ਅਣਡਿੱਠਾ ਪੈਰਾ – ਕਾਮਾਗਾਟਾਮਾਰੂ
ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਨੇ ਸਾਮਰਾਜੀ ਹਕੂਮਤ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ ਸਨ। ਕਾਮਾਗਾਟਾਮਾਰੂ ਇੱਕ ਜਹਾਜ਼ ਦਾ ਨਾਂ ਸੀ ਜੋ 1914 ਈ. ਵਿੱਚ ਪੰਜਾਬ ਦੇ ਮਸ਼ਹੂਰ ਦੇਸ਼ – ਭਗਤ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਕੰਪਨੀ ਕੋਲੋਂ ਕਿਰਾਏ ‘ਤੇ ਲਿਆ ਸੀ। ਇਸ ਜਹਾਜ਼ ਉੱਤੇ ਬਾਬਾ ਜੀ ਆਪਣੇ 400 ਸਾਥੀਆਂ ਨਾਲ ਕਨੇਡਾ ਗਏ। ਪਰ ਕਨੇਡਾ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੇ ਕਾਨੂੰਨ ਤੇ ਨਿਆਂ ਦਾ ਉਲੰਘਣ ਕਰਦੇ ਹੋਏ ਇਸ ਜਹਾਜ਼ ਨੂੰ ਕਨੇਡਾ ਦੇ ਤੱਟ ਉੱਤੇ ਮੁਸਾਫ਼ਰਾਂ ਨੂੰ ਉਤਰਨ ਦੇਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਇਸ ਕੌਮੀ ਅਪਮਾਨ ਦਾ ਬੜਾ ਤੀਬਰ ਪ੍ਰਤੀਕਰਮ ਹੋਇਆ। ਉਨ੍ਹਾਂ ਨੇ ਅੰਗਰੇਜ਼ੀ ਦੇ ਵਿਰੁੱਧ ਇਨਕਲਾਬ ਵਿੱਚ ਭਾਗ ਲੈਣ ਦਾ ਨਿਸ਼ਚਾ ਕੀਤਾ ਅਤੇ ਕਾਮਾਗਾਟਾਮਾਰੂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਗੋਲ਼ੀਆਂ ਵਰ੍ਹਾਈਆਂ। ਬਾਬਾ ਜੀ ਲੁਕ ਕੇ ਨਿਕਲ ਗਏ। ਜੋ ਬਾਕੀ ਬਚੇ, ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਅੰਗਰੇਜ਼ਾਂ ਨੇ ਜੇਲ੍ਹਾਂ ਵਿੱਚ ਇਨ੍ਹਾਂ ਦੇਸ਼ – ਭਗਤਾਂ ਉੱਤੇ ਘੋਰ ਅੱਤਿਆਚਾਰ ਕੀਤੇ ਪਰ ਉਹ ਵੀਰ ਆਪਣੇ ਵਿਸ਼ਵਾਸ ‘ਤੇ ਅਡਿੱਗ ਰਹੇ।
ਪ੍ਰਸ਼ਨ 1 . ਕਾਮਾਗਾਟਾਮਾਰੂ ਕੀ ਸੀ?
ਪ੍ਰਸ਼ਨ 2 . ਕਨੇਡਾ ਸਰਕਾਰ ਨੇ ਜਹਾਜ਼ ਦੇ ਮੁਸਾਫ਼ਰਾਂ ਨਾਲ ਕੀ ਸਲੂਕ ਕੀਤਾ?
ਪ੍ਰਸ਼ਨ 3 . ਕਾਮਾਗਾਟਾਮਾਰੂ ਦੀ ਘਟਨਾ ਦਾ ਸਾਮਰਾਜੀ ਹਕੂਮਤ ‘ਤੇ ਕੀ ਅਸਰ ਪਿਆ?
ਪ੍ਰਸ਼ਨ 4 . ਬਾਬਾ ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕੀ ਫ਼ੈਸਲਾ ਕੀਤਾ?
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।