ਗੱਲ-ਬਾਤ ਕਰ ਸਕਣ ਦੀ ਯੋਗਤਾ ਮਨੁੱਖੀ ਨਸਲ ਲਈ ਕੁਦਰਤ ਵਲੋਂ ਬਖ਼ਸ਼ਿਆ ਇੱਕ ਵਰਦਾਨ ਹੈ ਅਤੇ ਜਾਨਵਰ-ਜਗਤ ਵਿੱਚੋਂ ਇਕ ਤੋਹਫ਼ਾ ਮਨੁੱਖ ਦੇ ਹੀ ਹਿੱਸੇ ਆਇਆ ਹੈ। ਉੱਞ, ਜਾਨਵਰ ਵੀ ਵੱਖ-ਵੱਖ ਤਰ੍ਹਾਂ ਦੀਆਂ ਅਵਾਜ਼ਾਂ ਤੇ ਹਰਕਤਾਂ ਦੁਆਰਾ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਹੈ। ਆਪਸੀ ਗੱਲ-ਬਾਤ ਕਰਨ ਤੋਂ ਬਿਨਾਂ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੈ। ਤੁਸੀਂ ਕਿਵੇਂ ਗੱਲ-ਬਾਤ ਕਰਦੇ ਹੋ, ਯਾਨੀ ਤੁਹਾਡਾ ਗੱਲ ਕਰਨ ਦਾ ਅੰਦਾਜ਼ ਤੇ ਲਹਿਜਾ ਕਿਹੋ-ਜਿਹਾ ਹੈ. ਇਸ ਦਾ ਤੁਹਾਡੇ ਸਮਾਜਿਕ ਜੀਵਨ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਬੇਲ- ਬਾਣੀ ਤੁਹਾਡੇ ਪੂਰੇ ਆਪੇ ਨੂੰ ਉਘਾੜਦੀ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਤੁਹਾਡੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਤੁਹਾਡੀ ਬੋਲ-ਬਾਣੀ ਨਾਲ ਸਿੱਧਾ ਸੰਬੰਧ ਹੈ। ਗੱਲ-ਬਾਤ ਰਾਹੀਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਦਿਮਾਗੀ ਭਾਰ ਹੌਲਾ ਹੁੰਦਾ ਹੈ। ਇਹੋ ਕਾਰਨ ਹੈ ਕਿ ਵਿਚਾਰਾਂ ਦੇ ਲੈਣ-ਦੇਣ ਨਾਲ ਮਨੁੱਖ ਆਪਣੇ-ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰਦਾ ਹੈ। ਮਨੋਵਿਗਿਆਨ ਦੱਸਦਾ ਹੈ ਕਿ ਇੱਕ-ਦੂਜੇ ਕੋਲ ਆਪਣੇ ਮਨ ਦੀ ਗੁੱਥੀ ਖੋਲ੍ਹਣ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ, ਕਿਉਂਕਿ ਇਸ ਨਾਲ ਮਨੁੱਖ ਦੀਆਂ ਕੁੱਝ ਸਮੱਸਿਆਵਾਂ ਸੁਤੇ-ਸਿੱਧ ਹੀ ਹੱਲ ਹੋ ਜਾਂਦੀਆਂ ਹਨ। ਮਨੋਵਿਗਿਆਨ ਇਹ ਵੀ ਦੱਸਦਾ ਹੈ ਕਿ ਵਧੇਰੇ ਚੁੱਪ ਰਹਿਣ ਵਾਲਾ ਵਿਅਕਤੀ ਆਮ ਤੌਰ ‘ਤੇ ਕਿਸੇ ਮਾਨਸਿਕ ਉਲਝਣ ਦਾ ਸਿਕਾਰ ਹੁੰਦਾ ਹੈ। ਅਜਿਹਾ ਵਿਅਕਤੀ, ਸੁਭਾਵਿਕ ਹੀ ਆਪਣੇ ਆਲੇ-ਦੁਆਲੇ ਵਿਆਕੁਲ ਕਰਨ ਵਾਲੀ ਚੁੱਪ ਦਾ ਮਾਹੌਲ ਪੈਦਾ ਕਰਦਾ ਹੈ, ਜਦੋਂ ਕਿ ਅੱਛੀ ਤਰ੍ਹਾਂ ਗੱਲ- ਬਾਤ ਕਰਨ ਦੇ ਸਲੀਕੇ ਤੋਂ ਵਾਕਫ਼ ਵਿਅਕਤੀ ਦੀ ਸ਼ਖ਼ਸੀਅਤ ਵਿੱਚ ਚੁੰਬਕੀ ਖਿੱਚ ਹੁੰਦੀ ਹੈ ਅਤੇ ਉਹ ਆਪਣੇ ਆਲੇ-ਦੁਆਲੇ ‘ਤੀਆਂ ਵਰਗੀਆਂ’ ਖ਼ੁਸ਼ੀਆਂ ਖਿਲਾਰਦਾ ਹੈ।
ਉੱਪਰ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ (ੳ) ਜਾਨਵਰ-ਜਗਤ ਵਿੱਚੋਂ ਮਨੁੱਖੀ ਨਸਲ ਲਈ ਕੁਦਰਤ ਨੇ ਕੀ ਵਰਦਾਨ ਬਖ਼ਸ਼ਿਆ ਹੈ?
ਉੱਤਰ : ਜਾਨਵਰ ਜਗਤ ਵਿਚੋਂ ਕਦਰਤ ਨੇ ਮਨੁੱਖੀ ਨਸਲ ਨੂੰ ਗੱਲ-ਬਾਤ ਕਰ ਸਕਣ ਦੀ ਯੋਗਤਾ ਦਾ ਵਰਦਾਨ ਬਖਸ਼ਿਆ ਹੈ।
ਪ੍ਰਸ਼ਨ (ਅ) ਜਾਨਵਰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਿਵੇਂ ਕਰਦੇ ਹਨ?
ਉੱਤਰ : ਜਾਨਵਰ ਭਿੰਨ-ਭਿੰਨ ਤਰ੍ਹਾਂ ਦੀਆਂ ਅਵਾਜ਼ਾਂ ਤੇ ਹਰਕਤਾਂ ਦੁਆਰਾ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ।
ਪ੍ਰਸ਼ਨ (ੲ) ਤੁਹਾਡੇ ਗੱਲ ਕਰਨ ਦੇ ਅੰਦਾਜ਼ ਦਾ ਤੁਹਾਡੇ ਸਮਾਜਿਕ ਜੀਵਨ ‘ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ : ਸਾਡੇ ਗੱਲ-ਬਾਤ ਕਰਨ ਦੇ ਅੰਦਾਜ਼ ਦਾ ਸਾਡੇ ਸਮਾਜਿਕ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਬੋਲ-ਬਾਣੀ ਸਾਡੇ ਪੂਰੇ ਆਪੇ ਨੂੰ ਉਘਾੜਦੀ ਹੈ। ਇਸ ਨਾਲ ਸਾਡੀਆਂ ਸਫਲਤਾਵਾਂ ਤੇ ਅਸਫਲਤਾਵਾਂ ਜੁੜੀਆਂ ਰਹਿੰਦੀਆਂ ਹਨ।
ਪ੍ਰਸ਼ਨ (ਸ) ਮਨੋਵਿਗਿਆਨ ਅਨੁਸਾਰ ਮਾਨਸਿਕ ਤਣਾਅ ਤੋਂ ਰਾਹਤ ਕਿਵੇਂ ਮਿਲਦੀ ਹੈ?
ਉੱਤਰ : ਮਨੋਵਿਗਿਆਨ ਅਨੁਸਾਰ ਇਕ-ਦੂਜੇ ਕੋਲ ਆਪਣੇ ਮਨ ਦੀ ਗੁੱਥੀ ਖੋਲ੍ਹਣ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਤੇ ਮਨੁੱਖ ਆਪਣੇ ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰਦਾ ਹੈ।
ਪ੍ਰਸ਼ਨ (ਹ) ਮਨੋਵਿਗਿਆਨ ਅਨੁਸਾਰ ਬਹੁਤਾ ਚੁੱਪ ਰਹਿਣ ਵਾਲਾ ਵਿਅਕਤੀ ਕਿਸ ਗੱਲ ਦਾ ਸ਼ਿਕਾਰ ਹੁੰਦਾ ਹੈ?
ਉੱਤਰ : ਮਨੋਵਿਗਿਆਨ ਅਨੁਸਾਰ ਬਹੁਤਾ ਚੁੱਪ ਰਹਿਣ ਵਾਲਾ ਵਿਅਕਤੀ ਆਮ ਕਰਕੇ ਕਿਸੇ ਮਾਨਸਿਕ ਉਲਝਣ ਦਾ ਸ਼ਿਕਾਰ ਹੁੰਦਾ ਹੈ।
ਪ੍ਰਸ਼ਨ (ਕ) ਕਿਸ ਦੀ ਸ਼ਖ਼ਸੀਅਤ ਵਿਚ ਚੁੰਬਕੀ ਖਿੱਚ ਹੁੰਦੀ ਹੈ?
ਉੱਤਰ : ਚੰਗੀ ਗੱਲ-ਬਾਤ ਕਰਨ ਦੇ ਸਲੀਕੇ ਤੋਂ ਵਾਕਫ਼ ਵਿਅਕਤੀ ਦੀ ਸ਼ਖ਼ਸੀਅਤ ਵਿਚ ਚੁੰਬਕੀ ਖਿੱਚ ਹੁੰਦੀ ਹੈ।