ਅਖੌਤਾਂ ਤੇ ਮੁਹਾਵਰੇ
(ਅ)
1. ਅੱਖੋਂ ਦਿਸੇ ਨਾ, ਨਾਂ ਨੂਰ ਭਰੀ / ਅੱਖੋਂ ਅੰਨ੍ਹੀ, ਨਾਂ ਚਰਾਗੋ / ਅੱਖੋਂ ਅੰਨ੍ਹੀ, ਨਾਂ ਨੂਰ ਕੌਰ – ਇਹ ਤਿੰਨੇ ਅਖਾਣ ਉਸ ਆਦਮੀ ਜਾਂ ਇਸਤਰੀ ਤੇ ਘਟਾਉਂਦੇ ਹਨ, ਜਿਸ ਦਾ ਨਾਂ ਉਸ ਦੇ ਗੁਣਾਂ ਦੇ ਐਨ ਉਲਟ ਹੋਵੇ।
2. ਅੱਖੀਂ ਡਿੱਠਾ ਭਾਵੇਂ ਨਾਂ, ਕੁੱਛੜ ਬਹੇ ਨਿਲੱਜ / ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ / ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜੇ – ਇਹ ਤਿੰਨੇ ਅਖਾਣ ਉਸ ਮੌਕੇ ਤੇ ਵਰਤਦੇ ਹਨ, ਜਦ ਕੋਈ ਆਦਮੀ ਕਿਸੇ ਕੋਲੋਂ ਬਹੁਤ ਜ਼ਿਆਦਾ ਫਾਇਦੇ ਦੀ ਆਸ ਰੱਖੇ, ਪਰ ਉਹ ਅੱਗੋਂ ਉਸ ਨਾਲ ਸਾਧਾਰਨ ਚੰਗਾ ਵਰਤਾਓ ਕਰਨ ਲਈ ਵੀ ਤਿਆਰ ਨਾ ਹੋਵੇ, ਸਗੋਂ ਉਲਟਾ ਨੁਕਸਾਨ ਕਰੇ।
3. ਆਂਡੇ ਕਿਤੇ ਤੇ ਕੁੜ ਕੁੜ ਕਿਤੇ – ਤਕਲੀਫ ਕਿਸੇ ਨੂੰ ਦੇਣੀ ਤੇ ਫਾਇਦਾ ਕਿਸੇ ਹੋਰ ਨੂੰ ਪਹੁੰਚਾਣਾ।
4. ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ / ਅੰਨੀ ਕੁਤੀ ਜਲੇਬੀਆਂ ਦੀ ਰਾਖੀ / ਅੰਨ੍ਹੀ ਕੁਕੜੀ ਖਸਮਸ ਦਾ ਚੋਗਾ – ਇਹ ਤਿੰਨੇ ਅਖਾਣ ਓਦੋਂ ਵਰਤੇ ਜਾਂਦੇ ਹਨ, ਜਦੋਂ ਕੋਈ ਕੰਮ ਕਿਸੇ ਅਜਿਹੇ ਆਦਮੀ ਦੇ ਸਪੁਰਦ ਕਰ ਦਿੱਤਾ ਜਾਏ, ਜੋ ਉਸ ਨੂੰ ਬਿਲਕੁਲ ਹੀ ਨਾ ਕਰ ਸਕਦਾ ਹੋਵੇ।
5. ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ – ਅਜਿਹੇ ਆਦਮੀ ਨੂੰ ਆਪਣੇ ਦੁਖੜੇ ਸੁਣਾਉਣ ਦਾ ਕੋਈ ਫਾਇਦਾ ਨਹੀਂ, ਜੋ ਤੁਹਾਡੇ ਦੁਖ ਨੂੰ ਮਹਿਸੂਸ ਨਹੀਂ ਕਰਦਾ ਅਤੇ ਅਜਿਹੇ ਆਦਮੀ ਨੂੰ ਸਿੱਖਿਆ ਦੇਣਾ ਵਿਅਰਥ ਹੈ, ਜੋ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ।
6. ਅੰਨਾ ਕੁੱਤਾ ਵਾ ਨੂੰ ਭੌਂਕੇ – ਮੂਰਖ਼ ਆਦਮੀ ਫਜ਼ੂਲ ਤੇ ਅਕਾਰਨ ਹੀ ਅਬਾਤਬਾ ਬੋਲੀ ਜਾਂਦੇ ਹਨ ਜਾਂ ਕਿਸੇ ਗੱਲ ਦਾ ਥਹੁ ਪਤਾ ਨਾ ਹੁੰਦਿਆਂ ਵੀ ਸਿਰ ਖਪਾਈ ਜਾਂਦੇ ਹਨ।
7. ਅੰਨਿਆਂ ਵਿਚ ਕਾਣਾ ਰਾਜਾ / ਉਜੜੇ ਪਿੰਡ, ਭੜੋਲਾ ਮਹਿਲ – ਜਿੱਥੇ ਕੋਈ ਚੰਗੀ ਚੀਜ਼ ਜਾਂ ਆਦਮੀ ਨਾ ਮਿਲੇ, ਉੱਥੇ ਨਿਕੰਮੇ ਤੇ ਮਾੜੇ ਦੀ ਵੀ ਕਦਰ ਪੈ ਜਾਂਦੀ ਹੈ।
8. ਅੰਨ੍ਹਾਂ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ – ਇਹ ਅਖਾਣ ਉਸ ਅਨਿਆਈ ਆਦਮੀ ਤੇ ਘਟਾਉਂਦੇ ਹਨ, ਜੋ ਘੜੀ ਮੁੜੀ ਆਪਣੇ ਸੱਕਿਆਂ ਜਾਂ ਮਿੱਤਰਾਂ ਨੂੰ ਹੀ ਫਾਇਦਾ ਪਹੁੰਚਾਈ ਜਾਏ ਤੇ ਹੋਰਨਾਂ ਦਾ ਬਿਲਕੁਲ ਖਿਆਲ ਨਾ ਕਰੇ।
9. ਆਪ ਕਿਸੇ ਜਿਹੀ ਨਾ, ਗੱਲ ਕਰਨੋਂ ਰਹੀ ਨਾ (ਨੱਕ ਚਾੜ੍ਹਨੋਂ ਰਹੀ ਨਾ)— ਆਪਣੇ ਵਿਚ ਕੋਈ ਗੁਣ ਨਾ ਹੋਣਾ, ਪਰ ਦੂਜਿਆਂ ਦਾ ਨੁਕਸ ਕੱਢੀ ਜਾਵੇ।
10. ਆਪ ਕੁਚੱਜੀ ਵਿਹੜੇ ਨੂੰ ਦੋਸ਼ / ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ – ਕੰਮ ਆਪ ਨਾ ਕਰ ਸਕਣਾ ਤੇ ਕਸੂਰ ਦੂਜਿਆਂ ਦੇ ਸਿਰ ਮੜ੍ਹਨਾਂ।
11. ਆਪ ਕਾਜ, ਮਹਾਂ ਕਾਜ / ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ (ਗੁਰੂ ਨਾਨਕ) – ਆਪਣਾ ਕੰਮ ਆਪ ਕੀਤਿਆਂ ਹੀ ਪੂਰੀ ਸਫਲਤਾ ਮਿਲਦੀ ਹੈ / ਆਪਣੇ ਕੰਮ ਲਈ ਦੂਜਿਆਂ ਤੇ ਆਸ ਨਹੀਂ ਰਖਣੀ ਚਾਹੀਦੀ।
12. ਆਪ ਨਾ ਜੋਗੀ, ਗਵਾਂਢ ਵਲਾਵ – ਆਪ ਆਪਣਾ ਕੰਮ ਕਰ ਨਾ ਸਕਣਾ ਤੇ ਦੂਜਿਆਂ ਦੇ ਕਰਨ ਦੇ ਦਾਈਏ ਬੰਨ੍ਹਣੇ।
13. ਆਪ ਮੋਏ, ਜਗ ਪਰਲੋ – ਜੀ ਨਾਲ ਹੀ ਜਹਾਨ ਹੈ। ਆਪਦਾ ਕੰਮ ਨਾ ਹੋਵੇ, ਤਾਂ ਦੂਜਿਆਂ ਨਾਲ ਕੀ ਵਾਸਤਾ?
