ਅਣਡਿੱਠਾ ਪੈਰਾ – ਚੇਤਨ ਅਤੇ ਅਵਚੇਤਨ ਮਨ

ਸੁਚੇਤ ਮਨ

ਹੇਠ ਦਿੱਤੇ ਅਣਡਿੱਠੇ ਪੈਰੇ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਇੱਕ ਵਿਦਿਆਰਥੀ, ਇਮਤਿਹਾਨ ਦੇਣ ਜਾਂਦਾ ਹੈ। ਹਿਸਾਬ ਦਾ ਪਰਚਾ ਹੈ, ਪਹਿਲਾ ਹੀ ਸਵਾਲ ਗ਼ਲਤ ਨਿਕਲ ਆਉਂਦਾ ਹੈ, ਹੁਣ ਜਿਉਂ-ਜਿਉਂ ਉਹ ਇਸੇ ਸਵਾਲ ਨੂੰ ਠੀਕ ਕੱਢਣ ਦੇ ਯਤਨ ਕਰਦਾ ਹੈ, ਤਿਉਂ-ਤਿਉਂ ਉਲਝਣਾਂ ਪੈਂਦੀਆਂ ਜਾਂਦੀਆਂ ਹਨ। ਇਸ ਸਵਾਲ ਨੂੰ ਠੀਕ ਹੱਲ ਕਰਨਾ, ਸੁਚੇਤ ਮਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਅੱਕ ਕੇ ਉਹ ਇਸ ਸਵਾਲ ਨੂੰ ਛੱਡ ਕੇ, ਬਾਕੀ ਦਾ ਪਰਚਾ ਕਰਦਾ ਹੈ, ਅਖੀਰ ’ਤੇ ਫਿਰ ਪਹਿਲੇ ਸਵਾਲ ਨੂੰ ਹੀ ਹੱਲ ਕਰਨ ਦਾ ਯਤਨ ਕਰਦਾ ਹੈ ਤੇ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਉਹ ਸਵਾਲ ਠੀਕ ਨਿਕਲ ਆਉਂਦਾ ਹੈ। ਵਿਦਿਆਰਥੀ ਨੂੰ ਉਸ ਉਲਝਣ ਵਿੱਚੋਂ ਕਿਸ ਨੇ ਕੱਢਿਆ ? ਮਨ ਦੀ ਅਚੇਤ ਅਵਸਥਾ ਨੇ, ਕਿਉਂਕਿ ਸੁਚੇਤ ਮਨ ਤਾਂ ਬਾਕੀ ਪਰਚਾ ਕਰਨ ਵਿੱਚ ਰੁੱਝਾ ਹੋਇਆ ਸੀ, ਇਤਨੇ ਸਮੇਂ ਵਿੱਚ ਅਚੇਤ ਮਨ ਨੂੰ ਮੌਕਾ ਮਿਲ ਗਿਆ ਕਿ ਸੁਚੇਤ ਮਨ ਨੂੰ ਰਾਹ ਦੱਸ ਸਕੇ। ਰਾਤ ਨੂੰ ਸੌਣ ਵੇਲੇ ਇੱਕ ਵਿਦਿਆਰਥੀ ਆਪਣੇ ਆਪ ਨੂੰ ਇਹ ਆਖਦਾ ਹੈ ਕਿ ਸਵੇਰੇ ਚਾਰ ਵਜੇ ਜਗਾ ਦੇਣਾ। ਇਹ ਗੱਲ ਆਖਣ ਵਾਲਾ ਸੁਚੇਤ ਮਨ ਹੈ ਜੋ ਥੱਕੇ ਹੋਏ ਸਰੀਰ ਦੇ ਨਾਲ ਹੀ ਨੀਂਦ ਵਿੱਚ ਚਲਾ ਜਾਂਦਾ ਹੈ, ਪਰ ਪੂਰੇ ਚਾਰ ਵਜੇ ਉਸ ਨੂੰ ਜਾਗ ਆ ਜਾਂਦੀ ਹੈ, ਕਿਸ ਨੇ ਜਗਾਇਆ ? ਅਚੇਤ ਮਨ ਨੇ, ਜੋ ਸੁਚੇਤ ਮਨ ਦੇ ਅਰਾਮ ਕਰਨ ਤੇ ਪਹਿਰੇ ‘ਤੇ ਆ ਖਲੋਂਦਾ ਹੈ। ਜੀਵਨ ਦੇ ਅਜਿਹੇ ਕਈ ਹੋਰ ਰੋਜ਼ਾਨਾ ਤਜ਼ਰਬੇ ਸਾਨੂੰ ਇਹ ਯਕੀਨ ਦੁਆਉਂਦੇ ਹਨ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਨਿਰਾ ਸੁਚੇਤ ਮਨ ਹੀ ਨਹੀਂ ਦੌੜਦਾ-ਭੱਜਦਾ, ਮਨ ਦੀ ਅਚੇਤ ਅਵਸਥਾ ਨਾਲ ਵੀ ਸਾਨੂੰ ਰੋਜ਼ ਹੀ ਵਾਹ ਪੈਂਦਾ ਹੈ।


