ਅਣਡਿੱਠਾ ਪੈਰਾ – ਗੁਰਮੁਖੀ ਲਿਪੀ

ਗੁਰਮੁਖੀ ਲਿਪੀ ਦੀ ਵਰਤੋਂ

ਪੰਜਾਬੀ ਭਾਸ਼ਾ ਲਈ ਭਾਰਤੀ ਪੰਜਾਬ ਵਿੱਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਅਤੇ ਇਹ ਸਰਕਾਰ, ਸਿੱਖਿਆ, ਗ੍ਰੰਥਾਂ ਅਤੇ ਭਾਰਤੀ ਪੰਜਾਬ ਦੇ ਆਮ ਲੋਕਾਂ ਦੀ ਲਿਪੀ ਹੈ। ਪਾਕਿਸਤਾਨੀ ਪੰਜਾਬੀਆਂ ਦੀ ਲਿਪੀ ਸ਼ਾਹਮੁਖੀ (ਫ਼ਾਰਸੀ – ਉਰਦੂ) ਹੈ। ਪੰਜਾਬ ਤੋਂ ਬਾਹਰ ਪੜ੍ਹੇ ਕੁਝ ਲੋਕ ਪੰਜਾਬੀ ਨੂੰ ਲਿਖਣ ਲਈ ਦੇਵਨਾਗਰੀ ਦੀ ਵਰਤੋਂ ਕਰਦੇ ਹਨ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ, ਕੰਪਿਊਟਰ ਜਾਣਦੇ, ਖ਼ਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਅੰਗਰੇਜ਼ੀ ਟਾਈਪ ਕਰਨੀ ਸਿੱਖੀ ਹੈ ਅਤੇ ਕਾਫ਼ੀ ਵਿਦੇਸ਼ ਵੱਸਦੇ ਸੱਜਣ ਅਕਸਰ ਰੋਮਨ ਅੱਖਰਾਂ ਵਿੱਚ ਪੰਜਾਬੀ ਲਿਖਦੇ ਹਨ। ਸੋਸ਼ਲ ਮੀਡੀਆ (ਫੇਸ ਬੁੱਕ ਅਤੇ ਵਾਟਸ ਐੱਪ) ਉਪਰ ਵੀ ਕਈ ਲੋਕ ਰੋਮਨ ਲਿਪੀ ਵਰਤ ਲੈਂਦੇ ਹਨ ਲਿਪੀਆਂ ਦੀ ਘੜਮੱਸ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਵਿੱਚ ਰੋਕ ਹੈ। ਭਾਰਤੀ ਪੰਜਾਬ ਦੀ ਬਹੁ – ਗਿਣਤੀ ਨੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਸਿੱਖੀ ਹੋਈ ਹੈ। ਲੋਕਤੰਤਰੀ ਪੱਖ ਤੋਂ ਗੁਰਮੁਖੀ ਲਿਪੀ ਹੀ ਵਰਤਣੀ ਜਾਇਜ਼ ਹੈ। ਸਰਕਾਰੀ ਕੰਮ – ਕਾਜ ਅਤੇ ਸਿੱਖਿਆ ਦੇ ਮਾਧਿਅਮ ਲਈ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਹੀ ਪਰਵਾਨਤ ਲਿਪੀ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਗੁਰਮੁਖੀ ਲਿਪੀ ਦੀ ਵਰਤੋਂ ਕਿਸ ਭਾਸ਼ਾ ਲਈ ਕੀਤੀ ਜਾਂਦੀ ਹੈ?

ਪ੍ਰਸ਼ਨ 2 . ਪਾਕਿਸਤਾਨੀ ਪੰਜਾਬੀਆਂ ਦੀ ਲਿਪੀ ਕਿਹੜੀ ਹੈ?

ਪ੍ਰਸ਼ਨ 3 . ਪੰਜਾਬ ਤੋਂ ਬਾਹਰ ਪੜ੍ਹੇ ਲੋਕ ਪੰਜਾਬੀ ਨੂੰ ਲਿਖਣ ਲਈ ਕਿਸ ਲਿਪੀ ਦੀ ਵਰਤੋਂ ਕਰਦੇ ਹਨ?

ਪ੍ਰਸ਼ਨ 4 . ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਵਿੱਚ ਕਿਹੜੀ ਰੋਕ ਹੈ?

ਪ੍ਰਸ਼ਨ 5 . ਸਰਕਾਰੀ ਕੰਮਕਾਜ ਲਈ ਕਿਹੜੀ ਲਿਪੀ ਪਰਵਾਨਤ ਹੈ?