨਮ ਦੇਂਦੀ ਹੈ ਅਤੇ ਉਹੀ ਘਰ ਦਾ ਕੇਂਦਰ ਹੈ। ਪਿਤਾ ਆਰਥਿਕ ਪ੍ਰਬੰਧ ਚਲਾਉਂਦਾ ਹੈ। ਪਤੀ-ਪਤਨੀ ਦੀ ਸਾਂਝ ਘਰ ਦੀ ਬੁਨਿਆਦ ਹੁੰਦੀ ਹੈ। ਇਸ ਤੋਂ ਹੀ ਪਰਿਵਾਰ ਵਧਦਾ-ਫੁੱਲਦਾ ਅਤੇ ਫੈਲਦਾ ਹੈ। ਪਰਿਵਾਰਿਕ ਰਿਸ਼ਤਿਆਂ ਦੀ ਹੋਂਦ ਲਈ ਹੀ ਵਿਆਹ ਦੀਆਂ ਰਸਮਾਂ ਬਣਾਈਆਂ ਗਈਆਂ ਹਨ। ਪਰਿਵਾਰਿਕ ਰਿਸ਼ਤੇ ਮਨੁੱਖ ਦੇ ਦੁੱਖ ਨੂੰ ਵੰਡ ਕੇ ਘਟਾਉਣ ਦਾ ਯਤਨ ਕਰਦੇ ਹਨ ਅਤੇ ਮਨੁੱਖ ਦੀ ਖ਼ੁਸ਼ੀ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕਰ ਕੇ ਉਸ ਦੀ ਖ਼ੁਸ਼ੀ ਨੂੰ ਚਾਰ ਗੁਣਾ ਕਰਨ ਵਿੱਚ ਸਹਾਈ ਹੁੰਦੇ ਹਨ। ਪਰਿਵਾਰਿਕ ਰਿਸ਼ਤਿਆਂ ਦਾ ਅਸਰ ਹਰ ਇੱਕ ਮਨੁੱਖ ਦੀ ਸ਼ਖ਼ਸੀਅਤ ਉੱਤੇ ਪੈਂਦਾ ਹੈ। ਪਰਿਵਾਰਿਕ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਨਹੀਂ ਹੋਣ ਦੇਣੀ ਚਾਹੀਦੀ। ਸਾਨੂੰ ਹਮੇਸ਼ਾਂ ਪਰਿਵਾਰਿਕ ਸਾਂਝ ਨੂੰ ਬਣਾਈ ਰੱਖਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਜੇਕਰ ਸਾਡਾ ਪਰਿਵਾਰਿਕ ਭਾਈਚਾਰਾ ਮਜ਼ਬੂਤ ਹੋਵੇਗਾ ਤਾਂ ਸਾਡਾ ਦੇਸ ਵੀ ਸ਼ਕਤੀਸ਼ਾਲੀ ਹੋਵੇਗਾ।
ਪ੍ਰਸ਼ਨ 1. ਪਰਿਵਾਰ ਕਿਸ ਦੀ ਇੱਕ ਇਕਾਈ ਹੈ?
(ੳ) ਰਿਸ਼ਤਿਆਂ ਦੀ
(ਅ) ਦੇਸ ਦੀ
(ੲ) ਸਮਾਜ ਦੀ
(ਸ) ਸੱਭਿਆਚਾਰ ਦੀ
ਪ੍ਰਸ਼ਨ 2. ਪਰਿਵਾਰ ਵਿੱਚ ਛੋਟੇ ਅਤੇ ਵੱਡੇ ਬਹੁਤ ਸਾਰੇ ਕੀ ਹੁੰਦੇ ਹਨ?
(ੳ) ਬੱਚੇ
(ਅ) ਰਿਸ਼ਤੇ
(ੲ) ਭਾਂਡੇ
(ਸ) ਕੱਪੜੇ
ਪ੍ਰਸ਼ਨ 3. ਰਿਸ਼ਤੇ ਮੁੱਖ ਰੂਪ ਵਿੱਚ ਕਿੰਨੇ ਪੱਖੀ ਹੁੰਦੇ ਹਨ?
(ੳ) ਦੋ ਪੱਖੀ
(ਅ) ਤਿੰਨ ਪੱਖੀ
(ੲ) ਚਾਰ ਪੱਖੀ
(ਸ) ਪੰਜ ਪੱਖੀ
ਪ੍ਰਸ਼ਨ 4. ਕਿਹੜਾ ਰਿਸ਼ਤਾ ਮਨੁੱਖ ਲਈ ਸਭ ਤੋਂ ਸਤਿਕਾਰਯੋਗ ਮੰਨਿਆ ਗਿਆ ਹੈ?
(ੳ) ਭੈਣ-ਭਰਾ ਦਾ
(ਅ) ਦੋਸਤਾਂ-ਮਿੱਤਰਾਂ ਦਾ
(ੲ) ਮਾਤਾ-ਪਿਤਾ ਦਾ
(ਸ) ਸਹੇਲੀਆਂ ਦਾ
ਪ੍ਰਸ਼ਨ 5. ਘਰ ਦਾ ਕੇਂਦਰ ਕੌਣ ਹੁੰਦਾ ਹੈ?
(ੳ) ਦਾਦਾ
(ਅ) ਪਿਤਾ
(ੲ) ਮਾਂ
(ਸ) ਚਾਚਾ
ਪ੍ਰਸ਼ਨ 6. ਪਰਿਵਾਰ ਵਿੱਚ ਆਰਥਿਕ ਪ੍ਰਬੰਧ ਕੌਣ ਚਲਾਉਂਦਾ ਹੈ?
(ੳ) ਦਾਦੀ
(ਅ) ਚਾਚਾ
(ੲ) ਮਾਂ
(ਸ) ਪਿਤਾ
ਪ੍ਰਸ਼ਨ 7. ਪਰਿਵਾਰਿਕ ਰਿਸ਼ਤਿਆਂ ਵਿੱਚ ਕੀ ਪੈਦਾ ਨਹੀਂ ਹੋਣੀ ਚਾਹੀਦੀ?
(ੳ) ਮਿਠਾਸ
(ਅ) ਕੁੜੱਤਨ
(ੲ) ਨਰਾਜ਼ਗੀ
(ਸ) ਖ਼ੁਸ਼ੀ
ਪ੍ਰਸ਼ਨ 8. ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਪਰਿਵਾਰ
(ਅ) ਛੋਟਾ ਪਰਿਵਾਰ
(ੲ) ਪਰਿਵਾਰਿਕ ਰਿਸ਼ਤੇ
(ਸ) ਵੱਡਾ ਪਰਿਵਾਰ