ਅਣਡਿੱਠਾ ਪੈਰਾ – ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਅਤੇ ਬਾਬਰੀ ਹਮਲਾ
ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਵਿਚ ਰਾਜਸੀ ਪਰਿਵਰਤਨ ਆਇਆ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਹਾਰ ਗਿਆ ਅਤੇ ਬਾਬਰ ਦੀਆਂ ਫੌਜਾਂ ਜਿੱਤ ਗਈਆਂ। ਬਾਬਰ ਦਿੱਲੀ ਦੇ ਤਖ਼ਤ ‘ਤੇ ਬੈਠ ਗਿਆ। ਬਾਬਰ ਦੇ ਹਮਲੇ ਵੇਲੇ ਪੰਜਾਬ ਉੱਪਰ ਭਾਰੀ ਕਹਿਰ ਵਰਤਿਆ। ਅਨੇਕਾਂ ਲੋਕ ਮਾਰੇ ਗਏ, ਲੁੱਟ ਮਾਰ ਹੋਈ, ਅਨੇਕ ਇਸਤਰੀਆਂ ਦੀ ਪੱਤ ਰੋਲੀ ਗਈ। ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੀ ਇਸ ਭਿਆਨਕ ਦੁਰਦਸ਼ਾ ਨੂੰ ਦਰਦਮੰਦ ਹਿਰਦੇ ਨਾਲ ਅਨੁਭਵ ਕੀਤਾ। ਉਨ੍ਹਾਂ ਨੇ ਆਪਣੀ ਬਾਣੀ ਵਿਚ ਵੀ ਇਸ ਤਬਾਹੀ ਦਾ ਵਰਨਣ ਬਹੁਤ ਕਰੁਣਾਤਮਕ ਸ਼ਬਦਾਂ ਵਿਚ ਕੀਤਾ ਹੈ। ਆਮ ਤੌਰ ‘ਤੇ ਧਾਰਮਕ ਆਗੂ ਜਾਂ ਸਾਧੂ-ਸੰਤ ਕੇਵਲ ਆਤਮਾ-ਪਰਮਾਤਮਾ ਦੀਆਂ ਹੀ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਨਾਲ ਬਹੁਤਾ ਸਰੋਕਾਰ ਨਹੀਂ ਹੁੰਦਾ, ਪਰ ਗੁਰੂ ਨਾਨਕ ਜੀ ਅਜਿਹੇ ਮਹਾਂਪੁਰਖ ਨਹੀਂ ਸਨ, ਜੋ ਲੋਕਾਂ ਦੇ ਦੁੱਖ-ਦਰਦ ਤੋਂ ਅਭਿੱਜ ਰਹਿੰਦੇ। ਉਨ੍ਹਾਂ ਨੇ ਅਨੁਭਵ ਕਰਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆਨ-ਧਿਆਨ ਨਹੀਂ; ਧਰਮ ਤਾਂ ਮਨੁੱਖ ਦੇ ਦੁੱਖਾਂ ਤੇ ਪਾਪਾਂ ਨੂੰ ਨਵਿਰਤ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਲੱਖਾਂ ਇਨਸਾਨਾਂ ਨੂੰ ਸੰਤਾਪੇ ਤਾਂ ਇਸ ਤੋਂ ਅੱਖਾਂ ਮੀਟਣਾ ਪਾਪ ਹੈ। ਸੋ ਗੁਰੂ ਜੀ ਨੇ ਜ਼ੁਲਮ ਤੇ ਜਬਰ ਵਿਰੁੱਧ ਅਵਾਜ਼ ਉਠਾਈ। ਇਸ ਅਤਿਆਚਾਰ ਨੂੰ ਖ਼ੂਨੀ ਸਾਕਾ ਆਖ ਕੇ ਦੇਸ਼ ਦੇ ਲੋਕਾਂ ਨੂੰ ਵੰਗਾਰਿਆ, ਨਾਲ ਹੀ ਉਨ੍ਹਾਂ ਇਹ ਵੀ ਪ੍ਰੇਰਨਾ ਦਿੱਤੀ ਕਿ ਜਿਹੜੀ ਕੌਮ ਨੇਕੀ ਨੂੰ ਭੁੱਲ ਜਾਂਦੀ ਹੈ, ਉਸਦੀ ਦੁਰਦਸ਼ਾ ਹੋਣੀ ਅਵੱਸ਼ਕ ਹੈ। ਸੋ ਨੇਕੀ ਅਤੇ ਭਗਤੀ ਦਾ ਪੱਖ ਹੀ ਹੈ ਜਿਸ ਨਾਲ ਲੋਕ ਸੂਰਮੇ ਤੇ ਯੋਧੇ ਬਣ ਕੇ ਬਾਬਰ ਵਰਗੇ ਜਾਬਰਾਂ ਦਾ ਮੁਕਾਬਲਾ ਕਰ ਸਕਦੇ ਹਨ। ਜੇ ਭਾਰਤ ਵਾਸੀਆਂ ਨੇ ਇਹ ਗੱਲ ਨਾ ਚਿਤਾਰੀ ਤਾਂ ਮੁੜ ਦੁੱਖੀ ਹੋਣਗੇ। ਇਸ ਬਾਰੇ ਵੀ ਉਨ੍ਹਾਂ ਨੇ ਆਪਣੀ ਬਾਣੀ ਵਿਚ ਚਿਤਾਵਨੀ ਦਿੱਤੀ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਉਪਰੋਕਤ ਪੈਰੋਂ ਦਾ ਸਿਰਲੇਖ ਲਿਖੋ।
ਪ੍ਰਸ਼ਨ 2. ਉਪਰੋਕਤ ਪੈਰ੍ਹੇ ਦਾ ਸੰਖੇਪ ਲਿਖੋ।
ਪ੍ਰਸ਼ਨ 3. ਔਖੇ ਸ਼ਬਦਾਂ ਦੇ ਅਰਥ ਲਿਖੋ।
ਪ੍ਰਸ਼ਨ 4. ਬਾਬਰ ਦੇ ਹਮਲੇ ਵੇਲੇ ਪੰਜਾਬ ਵਿਚ ਕੀ ਵਾਪਰਿਆ? ਗੁਰੂ ਨਾਨਕ ਦੇਵ ਜੀ ਨੇ ਇਸ ਸਾਰੇ ਕੁਝ ਨੂੰ ਵੇਖ ਕੇ ਕੀ ਕੀਤਾ ?
ਪ੍ਰਸ਼ਨ 5. ਭਾਰਤ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਚਿਤਾਵਨੀ ਦਿੱਤੀ?
ਔਖੇ ਸ਼ਬਦਾਂ ਦੇ ਅਰਥ
ਸਰੋਕਾਰ – ਸੰਬੰਧ
ਜਾਬਰਾਂ – ਜ਼ਾਲਮਾਂ
ਨਵਿਰਤ – ਦੂਰ
ਚਿਤਾਰੀ – ਯਾਦ ਰੱਖੀ