ਅਣਡਿੱਠਾ ਪੈਰਾ : ਡਾਕਟਰ ਰਾਧਾ ਕ੍ਰਿਸ਼ਨਨ


ਇੱਕ ਵਾਰੀ ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਟੀ.ਆਰ.ਸ਼ਰਮਾ ਪੰਜ ਹੋਰ ਅਧਿਆਪਕਾਂ ਨਾਲ ਤਾਰਾ ਦੇਵੀ ਵਿਖੇ ਸਕਾਊਟਿੰਗ ਦਾ ਕੋਰਸ ਕਰਨ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਡਾਕਟਰ ਰਾਧਾ ਕ੍ਰਿਸ਼ਨਨ ਨਾਲ ਕਾਲਕਾ ਰੇਲਵੇ ਸਟੇਸ਼ਨ ‘ਤੇ ਹੋ ਗਈ। ਉਨ੍ਹਾਂ ਦਿਨਾਂ ਵਿੱਚ ਉਹ ਉਪ-ਰਾਸ਼ਟਰਪਤੀ ਸਨ। ਉਨ੍ਹਾਂ ਦੀ ਚੇਅਰ-ਕਾਰ, ਜਿਸ ਵਿੱਚ ਬੈਠ ਕੇ ਉਨ੍ਹਾਂ ਸ਼ਿਮਲਾ ਜਾਣਾ ਸੀ, ਤਕਨੀਕੀ ਖ਼ਰਾਬੀ ਕਰ ਕੇ ਕੁੱਝ ਦੇਰੀ ਨਾਲ ਜਾਣੀ ਸੀ। ਸ੍ਰੀ ਰਾਧਾ ਕ੍ਰਿਸ਼ਨਨ ਇਕੱਲੇ ਹੀ ਪਲੇਟਫ਼ਾਰਮ ਤੇ ਖੜ੍ਹੇ ਸਨ, ਉਨ੍ਹਾਂ ਕੋਲੋਂ ਪੁੱਛ ਕੇ ਸਾਰੇ ਅਧਿਆਪਕ ਉਨ੍ਹਾਂ ਕੋਲ ਚਲੇ ਗਏ। ਉਨ੍ਹਾਂ ਦੇ ਪੁੱਛਣ ‘ਤੇ ਸਾਰੇ ਅਧਿਆਪਕਾਂ ਨੇ ਕਿਹਾ ਕਿ ਉਹ ਪੜ੍ਹਾਉਂਦੇ ਹਨ।

ਉਨ੍ਹਾਂ ਮਜ਼ਾਕ ਨਾਲ ਉਨ੍ਹਾਂ ਨੂੰ ਕਿਹਾ-ਤੁਸੀਂ ਪੜ੍ਹਾਉਂਦੇ ਹੋ, ਪਰ ਮੈਂ ਅਜੇ ਸਿੱਖਦਾ ਹੀ ਹਾਂ, ਪੜ੍ਹਦਾ ਹੀ ਹਾਂ।

ਇੱਕ ਅਧਿਆਪਕ ਨੇ ਕਿਹਾ- ਜੀ ਗ਼ਰੀਬੀ ਲਾਹਨਤ ਹੈ, ਮੈਂ ਕੇਵਲ ਜੇ.ਬੀ.ਟੀ. ਹੀ ਕਰ ਸਕਿਆ ਹਾਂ, ਗ਼ਰੀਬੀ ਨੇ ਮੈਨੂੰ ਅੱਗੇ ਨਹੀਂ ਪੜ੍ਹਨ ਦਿੱਤਾ।

ਉਨ੍ਹਾਂ ਨੇ ਆਪਣੀ ਇੱਕ ਕਹਾਣੀ ਸੁਣਾਉਂਦਿਆਂ ਕਿਹਾ, ”ਮੇਰੀ ਮਾਂ ਨੇ ਇੱਕ ਦਿਨ ਮੈਨੂੰ ਕਿਹਾ, ਬੇਟਾ ਕ੍ਰਿਸ਼ਨਨ, ਮੈਂ ਚਾਵਲ ਬਣਾ ਦਿੱਤੇ ਹਨ ਤੇ ਦਾਲ ਵੀ, ਪਰ ਅੱਜ ਸਾਡੇ ਘਰ ਪੰਜ ਪੈਸੇ ਵੀ ਨਹੀਂ ਹਨ ਜਿਨ੍ਹਾਂ ਨਾਲ ਮੈਂ ਚਾਵਲ ਪਰੋਸਣ ਲਈ ਕੇਲੇ ਦੇ ਪੱਤੇ ਖ਼ਰੀਦ ਸਕਾਂ।”

ਇਹ ਕਹਿੰਦਿਆਂ ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕਣ ਲੱਗ ਪਏ। ਉਦੋਂ ਬਾਲ ਰਾਧਾ ਕ੍ਰਿਸ਼ਨਨ ਨੇ ਬਾਲਟੀ ਪਾਣੀ ਦੀ ਲੈ ਕੇ ਰਸੋਈ ਦੇ ਫ਼ਰਸ਼ ਨੂੰ ਦੋ-ਤਿੰਨ ਵਾਰ ਚੰਗੀ ਤਰ੍ਹਾਂ ਧੋਤਾ ਤੇ ਮਾਂ ਨੂੰ ਕਿਹਾ ਕਿ ਤੁਸੀਂ ਫ਼ਰਸ਼ ਉੱਤੇ ਹੀ ਚਾਵਲ ਪਰੋਸ ਦਿਓ। ਮਾਂ ਸੱਤ ਦਿਨ ਲਗਾਤਾਰ ਇਸ ਤਰ੍ਹਾਂ ਹੀ ਕਰਦੀ ਰਹੀ। ਡਾਕਟਰ ਸਾਹਿਬ ਨੇ ਸਮਝਾਇਆ ਕਿ ਗ਼ਰੀਬੀ ਵੱਲੋਂ ਸਿਖਾਏ ਸਬਕ ਮਿੱਠੇ ਅਤੇ ਲਾਹੇਵੰਦ ਹੁੰਦੇ ਹਨ। ਜਿਸ ਗ਼ਰੀਬੀ ਨੂੰ ਉਹ ਲਾਹਨਤ ਕਹਿੰਦੇ ਹਨ ਉਸ ਨੂੰ ਸਖ਼ਤ ਮਿਹਨਤ ਕਰਕੇ ਵਰਦਾਨ ਵੀ ਬਣਾਇਆ ਜਾ ਸਕਦਾ ਹੈ।


ਉੱਪਰ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

ਪ੍ਰਸ਼ਨ. ਅਧਿਆਪਕਾਂ ਨੇ ਤਾਰਾ ਦੇਵੀ ਕੀ ਕਰਨ ਜਾਣਾ ਸੀ?

ਉੱਤਰ : ਅਧਿਆਪਕਾਂ ਨੇ ਸਕਾਊਟਿੰਗ ਦਾ ਕੋਰਸ ਕਰਨ ਲਈ ਤਾਰਾ ਦੇਵੀ ਜਾਣਾ ਸੀ।

ਪ੍ਰਸ਼ਨ. ਅਧਿਆਪਕਾਂ ਨੂੰ ਕਾਲਕਾ ਰੇਲਵੇ ਸਟੇਸ਼ਨ ਉੱਤੇ ਕੌਣ ਮਿਲਿਆ?

ਉੱਤਰ : ਅਧਿਆਪਕਾਂ ਨੂੰ ਕਾਲਕਾ ਰੇਲਵੇ ਸਟੇਸ਼ਨ ਉੱਤੇ ਭਾਰਤ ਦੇ ਉਪ-ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਮਿਲੇ।

ਪ੍ਰਸ਼ਨ. ਡਾ: ਰਾਧਾ ਕ੍ਰਿਸ਼ਨਨ ਨੇ ਚਾਵਲ ਪਰੋਸਣ ਲਈ ਕੀ ਕੀਤਾ?

ਉੱਤਰ : ਡਾ: ਰਾਧਾ ਕ੍ਰਿਸ਼ਨਨ ਨੇ ਚਾਵਲ ਪਰੋਸਣ ਲਈ ਪਾਣੀ ਨਾਲ ਰਸੋਈ ਦਾ ਫ਼ਰਸ਼ ਦੋ-ਤਿੰਨ ਵਾਰੀ ਚੰਗੀ ਤਰ੍ਹਾਂ ਧੋ ਦਿੱਤਾ।

ਪ੍ਰਸ਼ਨ. ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਕਿਉਂ ਟਪਕਣ ਲੱਗੇ?

ਉੱਤਰ : ਮਾਂ ਦੀਆਂ ਅੱਖਾਂ ਵਿਚੋਂ ਇਸ ਕਰਕੇ ਅੱਥਰੂ ਟਪਕਣ ਲੱਗ ਪਏ, ਕਿਉਂਕਿ ਉਨ੍ਹਾਂ ਦੇ ਘਰ ਪੰਜ ਪੈਸੇ ਵੀ ਨਹੀਂ ਸਨ, ਜਿਨ੍ਹਾਂ ਨਾਲ ਉਹ ਚਾਵਲ ਪਰੋਸਣ ਲਈ ਕੇਲੇ ਦੇ ਪੱਤੇ ਖ਼ਰੀਦ ਸਕਦੀ।

ਪ੍ਰਸ਼ਨ. ਗ਼ਰੀਬੀ ਨੂੰ ਵਰਦਾਨ ਕਿਵੇਂ ਬਣਾਇਆ ਜਾ ਸਕਦਾ ਹੈ?

ਉੱਤਰ : ਗ਼ਰੀਬੀ ਨੂੰ ਸਖ਼ਤ ਮਿਹਨਤ ਕਰ ਕੇ ਵਰਦਾਨ ਬਣਾਇਆ ਜਾ ਸਕਦਾ ਹੈ।