14. ਆਪ ਨਾ ਵੰਝੇ ਸਾਹੁਰ, ਲੋਕਾਂ ਮੋਤੀ ਦੇ / (ਆਪ ਨਾ ਵੰਝੇ ਸਾਹਰੇ, ਸਿੱਖ ਲੋਕ ਸੁਣਾਏ – ਭਾਈ ਗੁਰਦਾਸ) – ਇਹ ਦੋਵੇਂ ਅਖਾਣ ਉਹਦੇ ਉੱਤੇ ਘਟਾਉਂਦੇ ਹਨ, ਜੋ ਲੋਕਾਂ ਨੂੰ ਕੋਈ ਕੰਮ ਕਰਨ ਦੀ ਸਿੱਖਿਆ ਦੇਵੇ, ਪਰ ਆਪ ਉਹਦੇ ਉੱਤੇ ਅਮਲ ਨਾ ਕਰੇ।
15. ਆਪੇ ਮੈਂ ਰੱਜੀ-ਪੁੱਜੀ (ਰੱਜੀ-ਕੁੱਜੀ), ਆਪੇ ਮੇਰੇ ਬੱਚੇ ਜੀਉਣ – ਇਹ ਅਖਾਣ ਉਸ ਬੰਦੇ ਉੱਤੇ ਘਟਾਉਂਦੇ ਹਨ, ਜਿਸ ਵਿਚ ਗੁਣ ਕੋਈ ਨਾ ਹੋਵੇ, ਪਰ ਆਪੇ ਆਪਣੀਆਂ ਤੇ ਆਪਣਿਆਂ ਦੀਆਂ ਤਾਰੀਫਾਂ ਕਰੀ ਜਾਏ।
16. ਆਪਣਾ ਨੀਂਗਰ, ਪਰਾਇਆ ਢੀਂਗਰ – ਸਭ ਨੂੰ ਆਪਣੀ ਚੀਜ਼ ਚੰਗੀ ਤੇ ਹੋਰਨਾਂ ਦੀ ਮੰਦੀ ਲਗਦੀ ਹੈ।
17. ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ – ਇਹ ਅਖਾਣ ਓਦੋਂ ਵਰਤਦੇ ਹਨ ਜਦੋਂ ਕੋਈ ਕਮਜ਼ੋਰ ਆਦਮੀ ਆਪਣੇ ਹਮਾਇਤੀਆਂ ਦੇ ਕੋਲ ਹੁੰਦਾ ਹੋਇਆ ਬਹਾਦਰੀ ਦੀਆਂ ਝੀਂਗਾਂ ਮਾਰੇ।
18. ਆਪਣੀਆਂ ਨਾ ਦੱਸਾਂ ਤੇ ਪਰਾਈਆਂ ਕਰ ਕਰ ਹੱਸਾਂ – ਆਪਣੇ ਨੁਕਸ ਛੁਪਾਉਣੇ ਤੇ ਦੂਜਿਆਂ ਦੀਆਂ ਕਮਜ਼ੋਰੀਆਂ ਤੇ ਔਗੁਣਾਂ ਨੂੰ ਨਸ਼ਰ ਕਰ ਕੇ ਖੁਸ਼ ਹੋਣਾ।
19. ਅੰਮਾਂ (ਮਾਂ) ਨਾਲੋਂ ਹੇਜਲੀ, ਸੋ ਫੱਫੇ ਕੁੱਟਣ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਕਈ ਆਮੀ ਕਿਸੇ ਪੁਰਸ਼ ਲਈ ਉਸ ਦੇ ਸੱਕਿਆਂ ਨਾਲੋਂ ਵੀ ਉਹਦਾ ਵਧੇਰੇ ਹਮਦਰਦ ਬਣਨ ਦਾ ਦਾਵਾ ਕਰੇ।