Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ (Proverbs)


(ਸ) ਅਤੇ (ਸ਼) ਨਾਲ ਸ਼ੁਰੂ ਹੋਣ ਵਾਲੇ ਅਖਾਣ


1. ਸਹੁੰ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ : (ਬੰਦਾ ਆਪਣੇ ਬਾਰੇ ਹੀ ਭਰੋਸਾ ਦੇ ਸਕਦਾ ਹੈ, ਦੂਜੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ) ਆੜ੍ਹਤੀ ਨੇ ਮੰਨੂੰ ਨੂੰ ਪੈਸੇ ਉਧਾਰ ਦੇਣ ਤੋਂ ਪਹਿਲਾਂ ਉਸਦੇ ਜੀਜੇ ਨੂੰ ਫੋਨ ਤੇ ਤਸੱਲੀ ਕਰਨ ਲਈ ਪੁੱਛਿਆ ਤਾਂ ਉਸਦਾ ਜੀਜਾ ਅੱਗੋਂ ਕਹਿਣ ਲੱਗਾ ਕਿ ਸੇਠ ਜੀ! ਸਹੁੰ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ।

2. ਸੱਸ ਨਾ ਨਨਾਣ, ਵਹੁਟੀ ਆਪੇ ਪਰਧਾਨ : (ਜਦੋਂ ਕਿਸੇ ਦੇ ਕਾਰ-ਵਿਹਾਰ ਤੇ ਕਿਸੇ ਦੀ ਬੰਦਿਸ਼ ਨਾ ਹੋਵੇ ਤਾਂ ਉਸਦੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ) ਜੱਸੀ ਦੇ ਸੱਸ-ਸਹੁਰਾ ਪੂਰੇ ਹੋ ਗਏ ਹਨ ਤੇ ਘਰਵਾਲਾ ਵੀ ਬਿਮਾਰ ਹੋਣ ਕਰਕੇ ਮੰਜੇ ਤੇ ਪਿਆ ਹੈ। ਵਿਚਾਰੀ ਨੂੰ ਚੰਗੇ-ਮੰਦੇ ਸਭ ਰਿਸ਼ਤੇਦਾਰੀ ‘ਚ ਆਪ ਹੀ ਜਾਣਾ ਪੈਂਦਾ ਹੈ। ਉਸਦੀ ਦਰਾਣੀ ਉਸ ਨੂੰ ਟਿੱਚਰਾਂ ਕਰਦੀ ਹੈ ਕਿ ਸੱਸ ਨਾ ਨਨਾਣ, ਵਹੁਟੀ ਆਪੇ ਪਰਧਾਨ।

3. ਸੱਜਾ ਧੋਵੇ ਖੱਬੇ ਨੂੰ, ਖੱਬਾ ਧੋਵੇ ਸੱਜੇ ਨੂੰ : (ਇੱਕ ਦੂਜੇ ਦੀ ਮਦਦ ਕਰਨ ਲਈ ਵਰਤਿਆ ਜਾਂਦਾ ਹੈ) ਸੀਮਾ ਦੀ ਜਠਾਣੀ ਅਨਪੜ੍ਹ ਹੈ ਅਤੇ ਸੀਮਾ ਆਪ ਇਕ ਅਧਿਆਪਕਾ ਹੈ। ਉਹ ਪੂਰੀ ਜ਼ਿੰਮੇਵਾਰੀ ਨਾਲ ਜਠਾਣੀ ਦੇ ਦੋਵਾਂ ਬੱਚਿਆਂ ਨੂੰ ਪੜ੍ਹਾ ਦਿੰਦੀ ਹੈ ਤੇ ਉਸਦੀ ਜਠਾਣੀ ਘਰ ਦਾ ਸਾਰਾ ਕੋਟੀ-ਟੁੱਕ ਕਰ ਲੈਂਦੀ ਹੈ। ਆਂਢ-ਗੁਆਂਢ ਸਿਫ਼ਤਾਂ ਕਰਦਾ ਹੈ ਤੇ ਕਹਿੰਦਾ ਹੈ ਕਿ ਇਹਨਾਂ ਦੀ ਤਾਂ ਉਹ ਗੱਲ ਹੈ ਕਿ ਸੱਜਾ ਧੋਵੇ ਖੱਬੇ ਨੂੰ, ਖੱਬਾ ਧੋਵੇ ਸੱਜੇ ਨੂੰ।

