Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ (Proverbs)


ਹ ਨਾਲ ਸ਼ੁਰੂ ਹੋਣ ਵਾਲੇ ਅਖਾਣ


1. ਹਸਾਏ ਦਾ ਨਾਂ ਨਹੀਂ, ਰੁਆਏ ਦਾ ਹੋ ਜਾਂਦਾ ਏ : (ਤੁਸੀਂ ਭਾਵੇਂ ਕਿਸੇ ਦੀ ਕਿੰਨੀ ਵੀ ਸੇਵਾ ਕਰਦੇ ਰਹੋ ਪਰ ਜ਼ਰਾ ਜਿੰਨੀ ਭੁੱਲ ਹੋ ਜਾਣ ਤੇ ਤੁਹਾਨੂੰ ਝਿੜਕਾਂ ਹੀ ਮਿਲਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) ਸੁੱਖੀ ਨੇ ਆਪਣੇ ਦੋ ਬੱਚਿਆਂ ਵਾਂਗ ਹੀ ਨਨਾਣ ਦੇ ਬੇਟੇ ਨੂੰ ਵੀ ਪਾਲਿਆ ਪੋਸਿਆ ਤੇ ਪੜ੍ਹਣੇ ਪਾਇਆ। ਜਦੋਂ ਉਹਦੇ ਸਕੂਲੋਂ ਉਸਦੀ ਸ਼ਿਕਾਇਤ ਆਈ ਤਾਂ ਉਸਨੇ ਉਸਨੂੰ ਝਿੜਕਿਆ ਵੀ ‘ਤੇ ਸਮਝਾਇਆ ਵੀ। ਪਰ ਉਸਦੀ ਨਨਾਣ ਗੁੱਸੇ ਵਿੱਚ ਆਪਣੇ ਮੁੰਡੇ ਨੂੰ ਆਪਣੇ ਕੋਲ ਲੈ ਗਈ। ਸੁੱਖੀ ਦੁਖੀ ਹੋ ਗਈ ਸੀ ਤੇ ਕਹਿ ਰਹੀ ਸੀ ਕਿ ਸਿਆਣੇ ਠੀਕ ਹੀ ਕਹਿੰਦੇ ਹਨ ਕਿ ਹਸਾਏ ਦਾ ਨਾਂ ਨਹੀਂ, ਰੁਆਏ ਦਾ ਹੋ ਜਾਂਦਾ ਹੈ।

2. ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ : (ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਬਹੁਤੀ ਮਿਹਨਤ ਕੀਤੇ
ਬਗੈਰ ਅਸਾਨੀ ਨਾਲ ਕੋਈ ਚੀਜ਼ ਹਾਸਲ ਕੀਤੀ ਜਾ ਸਕਦੀ ਹੋਵੇ) ਸੁਮੀਤ ਦੇ ਪਿਤਾ ਜੀ ਉਸਨੂੰ ਪ੍ਰਦੇਸ ਜਾਣ ਤੋਂ ਪਹਿਲਾਂ ਸਮਝਾ ਰਹੇ ਸਨ ਕਿ ਉੱਥੇ ਸਭ ਨਾਲ ਪਿਆਰ ਅਤੇ ਇੱਜ਼ਤ ਨਾਲ ਬੋਲਣਾ ਹੈ ਤਾਂ ਹੀ ਸਾਰੇ ਤੁਹਾਨੂੰ ਪਸੰਦ ਕਰਨਗੇ। ਉਹ ਕਹਿ ਰਹੇ ਸਨ ਕਿ ਸਿਆਣਿਆਂ ਦਾ ਅਖਾਣ ਹੈ ਕਿ ‘ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।’ ਪਿਆਰ ਨਾਲ ਰਹੋਗੇ ਤਾਂ ਹੀ ਕਾਮਯਾਬ ਹੋਵੋਗੇ।

3. ਹਾਥੀ ਜਿਊਂਦਾ ਲੱਖ ਦਾ, ਮਰਿਆ ਸਵਾ ਲੱਖ ਦਾ : (ਕਿਸੇ ਪੁਰਾਣੀ ਅਤੇ ਨਾ ਵਰਤੀ ਜਾਣ ਵਾਲੀ ਚੀਜ਼ ਦਾ ਚੰਗਾ ਮੁੱਲ ਮਿਲ ਜਾਣ ‘ਤੇ ਇਹ ਅਖਾਣ ਵਰਤਿਆ ਜਾਂਦਾ ਹੈ) ਕਿਰਨ ਦੇ ਪਿਤਾ ਜੀ ਬੈਂਕ ਵਿੱਚ ਕਲਰਕ ਸਨ। ਉਨ੍ਹਾਂ ਦਸ ਲੱਖ ਦਾ ਜੀਵਨ ਬੀਮਾ ਕਰਾਇਆ ਹੋਇਆ ਸੀ। ਰਿਟਾਇਰ ਹੋਣ ਤੋਂ ਛੇ ਮਹੀਨੇ ਪਹਿਲਾਂ ਉਹਨਾਂ ਨੂੰ ਅਧਰੰਗ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਨੂੰ ਬੀਮੇ ਦੀ ਰਕਮ ਤੇ ਬੈਂਕ ਤੋਂ ਮਿਲੇ ਪੈਸੇ ਕੁਲ ਬਾਈ-ਤੇਈ ਲੱਖ ਦੀ ਰਕਮ ਬਣ ਗਈ। ਕਿਰਨ ਦੇ ਚਾਚੇ-ਤਾਏ ਕਹਿ ਰਹੇ ਸਨ ਕਿ ਕਿਸੇ ਠੀਕ ਹੀ ਕਿਹਾ ਹੈ ਕਿ ਹਾਥੀ ਜਿਊਂਦਾ ਲੱਖ ਦਾ, ਮਰਿਆ ਸਵਾ ਲੱਖ ਦਾ।

4. ਹੱਥ ਕੰਗਣ ਨੂੰ ਆਰਸੀ ਕੀ? : (ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ) ਦੀਪਕਾ ਭਾਵੇਂ ਆਪਣੀ ਬਿਮਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਦੇ ਪਤੀ ਨੇ ਕਿਹਾ, ‘ਹੱਥ ਕੰਗਣ ਨੂੰ ਆਰਸੀ ਕੀ? ਤੇਰਾ ਦਿਨੋ-ਦਿਨ ਪੀਲਾ ਹੋ ਰਿਹਾ ਰੰਗ ਪ੍ਰਤੱਖ ਦੱਸ ਰਿਹਾ ਹੈ ਕਿ ਤੂੰ ਢਿੱਲੀ ਏਂ।’

5. ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ : (ਕਹਿਣਾ ਕੁਝ, ਕਰਨਾ ਕੁਝ ਹੋਰ) ਬਲਦੇਵ ਸਮਗਲਰ ਨੂੰ ਚਿੱਟੇ ਖੱਦਰ ਦੇ ਕੱਪੜਿਆਂ ਵਿਚ ਵੇਖ ਕੇ ਸਰਬਜੀਤ ਨੇ ਕਿਹਾ-ਵਾਹ ਇਹ ਤਾਂ ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ ਵਾਲੀ ਗੱਲ ਹੈ।

6. ਹੋਰ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ : (ਕੇਵਲ ਆਪਣੇ ਮੰਤਵ ਦੀ ਹੀ ਗੱਲ ਕਰਨਾ) ਸਾਰੇ ਪਿੰਡ ਦੇ ਸੁਧਾਰ ਲਈ ਹੋ ਰਹੀ ਸਭਾ ਵਿਚ ਕੇਵਲ ਵਲੋਂ ਮੁੜ-ਘਿੜ ਆਪਣੀ ਗਲੀ ਨੂੰ ਪੱਕਿਆਂ ਕਰਵਾਉਣ ਦੀ ਤਜਵੀਜ਼ ਪੇਸ਼ ਕਰਦਿਆਂ ਦੇਖ ਕੇ ਸਰਪੰਚ ਨੇ ਕਿਹਾ-‘ਹੋਰ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ।’

