ਅਟਕ ਦਾ ਕਿਲ੍ਹਾ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਅਟਕ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ? ਇਸ ਦਾ ਮਹੱਤਵ ਵੀ ਦੱਸੋ।
ਉੱਤਰ : ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖ਼ਾਂ ਦਾ ਸ਼ਾਸਨ ਸੀ। ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ। 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਹਿ ਖ਼ਾਂ ਨੇ ਕਸ਼ਮੀਰ ‘ਤੇ ਹਮਲਾ ਕਰਕੇ ਉਸ ਦੇ ਭਰਾ ਅੱਤਾ ਮੁਹੰਮਦ ਖ਼ਾਂ ਨੂੰ ਹਰਾ ਦਿੱਤਾ ਤਾਂ ਉਹ ਘਬਰਾ ਗਿਆ। ਉਸ ਨੂੰ ਇਹ ਪੱਕਾ ਯਕੀਨ ਸੀ ਕਿ ਫ਼ਤਹਿ ਖ਼ਾਂ ਦਾ ਅਗਲਾ ਹਮਲਾ ਅਟਕ ‘ਤੇ ਹੋਵੇਗਾ। ਇਸ ਲਈ ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲ੍ਹਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ। ਜਦੋਂ ਫ਼ਤਹਿ ਖ਼ਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਸ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ।
13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖ਼ਾਂ ਨੂੰ ਕਰਾਰੀ ਹਾਰ ਦਿੱਤੀ। ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਇਸ ਜਿੱਤ ਕਾਰਨ ਜਿੱਥੇ ਅਟਕ ‘ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ।