ਅਣਡਿੱਠਾ ਪੈਰਾ – ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਦਾ ਧਰਮ

ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰੀ ਰਾਜਸੀ ਅਦਲ – ਬਦਲ ਹੋਇਆ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਹਾਰ ਗਿਆ ਤੇ ਮੁਗ਼ਲ ਬਾਬਰ ਬਾਦਸ਼ਾਹ ਬਣ ਗਿਆ। ਬਾਬਰ ਦੇ ਹੱਲੇ ਨਾਲ ਪੰਜਾਬ ਉੱਤੇ ਭਾਰੀ ਕਹਿਰ ਵਰਤਿਆ। ਅਨੇਕਾਂ ਜੀਵ ਮਾਰੇ ਗਏ, ਲੁੱਟ – ਮਾਰ ਹੋਈ, ਇਸਤਰੀਆਂ ਦੀ ਬੇਪਤੀ ਦੇ ਦ੍ਰਿਸ਼ ਤੱਕਣ ਵਿੱਚ ਆਏ। ਗੁਰੂ ਨਾਨਕ ਦੇਵ ਜੀ ਨੇ ਦੇਸ ਦੀ ਇਸ ਦੁਰਦਸ਼ਾ ਨੂੰ ਦਰਦਮੰਦ ਹਿਰਦੇ ਨਾਲ਼ ਅਨੁਭਵ ਕੀਤਾ ਅਤੇ ਹਿੰਦੁਸਤਾਨ ਦਾ ਦੁੱਖ ਦੇਖ ਕੇ ਉਸ ਨੂੰ ਕਰੁਣਾਮਈ ਸ਼ਬਦਾਂ ਵਿੱਚ ਪ੍ਰਗਟਾਇਆ। ਧਾਰਮਕ ਗੁਰੂ, ਪੀਰ ਆਮ ਕਰਕੇ ਜੋ ਕੁਝ ਰਾਜ ਕਾਰਜ ਦੇ ਖੇਤਰ ਵਿੱਚ ਵਰਤਦਾ ਸੀ, ਉਸ ਤੋਂ ਅਲੱਗ ਹੀ ਰਹਿੰਦੇ ਸਨ ਪਰ ਗੁਰੂ ਨਾਨਕ ਦੇਵ ਨੇ ਅਨੁਭਵ ਕਰਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆਨ – ਧਿਆਨ ਨਹੀਂ। ਧਰਮ ਮਨੁੱਖ ਦੇ ਦੁੱਖ ਪਾਪ ਨੂੰ ਨਵਿਰਤ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਲੱਖਾਂ ਮਨੁੱਖਾਂ ਨੂੰ ਸੰਤਾਪੇ ਤਾਂ ਇਸ ਤੋਂ ਅੱਖਾਂ ਮੀਟਣਾ ਪਾਪ ਹੈ। ਸੋ ਗੁਰੂ ਜੀ ਨੇ ਬਾਬਰ ਦੇ ਜਬਰ ਵਿਰੁੱਧ ਅਵਾਜ਼ ਉਠਾਈ। ਇਸ ਅੱਤਿਆਚਾਰ ਨੂੰ ਖ਼ੂਨੀ ਸਾਕਾ ਆਖ ਕੇ ਦੇਸ਼ ਦੇ ਲੋਕਾਂ ਨੂੰ ਵੰਗਾਰਿਆ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜਸੀ ਅਦਲ – ਬਦਲ ਕਿਵੇਂ ਹੋਇਆ ਤੇ ਉਹ ਕਿਹੋ ਜਿਹਾ ਸੀ?

ਪ੍ਰਸ਼ਨ 2 . ਗੁਰੂ ਨਾਨਕ ਦੇਵ ਜੀ ਨੇ ਧਰਮ ਬਾਰੇ ਕੀ ਅਨੁਭਵ ਕਰਾਇਆ?

ਪ੍ਰਸ਼ਨ 3 . ਗੁਰੂ ਨਾਨਕ ਦੇਵ ਜੀ ਨੇ ‘ਖੂਨੀ ਸਾਕਾ’ ਕਿਸ ਨੂੰ ਕਿਹਾ ਤੇ ਇਸ ਸਾਕੇ ਪ੍ਰਤੀ ਕੀ ਕੀਤਾ?

ਪ੍ਰਸ਼ਨ 4 . ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ।

ਕਹਿਰ, ਬੇਪਤੀ, ਤੱਕਣ, ਦੁਰਦਸ਼ਾ, ਨਵਿਰਤ, ਸੰਤਾਪੇ।

ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।


ਔਖੇ ਸ਼ਬਦਾਂ ਦੇ ਅਰਥ

ਕਹਿਰ = ਜ਼ੁਲਮ / ਅੱਤਿਆਚਾਰ

ਬੇਪਤੀ = ਬੇਇੱਜਤੀ

ਤੱਕਣ = ਵੇਖਣ

ਦੁਰਦਸ਼ਾ = ਮਾੜੀ ਹਾਲਤ

ਨਵਿਰਤ = ਦੂਰ

ਸੰਤਾਪੇ = ਤੰਗ ਕਰੇ