ਅਣਡਿੱਠਾ ਪੈਰਾ : ਪਾਉਂਟਾ ਸਾਹਿਬ
ਪਾਉਂਟਾ ਸਾਹਿਬ ਨਾਹਨ (ਹਿਮਾਚਲ) ਅਤੇ ਦੇਹਰਾਦੂਨ (ਯੂ.ਪੀ.) ਦੇ ਵਿਚਕਾਰ ਜਮਨਾ ਨਦੀ ਦੇ ਕੰਢੇ ਉੱਤੇ ਇਕ ਕਸਬਾ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਰਹੇ। ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਉੱਤੇ ਗੁਰੂ ਜੀ ਇੱਥੇ ਆਏ ਸਨ। ਇੱਥੇ ਉਨ੍ਹਾਂ ਨੇ ਰਾਜਾ ਮੇਦਨੀ ਪ੍ਰਕਾਸ਼ ਅਤੇ ਰਾਜਾ ਫਤੇ ਸ਼ਾਹ ਵਿਚਕਾਰ ਚੱਲ ਰਹੇ ਇਕ ਝਗੜੇ ਦਾ ਸਮਝੌਤਾ ਵੀ ਕਰਾਇਆ। ਗੁਰੂ ਜੀ ਨੂੰ ਦੂਨ ਦਾ ਇਹ ਇਲਾਕਾ ਪਸੰਦ ਆ ਗਿਆ। ਉਹ ਇੱਥੇ ਜਮਨਾ ਨਦੀ ਦੇ ਕਿਨਾਰੇ ਕਿਲ੍ਹਾ ਬਣਾ ਕੇ ਰਹਿਣ ਲੱਗ ਪਏ। ਇਸ ਸਥਾਨ ਦਾ ਨਾਂ ਗੁਰੂ ਜੀ ਦੇ ਘੋੜੇ ਦੇ ਇੱਥੇ ਪੈਰ (ਪਾਂਵ) ਰੱਖੇ ਜਾਣ ਕਰਕੇ ਪਾਂਵਟਾ ਜਾਂ ਪਾਉਂਟਾ ਸਾਹਿਬ ਰੱਖਿਆ ਗਿਆ। ਇੱਥੇ ਸ਼ਾਂਤਮਈ ਵਾਤਾਵਰਨ ਵਿਚ ਰਹਿੰਦਿਆਂ ਗੁਰੂ ਜੀ ਨੇ ਸਾਹਿਤ ਰਚਨਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਆਪ ਨੇ ਰਾਮਾਇਣ, ਪੁਰਾਣ, ਮਹਾਂਭਾਰਤ ਆਦਿ ਪੁਰਾਤਨ ਗ੍ਰੰਥਾਂ ਦਾ ਉਲਥਾ ਕਰਵਾਇਆ। ਆਪ ਜੀ ਦੇ ਦਰਬਾਰ ਸਾਹਿਬ ਵਿਚ 52 ਕਵੀ ਸਨ ਜਿਨ੍ਹਾਂ ਨੇ ਵੱਡੀ ਮਾਤਰਾ ਵਿਚ ਸਾਹਿਤ ਰਚਿਆ। ਇੱਥੇ ਗੁਰੂ ਜੀ ਨੇ ਜਾਪੁ ਸਾਹਿਬ, ਸਵੈਯੇ, ਅਕਾਲ ਉਸਤਤਿ ਬਾਣੀਆਂ ਦੀ ਰਚਨਾ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਇੱਥੇ ਹੀ ਹੋਇਆ। 1689 ਈ: ਨੂੰ ਭੰਗਾਣੀ ਦੇ ਸਥਾਨ ਤੇ ਗੁਰੂ ਜੀ ਦਾ ਕੁੱਝ ਪਹਾੜੀ ਰਾਜਿਆਂ ਨਾਲ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਜਿੱਤ ਹੋਈ। ਇਸ ਲੜਾਈ ਵਿਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ, ਉਸ ਦੇ ਬਹੁਤ ਸਾਰੇ ਮੁਰੀਦ ਅਤੇ ਸਿੰਘ ਸ਼ਹੀਦ ਹੋਏ ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ. ਪਾਉਂਟਾ ਸਾਹਿਬ ਕਿੱਥੇ ਸਥਿਤ ਹੈ?
ਉੱਤਰ : ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਚ ਨਾਹਨ ਅਤੇ ਦੇਹਰਾਦੂਨ (ਯੂ.ਪੀ.) ਵਿਚਕਾਰ ਜਮਨਾ ਨਦੀ ਦੇ ਕੰਢੇ ‘ਤੇ ਸਥਿਤ ਹੈ।
ਪ੍ਰਸ਼ਨ. ਗੁਰੂ ਜੀ ਨੇ ਇਸ ਸਥਾਨ ਤੇ ਕਿਸ ਤਰ੍ਹਾਂ ਦੀ ਸਾਹਿਤ ਰਚਨਾ ਕੀਤੀ ਤੇ ਕਰਵਾਈ?
ਉੱਤਰ : ਗੁਰੂ ਜੀ ਨੇ ਇੱਥੇ ਰਾਮਾਇਣ, ਪੁਰਾਣ, ਮਹਾਂਭਾਰਤ ਆਦਿ ਗ੍ਰੰਥਾਂ ਦਾ ਅਨੁਵਾਦ ਕਰਵਾਇਆ । ਆਪਣੇ ਦਰਬਾਰ ਵਿਚ 52 ਕਵੀ ਰੱਖੇ। ਆਪ ਨੇ ਜਾਪੁ ਸਾਹਿਬ, ਸਵੈਯੇ ਅਤੇ ਅਕਾਲ ਉਸਤਤਿ ਬਾਣੀਆਂ ਦੀ ਰਚਨਾ ਕੀਤੀ।
ਪ੍ਰਸ਼ਨ. ਸਾਹਿਬਜ਼ਾਦਾ ਅਜੀਤ ਸਿੰਘ ਦਾ ਇਸ ਥਾਂ ਨਾਲ ਕੀ ਸੰਬੰਧ ਹੈ?
ਉੱਤਰ : ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਇਸ ਥਾਂ ਹੀ ਹੋਇਆ ਸੀ।
ਪ੍ਰਸ਼ਨ. ਭੰਗਾਣੀ ਦਾ ਯੁੱਧ ਕਦੋਂ ਹੋਇਆ?
ਉੱਤਰ : ਭੰਗਾਣੀ ਦਾ ਯੁੱਧ 1689 ਈ: ਵਿਚ ਹੋਇਆ।
ਪ੍ਰਸ਼ਨ. ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਕਿਵੇਂ ਸ਼ਹੀਦ ਹੋਏ?
ਉੱਤਰ : ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਗੁਰੂ ਜੀ ਦੇ ਪਹਾੜੀ ਰਾਜਿਆਂ ਨਾਲ ਹੋਏ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਹੋਏ।