ਅਣਡਿੱਠਾ ਪੈਰਾ : ਆਲਾ ਸਿੰਘ


ਪਟਿਆਲਾ ਵਿੱਚ ਫੂਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ। ਉਹ ਬੜਾ ਬਹਾਦਰ ਸੀ। ਉਸ ਨੇ 1731 ਈ. ਵਿੱਚ ਜਲੰਧਰ ਦੁਆਬ ਦੇ ਅਤੇ ਮਲੇਰਕੋਟਲਾ ਦੇ ਫ਼ੌਜਦਾਰਾਂ ਦੀ ਸਾਂਝੀ ਫ਼ੌਜ ਨੂੰ ਕਰਾਰੀ ਹਾਰ ਦਿੱਤੀ ਸੀ। ਆਲਾ ਸਿੰਘ ਨੇ ਬਰਨਾਲਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਉਸ ਨੇ ਲੌਂਗੋਵਾਲ, ਛਜਲੀ, ਦਿੜਬਾ ਅਤੇ ਸ਼ੇਰੋਂ ਨਾਂ ਦੇ ਪਿੰਡਾਂ ਦੀ ਸਥਾਪਨਾ ਕੀਤੀ।

1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ ਸਿੰਘ ਨੇ ਉਸ ਵਿਰੁੱਧ ਮੁਗ਼ਲਾਂ ਦੀ ਸਹਾਇਤਾ ਕੀਤੀ। ਉਸ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਇੱਕ ਖਿੱਲਤ ਭੇਟ ਕੀਤੀ। ਇਸ ਨਾਲ ਆਲਾ ਸਿੰਘ ਦੀ ਪ੍ਰਸਿੱਧੀ ਹੋਰ ਵੱਧ ਗਈ।

ਛੇਤੀ ਹੀ ਆਲਾ ਸਿੰਘ ਨੇ ਭੱਟੀ ਭਰਾਵਾਂ ਨੂੰ ਜੋ ਕਿ ਉਸ ਦੇ ਕੱਟੜ ਦੁਸ਼ਮਣ ਸਨ, ਨੂੰ ਹਰਾ ਕੇ ਬੁਢਲਾਡਾ, ਟੋਹਾਨਾ, ਭਟਨੇਰ ਅਤੇ ਜੈਮਲਪੁਰ ਦੇ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ।

1761 ਈ. ਵਿੱਚ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਮਰਾਠਿਆਂ ਨੂੰ ਮਦਦ ਦਿੱਤੀ ਸੀ। ਇਸ ਲਈ 1762 ਈ. ਵਿੱਚ ਆਪਣੇ ਛੇਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਬਰਨਾਲਾ ‘ਤੇ ਹਮਲਾ ਕੀਤਾ ਅਤੇ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਆਲਾ ਸਿੰਘ ਨੇ ਅਬਦਾਲੀ ਨੂੰ ਭਾਰੀ ਰਕਮ ਦੇ ਕੇ ਆਪਣੀ ਜਾਨ ਬਖਸ਼ਾਈ।

1764 ਈ. ਵਿੱਚ ਆਲਾ ਸਿੰਘ ਨੇ ਦਲ ਖ਼ਾਲਸਾ ਦੇ ਹੋਰਨਾਂ ਸਰਦਾਰਾਂ ਨਾਲ ਮਿਲ ਕੇ ਸਰਹਿੰਦ ‘ਤੇ ਹਮਲਾ ਕਰਕੇ ਇਸ ਦੇ ਸੂਬੇਦਾਰ ਜੈਨ ਖ਼ਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ। ਇਸ ਵਰ੍ਹੇ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ‘ਰਾਜਾ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰ ਉਸ ਨਾਲ ਨਾਰਾਜ਼ ਹੋ ਗਏ।


ਪ੍ਰਸ਼ਨ 1. ਆਲਾ ਸਿੰਘ ਕੌਣ ਸੀ?

ਉੱਤਰ : ਆਲਾ ਸਿੰਘ ਪਟਿਆਲਾ ਵਿੱਚ ਫੂਲਕੀਆ ਮਿਸਲ ਦਾ ਸੰਸਥਾਪਕ ਸੀ।

ਪ੍ਰਸ਼ਨ 2. ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ?

ਉੱਤਰ : ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਬਰਨਾਲਾ ਸੀ।

ਪ੍ਰਸ਼ਨ 3. ਅਹਿਮਦ ਸ਼ਾਹ ਅਬਦਾਲੀ ਨੇ ਕਦੋਂ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ?

ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ 1726 ਈ. ਵਿੱਚ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪ੍ਰਸ਼ਨ 4. ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਕਦੋਂ ਅਤੇ ਕਿੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਸੀ?

ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ 1764 ਈ. ਵਿੱਚ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਸੀ।