ਅਣਡਿੱਠਾ ਪੈਰਾ – ਅਨਪੜ੍ਹਤਾ
ਅਨਪੜ੍ਹਤਾ – ਇਕ ਕੋਹੜ
ਅਨਪੜ੍ਹਤਾ ਕੋਹੜ ਹੈ, ਸਮਾਜ ਦੇ ਮੱਥੇ ਉੱਪਰ ਲੱਗਿਆ ਹੋਇਆ ਕਲੰਕ ਹੈ। ਹੈਰਾਨੀ ਤੇ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਸੌ ਸਾਲਾਂ ਤੋਂ ਕੀੜੇ-ਮਕੌੜੇ, ਮਲੇਰਿਆ, ਤਪਦਿਕ ਤੇ ਚੇਚਕ ਆਦਿ ਬੀਮਾਰੀਆਂ ਨੂੰ ਮਾਰ ਮੁਕਾਉਣ ਲਈ ਤਾਂ ਵੱਡੀਆਂ-ਵੱਡੀਆਂ ਯੋਜਨਾਵਾਂ ਬਣਾਉਂਦੇ ਹਾਂ, ਪਰ ਇਨ੍ਹਾਂ ਸਾਰੀਆਂ ਨਾਲੋਂ ਭਿਆਨਕ ਬਿਮਾਰੀ ‘ਅਨਪੜ੍ਹਤਾ’ ਬਾਰੇ ਗੱਲੀਂ-ਬਾਤੀਂ ਹੀ ਜੀਅ ਪਰਚਾ ਰਹੇ ਹਾਂ। ਇਹ ਗੱਲ ਠੀਕ ਹੈ ਕਿ ਕੁਝ ਸਰਕਾਰਾਂ ਨੇ ਇਹ ਕਦਮ ਵੀ ਚੁੱਕਿਆ ਹੈ ਕਿ ਇਸ ਕੰਮ ਬਾਰੇ ਪੂੰਜੀ ਦਾ ਪ੍ਰਬੰਧ ਕੀਤਾ ਜਾਵੇ। ਪਿੱਛਲੇ ਦੋ-ਤਿੰਨ ਦਹਾਕਿਆਂ ਵਿਚ ਬੜੀਆਂ ਦਿਲ-ਖਿੱਚਵੀਆਂ ਯੋਜਨਾਵਾਂ ਵੀ ਬਣਾਈਆਂ ਗਈਆਂ ਹਨ। ਬੁਧੀਜੀਵੀਆਂ, ਸਮਾਜੀ ਸੰਸਥਾਵਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਨੂੰ ਵੀ ਨਾਲ ਲਿਆ ਹੈ। ਇਸ ਤੋਂ ਇਲਾਵਾ ਸਾਰੀਆਂ ਯੋਜਨਾਵਾਂ ਅਧੀਨ ਜਲਸੇ, ਸੈਮੀਨਾਰ, ਸੰਮੇਲਨ ਤੇ ਪ੍ਰਦਰਸ਼ਨੀਆਂ ਆਦਿ ਦੀ ਗਿਣਤੀ ਵੀ ਵਧਾ ਦਿੱਤੀ ਹੈ, ਪਰ ਇਹ ਸਭ ਕੁਝ ਵੱਡੇ ਸ਼ਹਿਰਾਂ ਜਾਂ ਪੱਛਮੀ ਦੇਸ਼ਾਂ ਨਾਲ ਮਿਲ ਕੇ ਹੋ ਰਿਹਾ ਹੈ। ਗਰੀਬ ਜਿਹੜਾ ਆਪਣੀ ਮਜ਼ਦੂਰੀ ਦਾ ਹਿਸਾਬ ਨਹੀਂ ਲਾ ਸਕਦਾ, ਮਾਲਕਾਂ ਦੇ ਲਾਏ ਨਿਸ਼ਾਨ ਤੇ ਅੰਗੂਠਾ ਲਾ ਕੇ ਜਿੰਨੇ ਪੈਸੇ ਉਸਦੇ ਹੱਥ ਫੜਾਏ ਜਾਂਦੇ ਹਨ, ਜੇਲ੍ਹ ਵਿਚ ਪਾ ਕੇ ਘਰ ਮੁੜ ਜਾਂਦਾ ਹੈ, ਉਹਦੇ ਲਈ ਇਹ ਸਭ ਤਮਾਸ਼ੇ ਫਜ਼ੂਲ ਤੇ ਬੇਅਰਥ ਹਨ, ਕਿਉਂਕਿ ਇਹ ਜਲਸੇ-ਤਮਾਸ਼ੇ ਤੇ ਸਰਕਾਰੀ ਅਫ਼ਸਰਾਂ, ਅਤੇ ਕਹਿਣ ਨੂੰ ਸਮਾਜੀ ਸੇਵਾਦਾਰਾਂ, ਜੋ ਵਿਦੇਸ਼ੀ ਗੱਡੀਆਂ ਵਿਚ ਬੈਠ ਕੇ ਆਉਂਦੇ ਹਨ ਅਤੇ ਆਪਣੇ ਕੱਪੜਿਆਂ-ਗਹਿਣਿਆਂ ਦੀ ਨੁਮਾਇਸ਼ ਕਰਦੇ ਹਨ, ਉਨ੍ਹਾਂ ਦੀ ਅਮੀਰੀ ਦੇ ਚੋਚਲੇ ਹਨ।
ਕੀ ਤੁਸੀਂ ਇਸ ਨੂੰ ਪੜ੍ਹਾਈ ਕਹੋਗੇ, ਜਿਸ ਵਿਚ ਸਿਰਫ਼ ਵਰਨਮਾਲਾ ਦੇ ਅੱਖਰ ਸਿਖਾ ਕੇ ਦਸਤਖ਼ਤ ਕਰਨਾ ਹੀ ਸਿਖਾਇਆ ਜਾਂਦਾ ਹੈ। ਜਿੰਨਾ ਚਿਰ ਅਸੀਂ ਅੱਖਰ-ਬੋਧ ਦੇ ਪ੍ਰੋਗਰਾਮ ਨੂੰ ਉਸੇ ਜਾਤੀ ਦੇ ਬੰਦਿਆਂ ਨੂੰ ਨਹੀਂ ਦਿੰਦੇ ਜਿਹੜੇ ਤਨਖ਼ਾਹ ‘ਤੇ ਰੱਖੇ ਜਾ ਸਕਦੇ ਹਨ, ਓਨਾ ਚਿਰ ਇਹ ਪ੍ਰੋਗਰਾਮ ਸਫਲ ਨਹੀਂ ਹੋ ਸਕੇਗਾ। ਇਹ ਗੱਲ ਵੀ ਬਹੁਤ ਮਹੱਤਵ ਰੱਖਦੀ ਹੈ ਕਿ ਮਜ਼ਦੂਰਾਂ ਨੂੰ ਪੜ੍ਹਾਉਣ ਲਈ ਉਨ੍ਹਾਂ ਦੀ ਮਜ਼ਦੂਰੀ ਦੇ ਵਕਤ ਵਿੱਚੋਂ ਹੀ ਅੱਧਾ ਘੰਟਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਮਜ਼ਦੂਰੀ ਵੀ ਨਾ ਮਰੇ ਅਤੇ ਪੜ੍ਹਨ ਦਾ ਉਤਸ਼ਾਹ ਵੀ ਵਧੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਦਿੱਤੀ ਰਚਨਾ ਦਾ ਸਿਰਲੇਖ ਲਿਖੋ।
ਪ੍ਰਸ਼ਨ 2. ਰਚਨਾ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਅਨਪੜ੍ਹਤਾ ਨੂੰ ਕੋਹੜ ਕਿਉਂ ਕਿਹਾ ਗਿਆ ਹੈ? ਇਸ ਨੂੰ ਦੂਰ ਕਰਨ ਲਈ ਕੀ ਕੁਝ ਕਰਨਾ ਚਾਹੀਦਾ ਹੈ?
ਪ੍ਰਸ਼ਨ 4. ਪਿੱਛਲੇ ਸੌ ਸਾਲਾਂ ਵਿਚ ਅਸੀਂ ਅਨਪੜ੍ਹਤਾ ਨੂੰ ਦੂਰ ਕਰਨ ਲਈ ਕੀ ਕੀਤਾ ?