ਅਣਡਿੱਠਾ ਪੈਰਾ – ਕਾਂਗੜੇ ਦੀ ਹਸੀਨ ਵਾਦੀ

ਕਾਂਗੜੇ ਦੀ ਵਾਦੀ ਆਪਣੇ ਇਲਾਕੇ ਦੀ ਕੋਮਲ ਸੁੰਦਰਤਾ ਲਈ ਬਹੁਤ ਮਸ਼ਹੂਰ ਹੈ। ਮਧਰੀਆਂ – ਮਧਰੀਆਂ ਪਹਾੜੀਆਂ, ਨਿੱਕੇ – ਨਿੱਕੇ ਘਰਾਂ, ਕੋਠਿਆਂ, ਹਵੇਲੀਆਂ ਤੇ ਮੰਦਰਾਂ ਵਿਚਕਾਰ ਪੌੜੀਦਾਰ ਖੇਤਾਂ ਦੇ ਲਹਿਰਾਂ ਵਰਗੇ ਫੈਲੇ ਹੋਏ ਬੰਨਿਆਂ ਵਿੱਚੋਂ ਠੰਢੇ – ਠਾਰ ਮੋਤੀਆਂ ਵਰਗੇ ਸਵੱਛ ਪਾਣੀ ਦੀਆਂ ਅਣਗਿਣਤ ਕੂਲਾਂ ਕਾਰਨ ਇਹ ਵਾਦੀ ਬੜੀ ਹੀ ਮਨਮੋਹਣੀ ਲੱਗਦੀ ਹੈ।

ਇਸ ਵਾਦੀ ਦੀ ਸੁੰਦਰਤਾ ਦੇ ਪਿੱਛੇ ਧੌਲਦਾਰ ਦੇ ਹਿਮ ਨਾਲ ਢਕੇ, ਅਕਾਸ਼ ਨਾਲ ਗੱਲਾਂ ਕਰ ਰਹੇ ਪਹਾੜ ਹਨ, ਜਿਨ੍ਹਾਂ ਵਿੱਚੋਂ ਬਰਫ਼ਾਨੀ ਨਦੀਆਂ ਨੱਚਦੀਆਂ – ਗਾਉਂਦੀਆਂ ਲੰਘਦੀਆਂ ਹਨ। ਇਸ ਦੇ ਚੀਲ੍ਹ ਦੇ ਜੰਗਲਾਂ ਅਤੇ ਮੈਦਾਨਾਂ ਉੱਤੇ ਚੁੱਪ ਤੇ ਸ਼ਾਂਤੀ ਦਾ ਰਾਜ ਹੈ।

ਕਾਂਗੜੇ ਦੀ ਵਾਦੀ ਵਿੱਚ ਪ੍ਰਕਿਰਤੀ ਦਾ ਸੁਹੱਪਣ ਉੱਥੋਂ ਦੇ ਵੱਸਣ ਵਾਲੇ ਲੋਕਾਂ ਦੀ ਸੁੰਦਰਤਾ ਨਾਲ ਹੋਰ ਵੀ ਚਮਕ ਉੱਠਦਾ ਹੈ। ਧੌਲਦਾਰ ਦੇ ਸੰਘਣੇ ਜੰਗਲਾਂ ਵਿੱਚ ਗੱਦੀ ਨੌਜਵਾਨ ਤੇ ਸੁੰਦਰ ਗੱਦਣਾਂ ਘੁੰਮਦੀਆਂ – ਫਿਰਦੀਆਂ ਹਨ। ਉਨ੍ਹਾਂ ਦਾ ਜੀਵਨ ਨਿਰੋਲ ਪੇਂਡੂ ਸਾਦਗੀ ਦਾ ਜੀਵਨ ਹੈ।

ਵਾਦੀ ਦੀਆਂ ਛੰਨਾਂ ਵਿੱਚ ਰਾਜਪੂਤ ਤੇ ਬ੍ਰਾਹਮਣ ਸੁੰਦਰੀਆਂ ਆਪਣੀ ਸੁੰਦਰਤਾ ਨੂੰ ਲੱਖ ਸ਼ਰਮਾਂ ਨਾਲ, ਲੱਖ ਸੰਕੋਚਾਂ ਨਾਲ ਲੁਕਾਂਦੀਆਂ ਫਿਰਦੀਆਂ ਹਨ। ਇਸ ਵਾਦੀ ਵਿੱਚ ਸਾਨੂੰ ਕਾਂਗੜੇ ਦੀ ਅਤਿ ਸੁੰਦਰ ਕਲਾ ਦੇ ਨਮੂਨੇ ਮਿਲਦੇ ਹਨ, ਜਿਸ ਵਿੱਚ ਪਿਆਰ ਦੇ ਜਜ਼ਬੇ ਨੂੰ ਰੰਗ ਤੇ ਲੀਕਾਂ ਦੇ ਅਤਿਅੰਤ ਕੋਮਲ ਮੇਲ ਨੇ ਅਮਰ ਕਰ ਦਿੱਤਾ ਹੈ।

ਪ੍ਰਸ਼ਨ 1 . ਕਾਂਗੜੇ ਦੀ ਵਾਦੀ ਦੀ ਸੁੰਦਰਤਾ ਦਾ ਰਾਜ਼ ਕੀ ਹੈ?

() ਮੌਸਮ
() ਧੌਲਦਾਰ ਦੇ ਹਿਮ ਨਾਲ ਢੱਕੇ ਪਹਾੜ
() ਬਜ਼ਾਰ
() ਲੋਕਾਂ ਦਾ ਰਹਿਣ – ਸਹਿਣ

ਪ੍ਰਸ਼ਨ 2 . ਧੌਲਦਾਰ ਦੇ ਸੰਘਣੇ ਜੰਗਲਾਂ ਵਿੱਚ ਕੌਣ ਘੁੰਮਦਾ – ਫਿਰਦਾ ਨਜ਼ਰ ਆਉਂਦਾ ਹੈ?

() ਜਾਨਵਰ
() ਪੰਛੀ
() ਗੱਦੀ ਨੌਜਵਾਨ ਅਤੇ ਸੁੰਦਰ ਗੱਦਣਾ
() ਰਾਜਪੂਤ

ਪ੍ਰਸ਼ਨ 3 . ਕਾਂਗੜੇ ਦੀ ਵਾਦੀ ਵਿੱਚ ਕਿਹੋ ਜਿਹੀ ਕਲਾ ਦੇ ਨਮੂਨੇ ਦੱਸੇ ਗਏ ਹਨ?

() ਅਤਿ ਸੁੰਦਰ ਕਲਾ ਦੇ
() ਸੁੰਦਰ ਲਿਖਾਈ ਦੇ
() ਬੇਰੰਗੇ
() ਚਿੱਤਰ ਕਲਾ ਦੇ

ਪ੍ਰਸ਼ਨ 4 . ‘ਸਵੱਛ’ ਸ਼ਬਦ ਦਾ ਅਰਥ ਦੱਸੋ।

() ਮਲੀਨ
() ਸਾਫ਼
() ਜ਼ਰੂਰ
() ਗੰਦਾ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਕਾਂਗੜੇ ਦੀ ਹਸੀਨ ਵਾਦੀ
() ਪਹਾੜਾਂ ਦਾ ਜੀਵਨ
() ਧੌਲਦਾਰ ਦੇ ਪਹਾੜ
() ਪੇਂਡੂ ਸਾਦਗੀ ਦਾ ਜੀਵਨ