Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ (Proverbs)


ੲ ਨਾਲ ਸ਼ੁਰੂ ਹੋਣ ਵਾਲੇ ਅਖਾਣ


1. ਇੱਕ ਚੋਰੀ, ਦੂਜੇ ਸੀਨਾ ਜੋਰੀ : (ਜਦੋਂ ਕੋਈ ਬੰਦਾ ਨੁਕਸਾਨ ਕਰਕੇ ਸ਼ਰਮਿੰਦਾ ਹੋਣ ਦੀ ਥਾਂ ਸਗੋਂ ਆਕੜੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) ਸੁਖਬੀਰ ਦੀ ਬੜੀ ਭੈੜੀ ਆਦਤ ਹੈ ਕਿ ਬਿਨਾ ਪੁੱਛੇ ਮੇਰੀ ਕਿਤਾਬ ਰੋਜ਼ ਲੈ ਜਾਂਦਾ ਹੈ। ਅੱਜ ਮੈਂ ਜਦੋਂ ਆਪਣੀ ਕਿਤਾਬ ਲੈਣ ਉਸਦੇ ਘਰ ਗਿਆ ਤਾਂ ਅੱਗੋਂ ਮੇਰੇ ਨਾਲ ਗੁੱਸੇ ਵਿੱਚ ਬੋਲਣ ਲੱਗਾ। ਮੈਂ ਕਿਹਾ ਕਿ ਭਰਾਵਾ ਤੇਰੀ ਤਾਂ ਉਹੋ ਗੱਲ ਹੋਈ ਅਖੇ ਇੱਕ ਚੋਰੀ, ਦੂਜੇ ਸੀਨਾ ਜੋਰੀ।

2. ਇਹ ਮੂੰਹ ਤੇ ਮਸਰਾਂ ਦੀ ਦਾਲ : (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਅਯੋਗ ਬੰਦਾ ਚੰਗੀ ਚੀਜ਼ ‘ਤੇ ਆਪਣਾ ਹੱਕ ਜਤਾਵੇ) ਸਤਬੀਰ ਮਾਸਟਰ ਦਾ ਮੁੰਡਾ ਬੀ.ਏ. ਵਿੱਚੋਂ ਫੇਲ੍ਹ ਹੋ ਗਿਆ ਤੇ ਆਪਣੀ ਭੈਣ ਨੂੰ ਕਹਿਣ ਲੱਗਾ ਕਿ ਐਤਕੀਂ ਹਾੜ੍ਹੀ ਤੇ ਮੈਂ ਬਾਪੂ ਜੀ ਤੋਂ ਮੋਟਰ ਸਾਇਕਲ ਲੈਣੀ ਹੈ ਤਾਂ ਉਸਦੀ ਭੈਣ ਕਹਿਣ ਲੱਗੀ ਕਿ ਵੇਖ ਤਾਂ ਸਹੀ, ਇਹ ਮੂੰਹ ਤੇ ਮਸਰਾਂ ਦੀ ਦਾਲ।

3. ਇੱਕ ਸੱਪ ਦੂਜਾ ਉੱਡਣਾ : (ਜਦੋਂ ਕਿਸੇ ਬੰਦੇ ਵਿੱਚ ਦੋ ਐਬ ਇੱਕ ਦੂਜੇ ਤੋਂ ਵੱਧ ਕੇ ਹੋਣ ਤਾਂ ਉਸ ਲਈ ਇਹ ਅਖਾਣ ਵਰਤਿਆ ਜਾਂਦਾ ਹੈ) ਸਰਪੰਚ ਦੇ ਅਮਲੀ ਤੇ ਜੁਆਰੀਏ ਮੁੰਡੇ ਨਾਲ ਦੋਸਤੀ ਕਰਨ ਤੋਂ ਹਰਜੀਤ ਨੂੰ ਉਸਦੇ ਦਾਦਾ ਜੀ ਨੇ ਮਨ੍ਹਾਂ ਕੀਤਾ ਤੇ ਕਹਿਣ ਲੱਗੇ ਕਿ ਪੁੱਤਰਾ! ਉਹਦੀ ਤਾਂ ਉਹੋ ਗੱਲ ਹੈ ਕਿ ਇੱਕ ਸੱਪ ਦੂਜਾ ਉੱਡਣਾ। ਤੂੰ ਉਹਦਾ ਸੰਗ ਛੱਡ ਦੇ, ਚੰਗਾ ਰਹੇਂਗਾ।

4. ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ : (ਜਦੋਂ ਇਹ ਦੱਸਣਾ ਹੋਵੇ ਕਿ ਇੱਕ ਮਾੜਾ ਬੰਦਾ ਸਾਰੇ ਪਰਿਵਾਰ ਦਾ ਮਹੌਲ ਖਰਾਬ ਕਰਕੇ ਰੱਖ ਦਿੰਦਾ ਹੈ) ਵੀਨਾ ਦੀ ਕੁੜੀ ਭਾਵੇਂ ਸੋਹਣੀ ਹੈ ਪਰ ਹੈ ਬੜੀ ਲੜਾਕੀ। ਉਸਦਾ ਰਿਸ਼ਤਾ ਅਸ਼ੋਕ ਵੱਲ ਹੋਣ ਲੱਗਾ ਤਾਂ ਅਸ਼ੋਕ ਦੀ ਦਾਦੀ ਉਸ ਨੂੰ ਸਮਝਾਉਣ ਲੱਗੀ ਕਿ ਪੁੱਤਰ ਨਿਰਾ ਸੋਹਣੀ ਨਾ ਵੇਖ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ।

5. ਈਸਬਗੋਲ ਤੇ ਕੁਝ ਨਾ ਫੋਲ : (ਜਦ ਕੋਈ ਬਹੁਤ ਦੁਖੀ ਹੋਵੇ ਅਤੇ ਆਪਣੇ ਦੁੱਖ ਨੂੰ ਦੱਸ ਨਾ ਸਕੇ, ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) ਪੰਜਾਬ ਦੀ ਵੰਡ ਵਿੱਚ ਕਿਰਪਾਲ ਹੁਰਾਂ ਦਾ ਧਨ-ਦੌਲਤ ਨਸ਼ਟ ਹੋ ਗਿਆ ਤੇ ਬਾਲ-ਬੱਚੇ ਮਾਰ ਦਿੱਤੇ ਗਏ। ਜਦ ਮੈਂ ਉਸ ਦੇ ਘਰ ਹਮਦਰਦੀ ਲਈ ਗਿਆ ਤਾਂ ਉਹ ‘ਈਸਬਗੋਲ ਕੁਝ ਨਾ ਫੋਲ’ ਕਹਿ ਕੇ ਜ਼ਾਰੋ-ਜ਼ਾਰ ਰੋਣ ਲੱਗ ਪਿਆ। ਉਸ ਦੀ ਦਰਦੀਲੀ ਹਾਲਤ ਵੇਖ ਕੇ ਮੇਰੀਆਂ ਅੱਖੀਆਂ ਵਿੱਚੋਂ ਵੀ ਹੰਝੂ ਫੁੱਟ-ਫੁੱਟ ਵਹਿਣ ਲੱਗ ਪਏ।

6. ਇੱਕ ਅਨਾਰ ਸੌ ਬਿਮਾਰ : (ਜਦ ਚੀਜ਼ ਥੋੜ੍ਹੀ ਹੋਵੇ ਤੇ ਲੋੜਵੰਦ ਬਹੁਤੇ, ਤਾਂ ਕਿਹਾ ਜਾਂਦਾ ਹੈ।) ਜਦ ਮੈਂ ਆਪਣੀ ਕਾਰ ਅੱਧੀ ਕੀਮਤ ‘ਤੇ ਵੇਚਣੀ ਚਾਹੀ, ਤਾਂ ਕਈ ਗਾਹਕ ਪੁੱਛ-ਗਿੱਛ ਲਈ ਆ ਗਏ। ਮੈਂ ਕਿਹਾ ਇਹ ਤਾਂ ‘ਇੱਕ ਅਨਾਰ, ਸੌ ਬਿਮਾਰ’ ਵਾਲੀ ਗੱਲ ਹੋ ਗਈ ਹੈ; ਮੈਂ ਫ਼ੈਸਲਾ ਨਹੀਂ ਕਰ ਸਕਦਾ ਕਿ ਕਿਸ ਨੂੰ ਦੇਵਾਂ ਤੇ ਕਿਸ ਨੂੰ ਨਰਾਜ਼ ਕਰਾਂ।

7. ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ : (ਜਦ ਇਹ ਦੱਸਣਾ ਹੋਵੇ ਕਿ ਕਸੂਰ ਦੋਹਾਂ ਧੜਿਆਂ ਦਾ ਹੈ, ਤਾਂ ਕਹਿੰਦੇ ਹਨ।) ਸੰਗੀਤ ਨੇ ਆਪਣੇ ਗਲਾਧੜ ਬੱਚੇ ਨੂੰ ਸਮਝਾਉਂਦਿਆਂ ਹੋਇਆਂ ਦੱਸਿਆ ਕਿ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਇੱਕ ਚੁੱਪ ਤੇ ਸੌ ਸੁਖ, ਤੈਨੂੰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

8. ਇੱਕ ਪੰਥ ਦੋ ਕਾਜ ਜਾਂ ਨਾਲੇ ਪੁੰਨ ਤੇ ਨਾਲੇ ਫਲੀਆਂ : (ਜਦ ਕੰਮ ਇੱਕ ਕੀਤਾ ਜਾਏ, ਪਰ ਲਾਭ ਦੋ ਹੋ ਜਾਣ ਤਾਂ ਅਜਿਹੇ ਅਖਾਣ ਵਰਤੇ ਜਾਂਦੇ ਹਨ।) ਵਿੱਦਿਆ ਦੇਣਾ ਮਾਨੋਂ ਇੱਕ ਪੰਥ ਦੋ ਕਾਜ ਕਰਨਾ ਹੈ, ਇੱਕ ਤਾਂ ਇਹ ਪਰਉਪਕਾਰ ਹੈ ਤੇ ਦੂਜੇ ਰੋਟੀ ਦਾ ਸਾਧਨ ਹੈ।

9. ਇੱਕੋ ਆਂਡਾ, ਉਹ ਵੀ ਗੰਦਾ : ਜਦ ਕਿਸੇ ਦਾ ਇੱਕ ਪੁੱਤਰ ਹੋਵੇ ਤੇ ਉਹ ਵੀ ਨਿਕੰਮਾ ਨਿਕਲੇ ਤਾਂ ਕਿਹਾ ਜਾਂਦਾ ਹੈ।

10. ਇੱਟ ਚੁੱਕਦੇ ਨੂੰ ਪੱਥਰ ਤਿਆਰ : ਜਦ ਕੋਈ ਜੁਆਬ ਸਵਾਲ ਨਾਲੋਂ ਵਧ ਕੇ ਕਰਾਰਾ ਹੋਵੇ, ਤਾਂ ਕਹਿੰਦੇ ਹਨ।

11. ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ : ਜਦ ਕਿਸੇ ਤੋਂ ਲਾਭ ਦੀ ਆਸ ਨਾ ਹੋਵੇ, ਤਾਂ ਆਖਦੇ ਹਨ।

12. ਈਦ ਪਿੱਛੋਂ ਤੰਬਾ ਫੂਕਣਾ ਹੈ : ਜਦ ਕੋਈ ਲੋੜ ਸਮੇਂ ਨਹੀਂ ਬਲਕਿ ਮਗਰੋਂ ਮਦਦ ਕਰਨੀ ਚਾਹੇ, ਤਾਂ ਕਿਹਾ ਜਾਂਦਾ ਹੈ।