ਅਣਡਿੱਠਾ ਪੈਰਾ : ਜੱਸਾ ਸਿੰਘ ਰਾਮਗੜ੍ਹੀਆ
ਜੱਸਾ ਸਿੰਘ, ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ। ਉਸ ਦੀ ਅਗਵਾਈ ਹੇਠ ਇਹ ਮਿਸਲ ਆਪਣੀ ਉੱਨਤੀ ਦੀਆਂ ਸਿਖਰਾਂ ‘ਤੇ ਪਹੁੰਚ ਗਈ ਸੀ। ਜੱਸਾ ਸਿੰਘ ਪਹਿਲਾਂ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਅਧੀਨ ਨੌਕਰੀ ਕਰਦਾ ਸੀ।
ਅਕਤੂਬਰ, 1748 ਈ. ਵਿੱਚ ਮੀਰ ਮੰਨੂੰ ਤੇ ਅਦੀਨਾ ਬੇਗ ਦੀਆਂ ਫ਼ੌਜਾਂ ਨੇ 500 ਸਿੱਖਾਂ ਨੂੰ ਅਚਾਨਕ ਰਾਮਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ ਸੀ। ਆਪਣੇ ਭਰਾਵਾਂ ‘ਤੇ ਆਏ ਇਸ ਸੰਕਟ ਨੂੰ ਵੇਖ ਕੇ ਜੱਸਾ ਸਿੰਘ ਦੇ ਖੂਨ ਨੇ ਜੋਸ਼ ਮਾਰਿਆ। ਉਹ ਅਦੀਨਾ ਬੇਗ਼ ਦੀ ਨੌਕਰੀ ਛੱਡ ਕੇ ਸਿੱਖਾਂ ਦੀ ਮਦਦ ਲਈ ਪਹੁੰਚਿਆ। ਉਸ ਦੇ ਇਸ ਸਹਿਯੋਗ ਕਾਰਨ 300 ਸਿੱਖਾਂ ਦੀਆਂ ਜਾਨਾਂ ਬਚ ਗਈਆਂ।
ਇਸ ਤੋਂ ਖ਼ੁਸ਼ ਹੋ ਕੇ ਸਿੱਖਾਂ ਨੇ ਰਾਮਰੌਣੀ ਦਾ ਕਿਲ੍ਹਾ ਜੱਸਾ ਸਿੰਘ ਦੇ ਹਵਾਲੇ ਕਰ ਦਿੱਤਾ। ਜੱਸਾ ਸਿੰਘ ਨੇ ਇਸ ਕਿਲ੍ਹੇ ਦਾ ਨਾਂ ਰਾਮਗੜ੍ਹ ਰੱਖਿਆ। ਇਸ ਤੋਂ ਹੀ ਉਸ ਦੀ ਮਿਸਲ ਦਾ ਨਾਂ ਰਾਮਗੜ੍ਹੀਆ ਪੈ ਗਿਆ।
1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਫੈਲੀ ਅਰਾਜਕਤਾ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਸ੍ਰੀ ਹਰਿਗੋਬਿੰਦਪੁਰ, ਕਾਦੀਆਂ, ਉੜਮੁੜ ਟਾਂਡਾ, ਦੀਪਾਲਪੁਰ, ਕਰਤਾਰਪੁਰ ਅਤੇ ਹਰੀਪੁਰ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਕਰਕੇ ਰਾਮਗੜ੍ਹੀਆ ਮਿਸਲ ਦਾ ਖ਼ੂਬ ਵਿਸਥਾਰ ਕੀਤਾ।
ਉਸ ਨੇ ਸ੍ਰੀ ਹਰਿਗੋਬਿੰਦਪੁਰ ਉੱਤੇ ਕਬਜ਼ਾ ਕਰਕੇ ਇਸ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਘੋਸ਼ਿਤ ਕੀਤਾ। ਜੱਸਾ ਸਿੰਘ ਦੇ ਆਹਲੂਵਾਲੀਆ ਅਤੇ ਸ਼ੁਕਰਚੱਕੀਆ ਮਿਸਲਾਂ ਨਾਲ ਸੰਬੰਧ ਚੰਗੇ ਨਹੀਂ ਸਨ। ਜੱਸਾ ਸਿੰਘ ਦੀ 1803 ਈ. ਵਿੱਚ ਮੌਤ ਹੋ ਗਈ।
ਪ੍ਰਸ਼ਨ 1. ਜੱਸਾ ਸਿੰਘ ਰਾਮਗੜ੍ਹੀਆ ਕੌਣ ਸਨ?
ਉੱਤਰ : ਜੱਸਾ ਸਿੰਘ ਰਾਮਗੜ੍ਹੀਆ, ਰਾਮਗੜ੍ਹੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ।
ਪ੍ਰਸ਼ਨ 2. ਜੱਸਾ ਸਿੰਘ ਰਾਮਗੜੀਆ ਨੇ ਰਾਮਰੌਣੀ ਕਿਲ੍ਹੇ ਦਾ ਕੀ ਨਾਂ ਰੱਖਿਆ?
ਉੱਤਰ : ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਕਿਲ੍ਹੇ ਦਾ ਨਾਂ ਰਾਮਗੜ੍ਹ ਰੱਖਿਆ।
ਪ੍ਰਸ਼ਨ 3. ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਦਾ ਕੀ ਨਾਂ ਸੀ?
ਉੱਤਰ : ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਸੀ।
ਪ੍ਰਸ਼ਨ 4. ਜੱਸਾ ਸਿੰਘ ਰਾਮਗੜ੍ਹੀਆ ਦੀਆਂ ਕੋਈ ਦੋ ਸਫ਼ਲਤਾਵਾਂ ਲਿਖੋ।
ਉੱਤਰ : (i) ਉਸ ਨੇ ਸਿੱਖਾਂ ਨੂੰ ਰਾਮਰੌਣੀ ਕਿਲ੍ਹੇ ਵਿੱਚੋਂ ਮੁਗ਼ਲਾਂ ਦੇ ਘੇਰੇ ਤੋਂ ਬਚਾਇਆ।
(ii) ਉਸ ਨੇ ਕਲਾਨੌਰ, ਬਟਾਲਾ, ਸ੍ਰੀ ਹਰਿਗੋਬਿੰਦਪੁਰ ਅਤੇ ਕਾਦੀਆਂ ਆਦਿ ਸਥਾਨਾਂ ਤੇ ਕਬਜ਼ਾ ਕਰਕੇ ਰਾਮਗੜ੍ਹੀਆ ਮਿਸਲ ਦਾ ਖ਼ੂਬ ਵਿਸਤਾਰ ਕੀਤਾ।