ਅਣਡਿੱਠਾ ਪੈਰਾ – ਕੰਮ ਦੀ ਸਹੀ ਚੋਣ

ਸਾਡੇ ਅਨੇਕਾਂ ਨੌਜਵਾਨ ਜ਼ਿੰਦਗੀ ਦੇ ਚੌਰਸਤੇ ਉੱਤੇ ਡਾਵਾਂਡੋਲ ਖੜੋਤੇ ਵਿਖਾਈ ਦੇ ਰਹੇ ਹਨ। ਉਹ ਹਰ ਪਾਸੇ ਵੇਖ ਰਹੇ ਹਨ, ਪਰ ਆਪਣੀ ਜ਼ਿੰਦਗੀ ਦੇ ਕੰਮ ਦੀ ਚੋਣ ਨਹੀਂ ਕਰ ਸਕਦੇ।

ਪਹਿਲੋਂ ਤਾਂ ਉਨ੍ਹਾਂ ਨੂੰ ਕਰਨ ਵਾਲੇ ਕੰਮ ਹੀ  ਬਹੁਤੇ ਨਹੀਂ ਦਿਸਦੇ ਤੇ ਫੇਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਕੰਮ ਦੀ ਯੋਗਤਾ ਰੱਖਦੇ ਹਨ। ਇਸ ਚੋਣ ਉੱਤੇ ਹੀ ਜ਼ਿੰਦਗੀ ਦੀ ਕਾਮਯਾਬੀ ਨਿਰਭਰ ਹੈ। ਅਨੇਕਾਂ ਕੀਮਤੀ ਜ਼ਿੰਦਗੀਆਂ ਸਿਰਫ਼ ਏਸ ਲਈ ਆਪਣਾ ਮੁੱਲ ਨਹੀਂ ਪੁਆ ਸਕੀਆਂ ਕਿ ਉਨ੍ਹਾਂ ਦੇ ਕੰਮ ਦੀ ਚੋਣ ਗ਼ਲਤ ਸੀ, ਸਾਰੀ ਉਮਰ ਗੋਲ ਸੁਰਾਖ ਵਿੱਚ ਜੋੜਨ ਲਈ ਉਹ ਆਪਣੇ ਚੌਰਸ ਕਿੱਲੇ ਦੀਆਂ ਨੁੱਕਰਾਂ ਛਿੱਲਦੇ ਰਹਿੰਦੇ ਹਨ।

ਹਰੇਕ ਕਸਬੇ ਵਿੱਚ ਬੇਸ਼ੁਮਾਰ ਅੱਕੇ – ਥੱਕੇ ਕਾਰੀਗਰਾਂ ਦੀ ਝਾਕੀ ਦਿਸਦੀ ਹੈ। ਪਰ ਜਦ ਤੱਕ ਇੱਕ ਕਾਰੀਗਰ ਨੂੰ ਆਪਣੇ ਹੱਥਲੇ – ਕੰਮ ਵਿੱਚੋਂ ਰੋਜ਼ੀ ਤੋਂ ਛੁੱਟ ਇੱਕ ਅਨੰਦ ਪ੍ਰਾਪਤ ਨਹੀਂ ਹੁੰਦਾ, ਉਹ ਨਾਂ ਤਾਂ ਆਪਣੇ ਕੰਮ ਵਿੱਚ ਕਮਾਲ ਦੀ ਆਸ ਰੱਖ ਸਕਦਾ ਹੈ ਤੇ ਨਾ ਉਸ ਕੰਮ ਦੇ ਵਸੀਲੇ ਨਾਲ ਆਪਣੀ ਆਤਮਾ ਵਿੱਚ ਖੇੜਾ ਲਿਆ ਸਕਦਾ ਹੈ ਤੇ ਯਾਦ ਰਹੇ ਕਿ ਜ਼ਿੰਦਗੀ ਨੂੰ ਸਫਲ ਤੌਰ ਉੱਤੇ ਚਾਲੂ ਰੱਖਣ ਲਈ ਗੁਜ਼ਾਰੇ ਨਾਲੋਂ ਖੋੜੇ ਦੀ ਲੋੜ ਵਧੇਰੇ ਹੈ।

ਜਿਸ ਦਿਲ ਵਿੱਚ ਉਸ ਦੇ ਹੱਥਾਂ ਦੀ ਕਾਰ ਕਈ ਵਾਰੀ ਹੁਲਾਸ ਤੇ ਖੇੜਾ ਨਹੀਂ ਲਿਆਉਂਦੀ, ਉਹ ਉਸ ਫੁੱਲ ਵਾਂਗ ਬੇ – ਨਿਖਾਰ ਰਹਿੰਦਾ ਹੈ, ਜਿਸ ਉੱਤੇ ਕਦੇ ਸ਼ਬਨਮ ਦਾ ਮੋਤੀ ਨਹੀਂ ਥਰਕਿਆ, ਨਾ ਹੀ ਅਕਾਸ਼ੋਂ ਚਿੱਟੇ ਮੀਂਹ ਦਾ ਕਤਰਾ ਕਦੇ ਡਿੱਗਾ ਹੈ।

ਪ੍ਰਸ਼ਨ 1 . ਅੱਜ ਦੇ ਨੌਜਵਾਨਾਂ ਦੀ ਸਥਿਤੀ ਕਿਹੋ ਜਿਹੀ ਹੈ?

() ਸਥਿਰ
() ਡਾਵਾਂਡੋਲ
() ਸੁਖਾਈ
() ਅਨੰਦਮਈ

ਪ੍ਰਸ਼ਨ 2 . ਕੰਮ ਦੀ ਚੋਣ ਕਿਹੋ ਜਿਹਾ ਫ਼ੈਸਲਾ ਹੁੰਦਾ ਹੈ?

() ਜ਼ਿੰਦਗੀ ਦੀ ਕਾਮਯਾਬੀ ਲਈ ਮੁੱਢਲਾ ਫ਼ੈਸਲਾ
() ਆਖ਼ਰੀ ਫ਼ੈਸਲਾ
() ਯੋਗਤਾ ਨੂੰ ਪਰਖਣ ਵਾਲਾ
() ਮਨ ਦੀ ਅਵਸਥਾ ਨੂੰ ਸਮਝਣ ਵਾਲਾ

ਪ੍ਰਸ਼ਨ 3 . ਕੰਮ ਦਾ ਆਤਮਿਕ ਸ਼ਾਂਤੀ ਨਾਲ ਸੰਬੰਧ ਦੱਸੋ।

() ਬੇਚੈਨ
() ਅਨੰਦਮਈ
() ਉਤਸੁਕਤਾ ਭਰਪੂਰ
() ਉਤਾਵਲਾਪਨ

ਪ੍ਰਸ਼ਨ 4 . ‘ਡਾਵਾਂ – ਡੋਲ’ ਸ਼ਬਦ ਦਾ ਅਰਥ ਦੱਸੋ।

() ਅਸਥਿਰ
() ਹਿਲਜੁਲ
() ਸਥਿਰ
() ਟਿਕਾਊ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਕੰਮ ਦੀ ਸਹੀ ਚੋਣ
() ਕੰਮ ਦੀ ਗ਼ਲਤ ਚੋਣ
() ਕੰਮਚੋਰ
() ਮਿਹਨਤੀ