4. ਸਹਿਜ ਪੱਕੇ ਸੋ ਮੀਠਾ ਹੋਇ : (ਤਸੱਲੀ ਦੇ ਠਰ੍ਹਮੇ ਨਾਲ ਕੀਤਾ ਕੰਮ ਹੀ ਚੰਗਾ ਹੁੰਦਾ ਹੈ) ਪ੍ਰਭਦੀਪ ਲਈ ਉਸਦੇ ਮਾਪੇ ਰਿਸ਼ਤਾ ਲੱਭ-ਲੱਭ ਹਾਰ ਹੋ ਗਏ ਸਨ। ਉਸਦੀ ਉਮਰ ਵੀ ਤੀਹ ਵਰ੍ਹਿਆ ਦੀ ਹੋ ਗਈ ਸੀ। ਅਖੀਰ ਉਸਨੂੰ ਡਾਕਟਰ ਕੁੜੀ ਦਾ ਰਿਸ਼ਤਾ ਮਿਲ ਹੀ ਗਿਆ ਅਤੇ ਉਹ ਕੁੜੀ ਸੁਭਾਅ ਦੀ ਵੀ ਬੜੀ ਨਿੱਘੀ ਹੈ। ਮੈਂ ਕਿਹਾ ਕਿ ਦੇਖ ਵੀਰ ! ਸਿਆਣੇ ਆਖਦੇ ਹਨ ਕਿ ਸਹਿਜ ਪੱਕੇ ਸੋ ਮੀਠਾ ਹੋਇ।

5. ਸ਼ਕਲ ਮੋਮਨਾਂ, ਕਰਤੂਤ ਕਾਫ਼ਰਾਂ : (ਵਿਖਾਵਾ ਕੁਝ ਤੇ ਕਰਨਾ ਹੋਰ) ਜਦ ਬਲਦੇਵ ਨੇ ਹਰਪਾਲ ਨੂੰ ਚੋਰੀ ਕਰਦਿਆਂ ਫੜ ਲਿਆ ਤਾਂ ਬਲਦੇਵ ਨੇ ਕਿਹਾ – ‘ਵਾਹ! ਸ਼ਕਲ ਮੋਮਨਾਂ, ਕਰਤੂਤ ਕਾਫ਼ਰਾਂ; ਉਂਜ ਤਾਂ ਤੂੰ ਸਫ਼ੈਦਪੋਸ਼ ਬਣ ਕੇ ਆਪਣੇ-ਆਪ ਨੂੰ ਭਲਾ ਪੁਰਸ਼ ਅਖਵਾਉਂਦਾ ਏਂ।’

6. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ : (ਬਿਨਾਂ ਪੁੱਛੇ ਕਿਸੇ ਦੇ ਮਸਲੇ ਵਿੱਚ ਦਖ਼ਲ ਦੇਣਾ) ਬਲਕਾਰ ਤੇ ਸੰਦੀਪ ਦੀ ਲੜਾਈ ਖ਼ਤਮ ਕਰਾਉਣ ਲਈ ਜਦੋਂ ਹਰਸ਼ ਅੱਗੇ ਵਧਿਆ ਤਾਂ ਸੋਹਨ ਨੇ ਕਿਹਾ-‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਤੂੰ ਜਾਹ, ਅਸੀਂ ਆਪੇ ਨਜਿੱਠ ਲਵਾਂਗੇ।’

7. ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ : (ਮਿਹਨਤ ਬਹੁਤ, ਫਲ ਘੱਟ) ਆਪਣੀ ਲੜਕੀ ਨੂੰ ਵੇਖਣ ਆ ਰਹੇ ਮੁੰਡੇ ਖ਼ਾਤਰ ਪ੍ਰਤਾਪ ਨੇ ਬਹੁਤ ਪੈਸਾ ਖ਼ਰਚ ਕੇ ਘਰ ਸਜਾਇਆ। ਘਰ ਆਏ ਮੁੰਡੇ ਦੀ ਇੱਕ ਲੱਤ ਲੰਙੀ ਵੇਖ ਕੇ ਉਸ ਕਿਹਾ ਇਹ ਤਾਂ ਉਹ ਗੱਲ ਹੋਈ, ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ।

8. ਸਭੇ ਭੇਡਾਂ ਮੂੰਹ ਕਾਲੀਆਂ : (ਸਭਨਾਂ ਦਾ ਮੂਰਖ ਹੋਣਾ) ਅੱਜ ਬੁੱਢੇ ਪ੍ਰਕਾਸ਼ ਚੰਦ ਨੂੰ ਫ਼ਿਕਰ ਪੈ ਗਿਆ ਹੈ ਕਿ ਉਹ ਆਪਣੀ ਕੀਮਤੀ ਜਾਇਦਾਦ ਕਿਸ ਨੂੰ ਸੌਂਪੇ, ਉਸ ਦੇ ਆਪਣੇ ਬੱਚੇ ਤਾਂ ਸਭੇ ਭੇਡਾਂ ਮੂੰਹ ਕਾਲੀਆਂ ਹੋਏ।

9. ਸਰਫ਼ਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ : (ਸਰਫ਼ੇ ਨਾਲ ਜਦ ਬਹੁਤਾ ਨੁਕਸਾਨ ਹੋਵੇ) ਬੈਂਕ-ਬੱਚਤ ਵਧਾਉਣ ਲਈ ਬਲਕਰਨ ਨੇ ਚੰਗਾ ਖਾਣਾ-ਪੀਣਾ ਛੱਡਿਆ, ਪਰ ਜਦ ਖਾਸੀ ਰਕਮ ਜੁੜ ਗਈ ਤਾਂ ਬੈਂਕ ਫੇਲ੍ਹ ਹੋ ਗਿਆ। ਉਸ ਨਾਲ ਤਾਂ ‘ਸਰਫ਼ਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ’ ਵਾਲੀ ਗੱਲ ਹੋਈ।

10. ਸਸਤਾ ਰੋਵੇ ਵਾਰ-ਵਾਰ, ਮਹਿੰਗਾ ਰੋਵੇ ਇੱਕ ਵਾਰ : ਜਦ ਇਹ ਦੱਸਣਾ ਹੋਵੇ ਕਿ ਸਸਤੀ ਚੀਜ਼ ਵਿੱਚ ਓੜਕ ਘਾਟਾ ਹੀ ਰਹਿੰਦਾ ਹੈ, ਤਾਂ ਕਹਿੰਦੇ ਹਨ।

11. ਸਖੀ ਨਾਲੋਂ ਸੂਮ ਚੰਗਾ ਜਿਹੜਾ ਤੁਰੰਤ ਦੇਵੇ ਜਵਾਬ : ਲਾਰੇ-ਲੱਪੇ ਲਾਉਣ ਨਾਲੋਂ ਨਾਂਹ ਕਰਨ ਵਾਲਾ ਚੰਗਾ ਹੁੰਦਾ ਹੈ।

12. ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ : ਆਪਣੇ ਸਹਾਇਕ ਦਾ ਅਯੋਗ ਲਾਭ ਨਹੀਂ ਉਠਾਉਣਾ ਚਾਹੀਦਾ।

13. ਸੱਪ ਦਾ ਡੰਗਿਆ ਰੱਸੀ ਤੋਂ ਡਰਦਾ ਹੈ ਜਾਂ ਦੁੱਧ ਦਾ ਸੜਿਆ ਲੱਸੀ ਨੂੰ ਵੀ ਫ਼ੂਕਾਂ ਮਾਰ ਮਾਰ ਪੀਂਦਾ ਹੈ : ਜਿਸ ਨੂੰ ਪਹਿਲਾਂ ਚੰਗੇ ਹੱਥ ਲੱਗੇ ਹੋਣ ਅਤੇ ਉਹ ਬਹੁਤ ਹੀ ਸੋਚ-ਸਮਝ ਕੇ ਕੰਮ ਕਰੇ, ਤਾਂ ਕਹਿੰਦੇ ਹਨ।

14. ਸੱਪ ਦਾ ਬੱਚਾ ਸਪੋਲੀਆ : ਭੈੜੇ ਦੀ ਔਲਾਦ ਵੀ ਭੈੜੀ ਹੁੰਦੀ ਹੈ।

15. ਸੱਪ ਦੇ ਮੂੰਹ ਕੋੜ੍ਹ-ਕਿਰਲੀ, ਖਾਵੇ ਤੇ ਥੋੜ੍ਹੀ ਛੱਡੇ ਤਾਂ ਅੰਨ੍ਹਾ : ਜਦੋਂ ਹਰ ਪਾਸੇ ਨੁਕਸਾਨ ਹੀ ਹੋਵੇ ਤਾਂ ਕਹਿੰਦੇ ਹਨ।

16. ਸੱਪ ਨੂੰ ਸੱਪ ਲੜੇ, ਵਿਸ ਕਿਸ ਨੂੰ ਚੜ੍ਹੇ : ਜਦੋਂ ਇੱਕੋ-ਜਿਹੇ ਦੋ ਤਕੜੇ ਆਦਮੀ ਇੱਕ-ਦੂਜੇ ਨਾਲ ਵੈਰ ਕਮਾਉਣ ਪਰ ਨੁਕਸਾਨ ਨਾ ਪੁਚਾ ਸਕਣ ਤਾਂ ਕਹਿੰਦੇ ਹਨ।

17. ਸ਼ਰ੍ਹਾ ਵਿਚ ਕੀ ਸ਼ਰਮ : ਜਦ ਇਹ ਦੱਸਣਾ ਹੋਵੇ ਕਿ ਕਿਸੇ ਚੀਜ਼ ਨੂੰ ਖ਼ਰੀਦਣ ਜਾਂ ਵੇਚਣ ਵੇਲੇ ਬੇ-ਲਿਹਾਜ਼ ਹੋ ਕੇ ਠੀਕ ਮੁੱਲ ਪਾਉਣਾ ਚਾਹੀਦਾ ਹੈ, ਤਾਂ ਕਹਿੰਦੇ ਹਨ।

18. ਸਵਾਲ ਕਣਕ, ਜਵਾਬ ਜੌ ਜਾਂ ਸਵਾਲ ਗੰਦਮ ਜਵਾਬ ਜੌ : ਜਦੋਂ ਸਵਾਲ ਹੋਰ ਹੋਵੇ ਅਤੇ ਜਵਾਬ ਹੋਰ, ਤਾਂ ਕਹਿੰਦੇ ਹਨ।

19. ਸਾਈਆਂ ਕਿਤੇ ਵਧਾਈਆਂ ਕਿਤੇ : ਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾ।

20. ਸਾਡੀ ਬਿੱਲੀ, ਸਾਨੂੰ ਮਿਆਓਂ : ਜਦ ਕੋਈ ਜੀਵ ਆਪਣੇ ਪਾਲਣਹਾਰ ਨੂੰ ਦਬਾਏ ਤਾਂ ਕਹਿੰਦੇ ਹਨ।

21. ਸਿਰ ਕਾਇਮ, ਜੰਗ ਦਾਇਮ ਜਾਂ ਜਾਨ ਨਾਲ ਹੀ ਜਹਾਨ ਹੈ : ਸਿਹਤਮੰਦ ਰਹਿਣ ਲਈ ਸਿੱਖਿਆ ਦੇਣੀ ਹੋਵੇ ਤਾਂ ਕਹਿੰਦੇ ਹਨ।

22. ਸੂਰਾਂ ਨੂੰ ਪੋਨੇ : ਘਟੀਆ ਨੂੰ ਵਧੀਆ ਚੀਜ਼ ਦੇਣੀ।

23. ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ : ਜਦੋਂ ਕੋਈ ਬੱਚਾ ਬਚਪਨ ਵਿੱਚ ਹੀ ਆਪਣੇ ਲੱਛਣ ਦੱਸਣ ਲੱਗ ਪਵੇ, ਤਾਂ ਕਹਿੰਦੇ ਹਨ।

24. ਸੋਟੇ ਦੇ ਡਰ ਬਾਂਦਰ ਨੱਚੇ

ਜਾਂ

ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ : ਜਦੋਂ ਇਹ ਸਿੱਧ ਕਰਨਾ ਹੋਵੇ ਕਿ ਸਖ਼ਤੀ ਕਰਨ ਨਾਲ ਹੀ ਸਾਰੇ ਕੰਮ ਸਿੱਧ ਹੋ ਸਕਦੇ ਹਨ, ਤਾਂ ਕਿਹਾ ਜਾਂਦਾ ਹੈ।

25. ਸੋਨਾ ਘੜਾਈਉਂ ਮਹਿੰਗਾ ਨਹੀਂ ਹੁੰਦਾ : ਕਿਸੇ ਬਹੁਤ ਕੀਮਤੀ ਚੀਜ਼ ਦੀ ਪ੍ਰਾਪਤੀ ਵਿੱਚ ਥੋੜ੍ਹੇ ਜਿਹੇ ਪੈਸੇ ਖ਼ਰਚ ਹੋ ਜਾਣ ਤਾਂ ਕਹਿੰਦੇ ਹਨ।

26. ਸੌ ਸੁਨਿਆਰ ਦੀ, ਇੱਕ ਲੁਹਾਰ ਦੀ : ਸੌ ਛੋਟੇ ਹੱਲਿਆਂ ਦੀ ਥਾਂ ਇੱਕੋ ਸਖ਼ਤ ਹੱਲਾ ਵਧੇਰੇ ਅਸਰਦਾਇਕ ਹੁੰਦਾ ਹੈ।

27. ਸੌ ਚਾਚਾ ਤੇ ਇੱਕ ਪਿਓ, ਸੌ ਦਾਰੂ ਤੇ ਇਕ ਘਿਓ : ਜਦ ਇਹ ਦੱਸਣਾ ਹੋਵੇ ਕਿ ਸਭ ਨਾਲੋਂ ਪਿਆਰਾ ਰਿਸ਼ਤਾ ਪਿਓ ਦਾ ਹੁੰਦਾ ਹੈ ਅਤੇ ਸਭ ਤੋਂ ਵੱਧ ਚੰਗੀ ਖ਼ੁਰਾਕ ਘਿਓ ਹੁੰਦੀ ਹੈ, ਤਾਂ ਕਹਿੰਦੇ ਹਨ।

28. ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ : ਜਦ ਕੋਈ ਕੁਕਰਮੀ ਸ਼ੁੱਭ ਕਰਮ ਕਰਦਾ ਵੇਖਿਆ ਜਾਏ, ਇਹ ਅਖਾਣ ਵਰਤਿਆ ਜਾਂਦਾ ਹੈ।

29. ਸੌ ਦਾਰੂ ਤੇ ਇੱਕ ਪੱਥ : ਜਦੋਂ ਇਹ ਸਮਝਾਉਣਾ ਹੋਵੇ ਕਿ ਦਵਾਈ ਨਾਲੋਂ ਪ੍ਰਹੇਜ ਬਹੁਤ ਜ਼ਰੂਰੀ ਹੈ ਤਾਂ ਕਿਹਾ ਜਾਂਦਾ ਹੈ।

30. ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ : ਜਦੋਂ ਕੋਈ ਕੁਕਰਮੀ ਕੁਕਰਮ ਕਰਦਾ ਓੜਕ ਪਕੜਿਆ ਜਾਏ, ਤਾਂ ਕਹਿੰਦੇ ਹਨ।

31. ਸੌਣ ਸੁੱਕੇ ਨਾ ਭਾਦਰੋਂ ਹਰੇ ਜਾਂ ਗ਼ਰੀਬ ਨੂੰ ਰੱਬ ਦੀ ਮਾਰ : ਮਾੜੇ ਸਦਾ ਮਾੜੇ ਹੀ ਰਹਿੰਦੇ ਹਨ।

32. ਸੌਣ ਦੇ ਜੰਮੇ ਨੂੰ ਹਰਾ ਹੀ ਹਰਾ ਦਿਸਦਾ ਹੈ ਜਾਂ ਊਠ ‘ਤੇ ਚੜ੍ਹੇ ਨੂੰ ਦੋ-ਦੋ ਦਿਸਦੇ ਹਨ : ਸੁਖੀ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਹਨ।