ਅਣਡਿੱਠਾ ਪੈਰਾ – ਚੋਣਾਂ

ਚੋਣਾਂ ਦਾ ਮਾਹੌਲ

ਚੋਣਾਂ ਦਾ ਮਾਹੌਲ ਸਮਾਜ ਅੰਦਰ ਹਲਚਲ ਪੈਦਾ ਕਰ ਦਿੰਦਾ ਹੈ। ਇਹ ਸਿਰਫ਼ ਭਾਰਤ ਅੰਦਰ ਹੀ ਨਹੀਂ ਵਿਦੇਸ਼ਾਂ ਦੀਆਂ ਚੋਣਾਂ ਵਿੱਚ ਵੀ ਦੂਜੇ ਮੁਲਕਾਂ ਦੇ ਲੋਕ ਦਿਲਚਸਪੀ ਲੈਣ ਲੱਗ ਪਏ ਹਨ। ਭਾਰਤ ਅੰਦਰ ਚੋਣਾਂ ਦਾ ਰੰਗ-ਰੂਪ ਹੀ ਬਦਲ ਗਿਆ ਹੈ। ਇਹ ਚੋਣਾਂ ਭਾਵੇਂ ਪਿੰਡ ਪੱਧਰ ਦੀਆਂ ਹੋਣ ਚਾਹੇ ਦੇਸ਼ ਪੱਧਰ ਦੀਆਂ ਹੋਣ। ਜਮਹੂਰੀਅਤ ਦੇ ਨਾਮ ਹੇਠ ਹੁਣ ਲੋਕ ਵੋਟ ਤਾਂ ਪਾਉਂਦੇ ਹਨ ਪਰੰਤੂ ਆਪਣੀ ਮਰਜ਼ੀ ਦਾ ਉਮੀਦਵਾਰ ਨਹੀਂ ਚੁਣ ਸਕਦੇ ਕਿਉਂਕਿ ਚੋਣਾਂ ਲੜਨ ਵਾਲੇ ਹੀ ਅਜਿਹੇ ਹਨ। ਇਸ ਕਰਕੇ ਲੋਕਾਂ ਦਾ ਚੋਣਾਂ ਤੋਂ ਵਿਸ਼ਵਾਸ ਵੀ ਉਠਿਆ ਹੈ। ਹੁਣ ਸਧਾਰਨ ਵੋਟਰ ਸਾਹਮਣੇ ਦੇ ਬਾਹੂਬਲੀਆਂ ‘ਚੋਂ ਇੱਕ ਨੂੰ ਚੁਣਨ ਦੀ ਮਜਬੂਰੀ ਹੈ। ਚੋਣਾਂ ਵਿੱਚ ਅੰਨ੍ਹੇਵਾਹ ਕਾਲੇ ਧਨ ਦੀ ਵਰਤੋਂ ਹੁੰਦੀ ਹੈ। ਪੈਸਾ, ਨਸ਼ਾ, ਤਾਕਤ, ਗੁੰਡਾਗਰਦੀ ਹਰ ਤਰ੍ਹਾਂ ਦਾ ਹਥਿਆਰ ਵਰਤ ਕੇ ਜਿੱਤਣ ਦੀ ਜ਼ਿਦ ਹੀ ਬਹੁਤੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਕਾਰਜਸ਼ੈਲੀ ਬਣ ਗਈ ਹੈ। ਇਸ ਉਪਰੰਤ ਸੱਤਾ ‘ਤੇ ਕਾਬਜ਼ ਹੋ ਕੇ, ਫਿਰ ਬੇਤਹਾਸ਼ਾ ਲੁੱਟ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਨਿੱਤ ਦਿਨ ਦੇ ਘੋਟਾਲੇ ਲੱਖਾਂ, ਹਜ਼ਾਰਾਂ ਦੇ ਨਹੀਂ ਸਗੋਂ ਕਰੋੜਾਂ, ਹਜ਼ਾਰਾਂ-ਕਰੋੜਾਂ ਦੇ ਇਹੋ ਦੱਸਦੇ ਹਨ ਕਿ ਦੇਸ਼ ਅੰਦਰ ਸਭ ਕੁਝ ਰਾਜਨੀਤੀ ਸਦਕਾ ਹੀ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਪੈਰੇ ਦਾ ਢੁੱਕਵਾਂ ਸਿਰਲੇਖ ਦਿਓ।

ਪ੍ਰਸ਼ਨ 2. ਅੱਜ ਚੋਣਾਂ ਅੰਦਰ ਕੀ ਕੁਝ ਹੁੰਦਾ ਹੈ ?

ਪ੍ਰਸ਼ਨ 3. ਚੋਣਾਂ ਕਿਵੇਂ ਜਿੱਤੀਆਂ ਜਾਂਦੀਆਂ ਹਨ ?

ਪ੍ਰਸ਼ਨ 4. ਪੈਰੇ ਵਿੱਚ ਵਰਤੇ ਵਿਸ਼ੇਸ਼ਣ ਦੱਸੋ।

ਪ੍ਰਸ਼ਨ 5. ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।

ਹਲਚਲ, ਕਾਰਜਸ਼ੈਲੀ, ਸਿਲਸਿਲਾ