ਅਣਡਿੱਠਾ ਪੈਰਾ : ਵਿੱਦਿਆ ਦਾ ਮਹੱਤਵ
ਅਜਿਹੀ ਕੋਈ ਸਮੱਸਿਆ ਨਹੀਂ ਜਿਹੜੀ ਵਿੱਦਿਆ ਦੁਆਰਾ ਸੁਲਝਾਈ ਨਾ ਜਾ ਸਕੇ। ਵਿੱਦਿਆ ਇੱਕ ਅਜਿਹੀ ਕੁੰਜੀ ਹੈ ਜੋ ਹਰ ਮੁਸ਼ਕਲ ਰੂਪੀ ਜੰਦਰੇ ਨੂੰ ਖੋਲ੍ਹ ਸਕਦੀ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਠੀਕ ਢੰਗ ਦੀ ਵਿੱਦਿਆ ਪ੍ਰਾਪਤ ਕਰੀਏ। ਜਿਹੜੀ ਸਿੱਖਿਆ ਵੇਲੇ ਦੇ ਸਮਾਜ ਨਾਲੋਂ ਟੁੱਟੀ ਹੋਵੇਗੀ, ਉਹ ਸਾਡਾ ਭਲਾ ਨਹੀਂ ਕਰ ਸਕਦੀ। ਸਮਾਜਿਕ ਬੁਰਾਈਆਂ ਦੂਰ ਕਰਨ ਲਈ ਵੀ ਠੀਕ ਢੰਗ ਵਾਲੀ ਸਿੱਖਿਆ ਹੀ ਕੰਮ ਆਉਂਦੀ ਹੈ। ਸਿੱਖਿਆ ਵਿਸ਼ਾਲ ਅਤੇ ਸਰਬੱਤ ਦੇ ਭਲੇ ਲਈ ਹੀ ਹੋਵੇ।
ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਹੋ-ਜਿਹੀਆਂ ਹਨ ਜੋ ਕੇਵਲ ਅਗਿਆਨ ਅਤੇ ਅਨਪੜ੍ਹਤਾ ਕਾਰਨ ਹੀ ਹਨ। ਜਿਵੇਂ ਛੂਤ-ਛਾਤ, ਇਸਤਰੀ ਦੀ ਦਸ਼ਾ, ਬਾਲ-ਵਿਆਹ, ਭਰੂਣ ਹੱਤਿਆ ਅਤੇ ਵਧ ਰਹੀ ਆਬਾਦੀ ਦੀਆਂ ਸਮੱਸਿਆਵਾਂ ਕੁੱਝ ਅਜਿਹੀਆਂ ਹਨ ਜੋ ਅੰਧ-ਵਿਸ਼ਵਾਸ ਕਰਕੇ ਹੀ ਚੱਲੀਆਂ ਆਉਂਦੀਆਂ ਹਨ। ਅਸੀਂ ਵੇਖ ਰਹੇ ਹਾਂ ਕਿ ਜਿਵੇਂ-ਜਿਵੇਂ ਵਿੱਦਿਆ ਦਾ ਚਾਨਣ ਵੱਧ ਰਿਹਾ ਹੈ, ਇਹ ਬਿਮਾਰੀਆਂ ਤਿਵੇਂ-ਤਿਵੇਂ ਘਟਦੀਆਂ ਜਾ ਰਹੀਆਂ ਹਨ। ਜਿਹੜੀਆਂ ਥਾਂਵਾਂ ‘ਤੇ ਵਿੱਦਿਆ ਸੰਕੀਰਨ ਅਤੇ ਗ਼ਲਤ ਢੰਗ ਦੀ ਹੈ, ਉੱਥੇ ਉਹ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫਲ ਨਹੀਂ ਹੋ ਸਕੀ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਸਮਾਜਿਕ, ਆਰਥਿਕ, ਸਭਿਆਚਾਰਿਕ ਅਤੇ ਸੰਬੰਧਿਤ ਵਾਤਾਵਰਨ ਨਾਲ ਜੋੜਨ ਲਈ ਯਤਨਸ਼ੀਲ ਹੋਈਏ।
ਪ੍ਰਸ਼ਨ (ੳ) ਵਿੱਦਿਆ ਕਿਸ ਤਰ੍ਹਾਂ ਦੀ ਕੁੰਜੀ ਹੈ?
ਉੱਤਰ : ਵਿੱਦਿਆ ਅਜਿਹੀ ਕੁੰਜੀ ਹੈ, ਜੋ ਹਰ ਮੁਸ਼ਕਲ ਰੂਪੀ ਜਿੰਦਰੇ ਨੂੰ ਖੋਲ੍ਹ ਸਕਦੀ ਹੈ।
ਪ੍ਰਸ਼ਨ (ਅ) ਸਮਾਜਿਕ ਸਮੱਸਿਆਵਾਂ ਕਿਹੜੀਆਂ ਹਨ?
ਉੱਤਰ : ਛੂਤ-ਛਾਤ, ਇਸਤਰੀ ਦੀ ਭੈੜੀ ਦਸ਼ਾ, ਬਾਲ-ਵਿਵਾਹ, ਭਰੂਣ ਹੱਤਿਆ ਤੇ ਅਬਾਦੀ ਦਾ ਵਾਧਾ ਆਦਿ ਸਮਾਜਿਕ ਸਮੱਸਿਆਵਾਂ ਹਨ।
ਪ੍ਰਸ਼ਨ (ੲ) ਉਹ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਕਰਕੇ ਸਮਾਜਿਕ ਸਮੱਸਿਆਵਾਂ ਫੈਲੀਆਂ ਹੋਈਆਂ ਹਨ?
ਉੱਤਰ : ਸਾਡੀਆਂ ਸਮਾਜਿਕ ਸਮੱਸਿਆਵਾਂ ਅਗਿਆਨਤਾ, ਅਨਪੜ੍ਹਤਾ ਤੇ ਅੰਧ-ਵਿਸ਼ਵਾਸ਼ਾਂ ਕਰਕੇ ਫੈਲੀਆਂ ਹੋਈਆਂ ਹਨ।
ਪ੍ਰਸ਼ਨ (ਸ) ਕਿਹੋ ਜਿਹੀ ਵਿੱਦਿਆ ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਫਲ ਨਹੀਂ ਹੋਈ?
ਉੱਤਰ : ਗ਼ਲਤ ਢੰਗ ਦੀ ਤੇ ਸੰਕੀਰਨ ਵਿੱਦਿਆ ਸਾਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਸਫ਼ਲ ਨਹੀਂ ਹੋ ਸਕੀ।
ਪ੍ਰਸ਼ਨ (ਹ) ਵਿੱਦਿਆ-ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਬਣਾਉਣ ਦੀ ਜ਼ਰੂਰਤ ਹੈ?
ਉੱਤਰ : ਵਿੱਦਿਆ-ਪ੍ਰਣਾਲੀ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਸੰਬੰਧਿਤ ਵਾਤਾਵਰਨ ਨੂੰ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ।