ਅਣਡਿੱਠਾ ਪੈਰਾ – ਟੋਕੀਓ ਅਤੇ ਨਿਊਯਾਰਕ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਇੱਕ ਦਿਨ ਮੈਂ ਦੁਨੀਆ ਦੀ ਸਭ ਤੋਂ ਵੱਡੀ ਦੁਕਾਨ ਵਿੱਚ, ਜਿੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੀਕ ਵਿਕਦਾ ਹੈ, ਜੁਰਾਬਾਂ ਦਾ ਇੱਕ ਜੋੜਾ ਖ਼ਰੀਦਣ ਗਿਆ। ਸੋਚਿਆ, ਇਸੇ ਬਹਾਨੇ ਇਸ ਵੱਡੀ ਦੁਕਾਨ ਦਾ ਨਜ਼ਾਰਾ ਵੀ ਕਰ ਲਵਾਂਗਾ। ਮੈਂ ਟੋਕੀਓ ਤੇ ਪੈਰਸ ਦੇ ਵੱਡੇ ਸਟੋਰ ਤੱਕੇ ਸਨ। ਉਹਨਾਂ ਦੀ ਸਜਾਵਟ, ਸ਼ਿੰਗਾਰ, ਤਰਤੀਬ ਤੱਕ ਕੇ ਬਹੁਤ ਪ੍ਰਭਾਵਿਤ ਹੋਇਆ ਸਾਂ। ਟੋਕੀਓ ਦੇ ਇੱਕ ਅੱਠ-ਮੰਜ਼ਲਾ ਸਟੋਰ ਵਿੱਚ ਹਰ ਮੰਜ਼ਲ ਦੀ ਹਰ ਪੌੜੀ ਅੱਗੇ ਸਜੀ-ਸਜਾਈ ਜਪਾਨੀ ਕੁੜੀ ਇਸ ਲਈ ਖੜ੍ਹੀ ਹੁੰਦੀ ਕਿ ਹਰ ਆਉਣ ਜਾਣ ਵਾਲੇ ਦਾ ਦੂਹਰੀ ਹੋ ਕੇ ਧੰਨਵਾਦ ਕਰੇ, ਗਾਹਕ ਚੀਜ਼ ਲਵੇ ਭਾਵੇਂ ਨਾ। ਸਟੋਰ ਦੇ ਵਿੱਚ ਰੈਸਟੋਰੈਂਟ, ਡਾਕਖ਼ਾਨਾ, ਹੱਥ ‘ਚੋਂ ਫੁੱਲਾਂ ਦੀਆਂ ਕਿਆਰੀਆਂ ਅਤੇ ਬੱਚਿਆਂ ਦੇ ਦਿਲ-ਪ੍ਰਚਾਵੇ ਲਈ ਚਿੜੀਆ-ਘਰ ਵੀ ਸੀ। ਵਿਚਕਾਰ ਉੱਚੇ ਥੜ੍ਹੇ ਉੱਤੇ ਹੀਰਿਆਂ-ਪੰਨਿਆਂ ਨਾਲ ਜੁੜੀ ਇੱਕ ਮੂਰਤੀ ਸੀ ਜੋ ਗਾਹਕਾਂ ਨੂੰ ਪ੍ਰਸੰਨ ਕਰਨ ਲਈ ਉੱਥੇ ਰੱਖੀ ਗਈ ਸੀ। ਨਿਊਯਾਰਕ ਦੀ ਇਸ ਵੱਡੀ ਦੁਕਾਨ ਦੇ ਬੂਹੇ ਵਿੱਚ ਵੜਦਿਆਂ ਸਾਰ ਪੰਛੀਆਂ ਦੀ ਚਹਿਚਹਾਟ ਸੁਣਾਈ ਦਿੱਤੀ। ਉੱਥੇ ਫੁੱਲਾਂ ਦੇ ਗੁਲਦਸਤੇ ਅਤੇ ਬੂਟੇ ਸਨ। ਜੀਅ ਖ਼ੁਸ਼ ਹੋ ਗਿਆ।


ਪ੍ਰਸ਼ਨ 1. ਲੇਖਕ ਦੁਨੀਆ ਦੀ ਕਿਹੜੀ ਦੁਕਾਨ ਵਿੱਚ ਗਿਆ ?

(ੳ) ਵੱਡੀ
(ਅ) ਬਹੁਤ ਵੱਡੀ
(ੲ) ਸਭ ਤੋਂ ਵੱਡੀ
(ਸ) ਪ੍ਰਸਿੱਧ/ਮਸ਼ਹੂਰ

ਪ੍ਰਸ਼ਨ 2. ਲੇਖਕ ਨੇ ਕਿੱਥੋਂ ਦੇ ਵੱਡੇ ਸਟੋਰ ਦੇਖੇ ਸਨ ?

(ੳ) ਭਾਰਤ ਦੇ
(ਅ) ਅਮਰੀਕਾ ਦੇ
(ੲ) ਟੋਕੀਓ ਤੇ ਪੈਰਸ ਦੇ
(ਸ) ਚੀਨ ਦੇ

ਪ੍ਰਸ਼ਨ 3. ਟੋਕੀਓ ਦੇ ਇੱਕ ਅੱਠ ਮੰਜ਼ਲਾ ਸਟੋਰ ਵਿੱਚ ਹਰ ਮੰਜ਼ਲ ਦੀ ਹਰ ਪੌੜੀ ਅੱਗੇ ਸਜੀ ਸਜਾਈ ਜਪਾਨੀ ਕੁਡ਼ੀ ਕਿਉਂ ਖੜੀ ਹੁੰਦੀ ਸੀ ?

(ੳ) ਆਉਣ-ਜਾਣ ਵਾਲੇ ਦਾ ਧੰਨਵਾਦ ਕਰਨ ਲਈ
(ਅ) ਦਰਵਾਜ਼ਾ ਖੋਲ੍ਹਣ ਲਈ
(ੲ) ਆਉਣ-ਜਾਣ ਵਾਲੇ ਨੂੰ ਰੋਕਣ ਲਈ
(ਸ) ਗਾਹਕਾਂ ਨੂੰ ਖਿੱਚਣ ਲਈ

ਪ੍ਰਸ਼ਨ 4. ਉੱਚੇ ਥੜ੍ਹੇ ਉੱਤੇ ਕਿਹੜੀ ਮੂਰਤੀ ਰੱਖੀ ਗਈ ਸੀ ?

(ੳ) ਲਾਲ ਰੰਗ ਦੀ
(ਅ) ਆਕਰਸ਼ਕ
(ੲ) ਹੀਰਿਆਂ-ਪੰਨਿਆਂ ਨਾਲ ਜੜੀ
(ਸ) ਚਿੱਟੇ ਰੰਗ ਦੀ

ਪ੍ਰਸ਼ਨ 5. ਨਿਊਯਾਰਕ ਦੀ ਵੱਡੀ ਦੁਕਾਨ ਦੇ ਬੂਹੇ ਵਿੱਚ ਵੜਦਿਆਂ ਹੀ ਕਿਹੜੀ ਅਵਾਜ਼ ਸੁਣਾਈ ਦਿੱਤੀ?

(ੳ) ਸੰਗੀਤ ਦੀ
(ਅ) ਗੀਤ ਦੀ
(ੲ) ਭੰਗੜੇ ਦੀ
(ਸ) ਪੰਛੀਆਂ ਦੀ ਚਹਿਚਹਾਟ ਦੀ