ਅਣਡਿੱਠਾ ਪੈਰਾ – ਜਨ ਸੰਪਰਕ

ਜਨ ਸੰਪਰਕ

ਜਨ ਸੰਪਰਕ ਦੇ ਹਰ ਕਾਰਜ ਅਤੇ ਹਰ ਪੱਖ ਦੀ ਸਫਲਤਾ ਇਕ ਚੀਜ਼ ਤੇ ਨਿਰਭਰ ਕਰਦੀ ਹੈ, ਉਹ ਹੈ–ਸੰਚਾਰ। ਜੇ ਸੰਚਾਰ ਹੀ ਸਾਫ਼ ਅਤੇ ਸਫਲ ਨਹੀਂ ਹੋਵੇਗਾ ਤਾਂ ਜਨ ਸੰਪਰਕ ਦੇ ਸਭ ਸਾਧਨ ਅਤੇ ਮਾਧਿਅਮ ਨਿਸਫਲ ਹੋ ਜਾਣਗੇ। ਇਹਕਿਹਾ ਜਾ ਚੁਕਿਆ ਹੈ ਕਿ ਜਨ ਸੰਪਰਕ ਦੂਜੇ ਦੀ ਰਾਏ ਨੂੰ ਪ੍ਰਭਾਵਤ ਕਰਕੇ ਆਪਣੇ ਨਾਲ ਸਹਿਮਤ ਕਰਨਾ ਹੈ। ਰਾਏ ਨੂੰ ਪ੍ਰਭਾਵਤ ਕਰਨ ਦੇ ਕਈ ਢੰਗ ਹਨ—ਸ਼ਕਤੀ ਦੀ ਵਰਤੋਂ, ਧਨ ਖਰਚ ਜਾਂ ਪ੍ਰੇਰਨਾਂ ਦੁਆਰਾ। ਜਨ ਸੰਪਰਕ ਕੇਵਲ ਇੱਕੋ ਹੀ ਸਾਧਨ ਵਰਤਦਾ ਹੈ ਅਤੇ ਉਹ ਹੈ ਪ੍ਰੇਰਨਾ ਅਤੇ ਕੇਵਲ ਸੰਚਾਰ ਦੁਆਰਾ ਪ੍ਰੇਰਨਾ। ਇਸ ਲਈ ਸੰਚਾਰ ਨੂੰ ਜਨ ਸੰਪਰਕ ਪ੍ਰਕਿਰਿਆ ਵਿਚ ਮਹੱਤਵਪੂਰਨ ਸਥਾਨ ਦਿੱਤਾ ਜਾਂਦਾ ਹੈ। ਸਫਲ ਸੰਚਾਰ ਉਹ ਹੀ ਹੈ ਜਿਸ ਰਾਹੀਂ ਸੂਚਨਾ ਦੇਣ ਵਾਲੇ ਅਤੇ ਸੂਚਨਾ ਲੈਣ ਵਾਲੇ ਵਿਚਕਾਰ ਵੱਧ ਤੋਂ ਵੱਧ ਸਾਂਝ ਪੈਦਾ ਕੀਤੀ ਜਾ ਸਕੇ। ਚੰਗੇ ਸੰਚਾਰ ਦੁਆਰਾ ਹੀ ਪ੍ਰੇਰਨਾ ਦਿੱਤੀ ਜਾ ਸਕਦੀ ਹੈ ਅਤੇ ਚੰਗੇ ਸੰਚਾਰ ਦੁਆਰਾ ਹੀ ਕਿਸੇ ਨਾਲ ਤਾਲਮੇਲ ਕਾਇਮ ਰੱਖਿਆ ਜਾ ਸਕਦਾ ਹੈ। ਸੰਸਕ੍ਰਿਤ ਬੋਲੀ ਤੋਂ ਲਿਆ ਗਿਆ ਸ਼ਬਦ ‘ਸੰਚਾਰ’ ਦਾ ਅਰਥ ਹੈ ਕਿਸੇ ਵਸਤੂ ਦਾ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ। ਇੱਥੇ ਇਸ ਨੂੰ ਅਸੀਂ ਇਕ ਮਨੁੱਖ ਦੇ ਵਿਚਾਰ ਅਤੇ ਭਾਵਾਂ ਨੂੰ ਦੂਜੇ ਮਨੁੱਖ ਤੱਕ ਲਿਜਾਣ ਦੇ ਸੰਦਰਭ ਵਿਚ ਵਰਤਿਆ ਹੈ। ਸੰਚਾਰ ਦੇ ਮਨੁੱਖਾਂ ਵਿਚਕਾਰ ਵਿਚਾਰਾਂ ਦੇ ਪ੍ਰਗਟਾਵੇ ਦੁਆਰਾ ਸਾਂਝ ਪਾਉਣ ਦਾ ਇਕ ਸਾਧਨ ਬਣ ਜਾਂਦਾ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਉਪਰੋਕਤ ਪੈਰੇ ਦਾ ਢੁੱਕਵਾਂ ਸਿਰਲੇਖ ਦਿਓ।

ਪ੍ਰਸ਼ਨ 2. ਉੱਪਰਲੀ ਰਚਨਾਂ ਨੂੰ ਸੰਖੇਪ ਕਰਕੇ ਲਿਖੋ।

ਪ੍ਰਸ਼ਨ 3. ਜਨ ਸੰਪਰਕ ਦੀ ਸਫਲਤਾ ਕਿਸ ਉੱਪਰ ਨਿਰਭਰ ਕਰਦੀ ਹੈ ਤੇ ਕਿਵੇਂ?

ਪ੍ਰਸ਼ਨ 4. ਜਨ ਸੰਪਰਕ ਅਤੇ ਸੰਚਾਰ ਵਿਚ ਕੀ ਅੰਤਰ ਹੈ?

ਪ੍ਰਸ਼ਨ 5. ਔਖੇ ਸ਼ਬਦਾਂ ਦੇ ਅਰਥ ਲਿਖੋ।


ਔਖੇ ਸ਼ਬਦਾਂ ਦੇ ਅਰਥ

ਕਾਰਜ – ਕੰਮ

ਨਿਸਫਲ – ਜਿਹੜਾ ਸਫਲ ਨਾ ਹੋਵੇ

ਢੰਗ – ਤਰੀਕਾ

ਸਾਂਝ – ਮੇਲ