ਪ੍ਰਸ਼ਨ 1. ਮਨੁੱਖੀ ਮਨ ਦੇ ਕਿਹੜੇ ਦੋ ਭਾਗ ਹਨ ?

(ੳ) ਅਚੇਤ ਅਤੇ ਸੁਚੇਤ
(ਅ) ਚਤਰ ਤੇ ਮੂਰਖ
(ੲ) ਕ੍ਰੋਧ ਤੇ ਮੋਹ
(ਸ) ਰੋਣਾ ਤੇ ਹਾਸਾ

ਪ੍ਰਸ਼ਨ 2. ਮਨੁੱਖ ਆਪਣੇ ਨਿਤ ਦੇ ਕੰਮ ਕਰਨ ਲਈ ਕਿਹੜੇ ਮਨ ਤੋਂ ਕੰਮ ਲੈਂਦਾ ਹੈ ?

(ੳ) ਅਚੇਤ ਤੋਂ
(ਅ) ਅਵਚੇਤਨ ਤੋਂ
(ੲ) ਸੁਚੇਤ ਤੋਂ
(ਸ) ਸਮੂਹਿਕ ਅਵਚੇਤਨ ਤੋਂ

ਪ੍ਰਸ਼ਨ 3. ਸੁਚੇਤ ਮਨ ਦੇ ਨਾਲ-ਨਾਲ ਕਿਹੜੇ ਮਨ ਦੀ ਅਵਸਥਾ ਵੀ ਕੰਮ ਕਰਦੀ ਹੈ ?

(ੳ) ਅਰਧ ਅਵਚੇਤਨ ਦੀ
(ਅ) ਅਚੇਤ ਅਵਸਥਾ ਦੀ
(ੲ) ਸਮੂਹਿਕ ਚੇਤਨਾ ਦੀ
(ਸ) ਚੇਤਨ ਅਤੇ ਅਰਧ ਅਵਚੇਤਨ ਦੀ

ਪ੍ਰਸ਼ਨ 4. ਸੁਚੇਤ ਮਨ ਦੇ ਅਰਾਮ ਕਰਨ ‘ਤੇ ਕਿਹੜਾ ਮਨ ਉਸ ਦੇ ਪਹਿਰੇ ‘ਤੇ ਆ ਖੜ੍ਹਾ ਹੁੰਦਾ ਹੈ ?

(ੳ) ਅਰਧ ਅਵਚੇਤਨ
(ਅ) ਅਚੇਤ ਮਨ
(ੲ) ਅਰਧ ਅਤੇ ਸਮੂਹਿਕ ਚੇਤਨ
(ਸ) ਸਮੂਹਿਕ ਚੇਤਨ

ਪ੍ਰਸ਼ਨ 5. ਇਸ ਪੈਰੇ ਦਾ ਸਹੀ ਸਿਰਲੇਖ ਕੀ ਹੈ ?

(ੳ) ਸੁਚੇਤ ਮਨ
(ਅ) ਅਚੇਤ ਮਨ
(ੲ) ਸੁਚੇਤ ਤੇ ਅਚੇਤ ਮਨ
(ਸ) ਰੋਜ਼ਾਨਾ ਤਜ਼ਰਬੇ