7. ਹੀਲੇ ਰਿਜ਼ਕ ਬਹਾਨੇ ਮੌਤ : (ਉੱਦਮ ਤੋਂ ਬਿਨਾਂ ਕੁਝ ਨਹੀਂ ਸੰਵਰਦਾ) ਤੈਨੂੰ ਘਰ ਬੈਠਿਆਂ ਕਿਸੇ ਨੇ ਨੌਕਰੀ ਨਹੀਂ ਦੇਣੀ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੀਲੇ ਰਿਜ਼ਕ ਬਹਾਨੇ ਮੌਤ, ਕਿਸੇ ਨੂੰ ਮਿਲੇ-ਗਿਲੇਂਗਾ, ਤਾਂ ਹੀ ਕੰਮ ਬਣੇਗਾ।

8. ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ : (ਜਦ ਕੋਈ ਮੂਰਖ ਕਿਸੇ ਦੀ ਲੋੜ ਤੋਂ ਵੱਧ ਵਰਤੋਂ ਕਰੇ) ਸਾਡੀ ਗਲੀ ਦਾ ਜਮਾਂਦਾਰ ਭਾਵੇਂ ਸਫ਼ਾਈ ਕਰਨ ਆਵੇ, ਬਜ਼ਾਰ ਜਾਵੇ ਜਾਂ ਕਿਤੇ ਹੋਰ, ਹਰ ਵੇਲੇ ਟਰਾਂਜ਼ਿਸਟਰ ਕੋਲ ਰੱਖਦਾ ਹੈ। ਉਹਦੀ ਤਾਂ ਇਹ ਗੱਲ ਹੈ-ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ।

9. ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ : ਜਦੋਂ ਕੋਈ ਆਪਣੀਆਂ ਕਰਤੂਤਾਂ ਦਾ ਫਲ ਭੋਗ ਰਿਹਾ ਹੋਵੇ, ਤਾਂ ਆਖਿਆ ਜਾਂਦਾ ਹੈ।

10. ਹੱਥਾਂ ਬਾਝ ਕਰਾਰਿਆਂ, ਵੈਰੀ ਮਿਤ ਨਾ ਹੋਣ : ਸਖਤੀ ਕੀਤੇ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ।

11. ਹਾਥੀ ਲੰਘ ਗਿਆ, ਪੂਛ ਅੜ ਗਈ : ਜਦ ਕਿਸੇ ਵੱਡੇ ਸਾਰੇ ਕੰਮ ਦਾ ਇੱਕ ਨਿੱਕਾ ਜਿਹਾ ਹਿੱਸਾ ਰਹਿ ਜਾਏ, ਤਾਂ ਵਰਤਿਆ ਜਾਂਦਾ ਹੈ।

12. ਹਾਂਡੀ ਉੱਬਲੇਗੀ ਤਾਂ ਆਪਣੇ ਕੰਢੇ ਸਾੜੇਗੀ : ਮਾੜੇ ਦਾ ਗੁੱਸਾ ਉਸ ਦਾ ਆਪਣਾ ਹੀ ਨੁਕਸਾਨ ਕਰਦਾ ਹੈ।

13. ਹੇਠਾਂ ਮਸੀਤ ਉੱਪਰ ਠਾਕੁਰਦੁਆਰਾ : ਦੋ ਅਜੋੜ ਚੀਜ਼ਾਂ ਦਾ ਮੇਲ ਵੇਖ ਕੇ ਕਿਹਾ ਜਾਂਦਾ ਹੈ।

14. ਹੁਣ ਤਾਂ ਭੇਡਾਂ ਵੀ ਮੁੱਕੇ ਚੱਲੀਆਂ ਨੇ : ਜਿਸ ਤੋਂ ਕੋਈ ਆਸ ਨਾ ਹੋਵੇ, ਪਰ ਉਹ ਕੁਝ ਕਰ ਵਿਖਾਏ, ਤਾਂ ਕਹਿੰਦੇ ਹਨ।