ਅਣਡਿੱਠਾ ਪੈਰਾ : ਗੁਰੂ ਜੀ ਦਾ ਕਵੀ ਦਰਬਾਰ


ਗੁਰੂ ਜੀ ਬੜੀ ਸੋਚ ਪਿੱਛੋਂ ਇਸ ਸਿੱਟੇ ‘ਤੇ ਪੁੱਜੇ ਕਿ ਤਾਲੀਮ ਹਾਸਲ ਕਰਨ ਦਾ ਸ਼ੌਕ ਸਿੱਖਾਂ ਵਿਚ ਆਮ ਹੋਣਾ ਚਾਹੀਦਾ ਹੈ। ਉਹ ਆਪ ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਤੇ ਪੰਜਾਬੀ ਤੇ ਉੱਚ ਵਿਦਵਾਨ ਸਨ। ਉਨ੍ਹਾਂ ਨੇ ਕਵੀ ਦਰਬਾਰਾਂ ਦਾ ਰਿਵਾਜ ਇਸ ਲਈ ਚਲਾਇਆ ਕਿ ਲੋਕਾਂ ਨੂੰ ਵਿੱਦਿਆ ਨਾਲ ਸ਼ੌਕ ਪੈਦਾ ਹੋ ਜਾਵੇ। ਇਨ੍ਹਾਂ ਦਰਬਾਰਾਂ ਵਿਚ ਬੜੀ ਉੱਚ-ਕੋਟੀ ਦੇ ਸ਼ਾਇਰ ਇਕੱਠੇ ਹੁੰਦੇ। ਕਵਿਤਾ ਅਤੇ ਲੇਖਣੀ ਦੇ ਮੁਕਾਬਲੇ ਹੁੰਦੇ। ਜਿਹੜੇ ਪਹਿਲੇ ਨੰਬਰਾਂ ਤੇ ਰਹਿੰਦੇ, ਉਨ੍ਹਾਂ ਨੂੰ ਗੁਰੂ ਦਰਬਾਰ ਤੋਂ ਸਿਰੋਪਾਉ ਤੇ ਇਨਾਮ ਮਿਲਦਾ।

ਗੁਰੂ ਜੀ ਨੇ ਆਪ-ਆਪਣੇ ਜੀਵਨ ਦੇ ਕੁਝ ਸਾਲ ਖ਼ਾਲਸਾ-ਪੰਥ ਸਜਾਉਣ ਤੋਂ ਪਹਿਲਾਂ ਇਕਾਂਤ ਵਿਚ ਪਹਾੜੀ ਟਿੱਲੇ ਪਰ ਗੁਜ਼ਾਰੇ ਸਨ। ਇਸ ਸਮੇਂ ਆਪ ਨੇ ਕਈ ਪੁਸਤਕਾਂ ਰਚੀਆਂ ਅਤੇ ਕਈ ਬਹੁ-ਮੁੱਲੇ ਹਿੰਦੀ ਤੇ ਸੰਸਕ੍ਰਿਤ ਗ੍ਰੰਥਾਂ ਦੇ ਤਰਜਮੇ ਕੀਤੇ ਤੇ ਹੋਰਾਂ ਤੋਂ ਵੀ ਕਰਵਾਏ। ਅਫ਼ਸੋਸ ਕਿ ਇਹ ਭਾਰੀ ਵਿੱਦਿਆ ਦਾ ਖ਼ਜਾਨਾ ਅਨੰਦਪੁਰ ਦੀ ਲੜਾਈ ਮਗਰੋਂ ਸਰਸਾ ਨਦੀ ਦੀ ਭੇਟ ਹੋ ਗਿਆ।


ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

ਪ੍ਰਸ਼ਨ (ੳ) ਗੁਰੂ ਜੀ ਕਿਹੜੀ-ਕਿਹੜੀ ਭਾਸ਼ਾ ਦੇ ਵਿਦਵਾਨ ਸਨ?

ਉੱਤਰ : ਗੁਰੂ ਜੀ ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਅਤੇ ਪੰਜਾਬੀ ਦੇ ਉੱਚ ਵਿਦਵਾਨ ਸਨ।

ਪ੍ਰਸ਼ਨ (ਅ) ਕਵੀ ਦਰਬਾਰ ਕਿਹੜੇ ਉਦੇਸ਼ ਨਾਲ ਸ਼ੁਰੂ ਕੀਤੇ ਗਏ?

ਉੱਤਰ : ਗੁਰੂ ਜੀ ਨੇ ਇਸ ਉਦੇਸ਼ ਨਾਲ ਕਵੀ ਦਰਬਾਰ ਸ਼ੁਰੂ ਕੀਤੇ ਕਿ ਲੋਕਾਂ ਵਿਚ ਵਿੱਦਿਆ ਦਾ ਸ਼ੌਕ ਪੈਦਾ ਹੋ ਜਾਵੇ।

ਪ੍ਰਸ਼ਨ (ੲ) ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਕੀ ਕੁੱਝ ਕੀਤਾ ਜਾਂਦਾ ਸੀ?

ਉੱਤਰ : ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਜੀ ਵਲੋਂ ਸਿਰੋਪਾਉ ਤੇ ਇਨਾਮ ਦਿੱਤੇ ਜਾਂਦੇ ਸੀ।

ਪ੍ਰਸ਼ਨ (ਸ) ਵਿੱਦਿਆ ਦਾ ਕਿਹੜਾ ਖ਼ਜ਼ਾਨਾ ਸਰਸਾ ਨਦੀ ਵਿਚ ਤਬਾਹ ਹੋ ਗਿਆ ?

ਉੱਤਰ : ਗੁਰੂ ਜੀ ਦੁਆਰਾ ਰਚੀਆਂ ਬਹੁਤ ਸਾਰੀਆਂ ਪੁਸਤਕਾਂ ਅਤੇ ਉਨ੍ਹਾਂ ਵਲੋਂ ਕਰਵਾਏ ਹਿੰਦੀ-ਸੰਸਕ੍ਰਿਤ ਗ੍ਰੰਥਾਂ ਦੇ ਤਰਜਮੇ ਸਰਸਾ ਨਦੀ ਵਿਚ ਤਬਾਹ ਹੋ ਗਏ।