ਅਣਡਿੱਠਾ ਪੈਰਾ – ਕੁਦਰਤ ਦਾ ਕਾਤਲ ਮਨੁੱਖ

ਕੁਦਰਤ ਦਾ ਕਾਤਲ ਮਨੁੱਖ

ਮਨੁੱਖ ਹੁਣ ਪੂਰੀ ਤਰ੍ਹਾਂ ਕੁਦਰਤ ਦਾ ਸੰਤੁਲਨ ਵਿਗਾੜਨ ਉੱਤੇ ਉਤਾਰੂ ਹੈ। ਰੁੱਖ ਅਤੇ ਜੰਗਲ ਜਿਹੜੇ ਆਕਸੀਜਨ ਦਾ ਸੋਮਾ ਹਨ, ਮਿੱਟੀ ਦੇ ਖੋਰੇ ਤੋਂ ਬਚਾਓ ਕਰਦੇ ਹਨ, ਬਰਸਾਤ ਦੇ ਸਵਾਗਤੀ ਹਨ, ਗਰਮੀ – ਠੰਢ ਤੋਂ ਧਰਤੀ ‘ਤੇ ਜੀਵਾਂ ਦੀ ਢਾਲ ਹਨ, ਪ੍ਰਕਿਰਤੀ ਦਾ ਸੂਰਜ ਹਨ, ਜਿਨ੍ਹਾਂ ਨੂੰ ਇਕੱਲੇ ਮਨੁੱਖ ਦਾ ਹੀ ਨਹੀਂ ਸਗੋਂ ਹੋਰਨਾਂ ਕਰੋੜਾਂ ਜੀਵਾਂ ਦਾ ਵੀ ਫਿਕਰ ਹੈ ਪਰੰਤੂ ਬੰਦਾ ਇਨ੍ਹਾਂ ਦੇ ਮਗਰ ਹੱਥ ਧੋ ਕੇ ਪੈ ਗਿਆ ਹੈ। ਉਹ ਸਮਝਦਾ ਹੈ ਕਿ ਕਾਗਜ਼ ਦੇ ਨੋਟਾਂ ਦੇ ਸਹਾਰੇ ਮੈਂ ਧਰਤੀ ਦਾ ਮਾਲਕ ਬਣ ਸਕਦਾ ਹਾਂ ਅਤੇ ਸਾਰੇ ਜੰਗਲ ਵੱਢ ਸਕਦਾ ਹਾਂ। ਉਹ ਕਾਗਜ਼ ਦੇ ਨੋਟ, ਜਿਹੜੇ ਬਣਾਉਣ ਲਈ ਇਸ ਨੇ ਜੰਗਲਾਂ ਤੋਂ ਹੀ ਲੱਕੜੀ ਅਤੇ ਘਾਹ – ਫੂਸ ਲਿਆ, ਉਹ ਕਾਗਜ਼ ਦੇ ਨੋਟ ਜਿਨ੍ਹਾਂ ਨੂੰ ਛਾਪਣ ਵਾਲੀਆਂ ਮਸ਼ੀਨਾਂ ਬਣਾਉਣ ਲਈ ਧਰਤੀ ਨੇ ਇਸ ਨੂੰ ਆਪਣੇ ਸੀਨੇ ਵਿੱਚੋਂ ਲੋਹਾ ਕੱਢ ਕੇ ਦਿੱਤਾ, ਉਹ ਇਨ੍ਹਾਂ ਕਾਗਜ਼ ਦੇ ਟੁਕੜਿਆਂ ਦੇ ਸਿਰ ‘ਤੇ? ਸਰਕਾਰਾਂ ਨੇ ਇਨ੍ਹਾਂ ਦਾ ਖ਼ਰੀਦ ਮੁੱਲ ਨਿਸ਼ਚਿਤ ਕਰ ਦਿੱਤਾ ਤੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਇਨ੍ਹਾਂ ਨੋਟਾਂ ਦੀ ਸ਼ਕਤੀ ਨਾਲ ਧਰਤੀ ਬਰਬਾਦ ਕਰਨ ਦਾ ਮਾਲਕੀ ਹੱਕ ਹਾਸਲ ਕੀਤਾ ਜਾ ਸਕਦਾ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਮਨੁੱਖ ਕੁਦਰਤ ਦਾ ਸੰਤੁਲਨ ਕਿਸ ਤਰ੍ਹਾਂ ਵਿਗਾੜ ਰਿਹਾ ਹੈ?

ਪ੍ਰਸ਼ਨ 2 . ਰੁੱਖਾਂ ਦੇ ਕਿਹੜੇ – ਕਿਹੜੇ ਲਾਭ ਦੱਸੇ ਗਏ ਹਨ?

ਪ੍ਰਸ਼ਨ 3 . ਕਾਗਜ਼ ਦੇ ਨੋਟ ਤਿਆਰ ਕਰਨ ਲਈ ਰੁੱਖ ਅਤੇ ਧਰਤੀ ਦਾ ਕੀ ਯੋਗਦਾਨ ਹੁੰਦਾ ਹੈ?

ਪ੍ਰਸ਼ਨ 4 . ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ।

ਸੰਤੁਲਨ, ਉਤਾਰੂ, ਢਾਲ, ਹੱਥ ਧੋ ਕੇ ਮਗਰ ਪੈ ਜਾਣਾ।

ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।


ਔਖੇ ਸ਼ਬਦਾਂ ਦੇ ਅਰਥ

ਸੰਤੁਲਨ = ਤਾਲਮੇਲ

ਉਤਾਰੂ = ਤਿਆਰ ਹੋਇਆ

ਢਾਲ = ਸੁਰੱਖਿਆ ਕਵਚ

ਹੱਥ ਧੋ ਕੇ ਪਿੱਛੇ ਪੈ ਜਾਣਾ = ਬੁਰੀ ਤਰ੍ਹਾਂ ਕਿਸੇ ਦੇ ਮਗਰ ਪੈ ਜਾਣਾ