ਅਣਡਿੱਠਾ ਪੈਰਾ – ਨਸ਼ੇ ਦੇ ਮਾੜੇ ਪ੍ਰਭਾਵ
ਨਸ਼ਿਆਂ ਦੇ ਮਾੜੇ ਪ੍ਰਭਾਵ
ਨਸ਼ਿਆਂ ਦੀ ਗਲਤ ਪ੍ਰਵਿਰਤੀ ਵਿਅਕਤੀ ਨੂੰ ਆਰਥਕ ਤੇ ਸ਼ਰੀਰਕ ਤੌਰ ਤੇ ਬਰਬਾਦ ਕਰ ਕੇ ਰੱਖ ਦਿੰਦੀ ਹੈ, ਇਸ ਕਰਕੇ ਨੌਜਵਾਨ ਵਰਗ ਨੂੰ ਇਸ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ। ਕਈ ਨੌਜਵਾਨ ਪੜ੍ਹਾਈ ਦੇ ਲਈ ਲੋੜੀਂਦੇ ਜ਼ਰੂਰੀ ਸਾਧਨਾਂ ਦੀ ਘਾਟ ਦਾ ਹਵਾਲਾ ਦੇ ਕੇ ਮਿਹਨਤ ਕਰਨ ਤੋਂ ਭੱਜਦੇ ਰਹਿੰਦੇ ਹਨ ਤੇ ਕਈ “ਅੱਜ ਲਾਈਟ ਬੰਦ ਰਹੀ”, “ਮੂਡ ਨਹੀਂ ਹੈ”, “ਕੱਲ੍ਹ ਕਰ ਲਵਾਂਗੇ” ਦਾ ਬਹਾਨਾ ਬਣਾ ਕੇ ਮਿਹਨਤ ਤੋਂ ਮੂੰਹ ਮੋੜ ਲੈਂਦੇ ਹਨ ਤੇ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦੇ ਹਨ, ਜਿੱਥੋਂ ਇਨ੍ਹਾਂ ਦਾ ਫਿਰ ਨਿਕਲਣਾ ਔਖਾ ਹੋ ਜਾਂਦਾ ਹੈ। ਅਜਿਹੇ ਨੌਜਵਾਨਾਂ ਨੂੰ ਇਬਰਾਹੀਮ ਲਿੰਕਨ ਤੇ ਚਾਰਲੀ ਚੈਪਲਿਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਬਰਾਹੀਮ ਲਿੰਕਨ ਜੋ ਘਰ ਦੀਆਂ ਤੰਗੀਆਂ ਦੇ ਬਾਵਜੂਦ ਰੇਤ ਨੂੰ ਸਲੇਟ ਤੇ ਉਂਗਲੀ ਨੂੰ ਕਲਮ ਬਣਾ ਕੇ, ਸਟਰੀਟ ਲਾਈਟ ਦੀ ਰੌਸ਼ਨੀ ਵਿਚ ਪੜ੍ਹ ਕੇ ਸਭ ਤੋਂ ਉੱਚੇ ਅਹੁਦੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਉਸਨੇ ਅਵੇਸਲੇਪਨ ਦਾ ਤਿਆਗ ਕੀਤਾ ਅਤੇ ਪੱਕੇ ਇਰਾਦੇ ਤੇ ਮਿਹਨਤ ਦੇ ਬਲਬੂਤੇ ‘ਤੇ ਸਫਲਤਾ ਪ੍ਰਾਪਤ ਕੀਤੀ। ਵਿਸ਼ਵ ਪ੍ਰਸਿੱਧ ਹਾਸ-ਰਸ ਕਲਾਕਾਰ ਚਾਰਲੀ ਚੈਪਲਿਨ ਆਪਣੀ ਮਿਹਨਤ, ਕਾਬਲੀਅਤ ਤੇ ਦ੍ਰਿੜ ਇਰਾਦੇ ਸਦਕਾ ਹੀ ਸਾਰੀ ਦੁਨੀਆਂ ਨੂੰ ਹਸਾਉਂਦਾ ਰਿਹਾ। ਇਸ ਤੋਂ ਇਲਾਵਾ ਸਾਨੂੰ ਹੋਰ ਵੀ ਕਈ ਢੇਰ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ, ਜਿਹਨਾਂ ਨੇ ਕਈ ਦੁੱਖ ਤਕਲੀਫਾਂ ਸਹਿੰਦੇ ਹੋਏ ਕਦੀ ਨਿਰਾਸ਼ਾ ਦਾ ਪੱਲਾ ਨਹੀਂ ਫੜਿਆ ਅਤੇ ਜ਼ਿੰਦਾਦਿਲੀ ਨਾਲ ਜਿਉਂਦੇ ਰਹੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਦਿੱਤੀ ਹੋਈ ਰਚਨਾ ਦਾ ਸਿਰਲੇਖ ਲਿਖੋ।
ਪ੍ਰਸ਼ਨ 2. ਉਪਰੋਕਤ ਰਚਨਾ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਨਸ਼ਿਆਂ ਦੀ ਗਲਤ ਪ੍ਰਵਿਰਤੀ ਨੌਜਵਾਨਾਂ ਉੱਪਰ ਕਿਹੋ ਜਿਹਾ ਪ੍ਰਭਾਵ ਪਾਉਂਦੀ ਹੈ?
ਪ੍ਰਸ਼ਨ 4. ਕਿਹੜੇ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਪੈ ਜਾਂਦੀ ਹੈ?