ਅਖਾਣ


ਅਖਾਉਤਾਂ/ਅਖਾਣ


1. ਉੱਠ ਤਾਂ ਉੱਠ ਨਹੀਂ ਤਾਂ ਰੇਤ ਦੀ ਮੁੱਠ (ਕੰਮ ਕਰਨ ਵਾਲਾ ਬੰਦਾ ਹੀ ਸਭ ਨੂੰ ਚੰਗਾ ਲੱਗਦਾ ਹੈ, ਨਿਕੰਮਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ) : ਮਨਵੀਰ ਦੀ ਮਾਤਾ ਨੇ ਆਪਣੇ ਸੁੱਤੇ ਹੋਏ ਪੁੱਤਰ ਨੂੰ ਉਠਾਉਂਦਿਆਂ ਹੋਇਆਂ ਕਿਹਾ ਕਿ ਆਲਸ ਨਾ ਕਰ। ਵਿਹਲ ਤੇ ਆਲਸ ਬੰਦੇ ਨੂੰ ਨਿਕੰਮਾ ਬਣਾ ਦਿੰਦਾ ਹੈ। ਆਪਣੀ ਘਰ ਦੀ ਦੁਕਾਨ ‘ਤੇ ਹੀ ਜਾ ਕੇ ਬੈਠਿਆ ਕਰ, ਕਿਉਂਕਿ ਸਿਆਣਿਆਂ ਨੇ ਕਿਹਾ ਹੈ; ਉੱਠ ਤਾਂ ਉੱਠ ਨਹੀਂ ਤਾਂ ਰੇਤ ਦੀ ਮੁੱਠ’। ਤੇਰੇ ਹੱਡ-ਪੈਰ ਚੱਲਦੇ ਰਹਿਣਗੇ।

2. ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ ‘ਤੇ ਮੋਹਰਾਂ (ਜਦੋਂ ਕੋਈ ਵਿਅਕਤੀ ਕੀਮਤੀ ਚੀਜ਼ਾਂ ਨੂੰ ਛੱਡ ਕੇ ਨਿਹਾਣੀਆਂ ਤੇ ਘਟੀਆ ਚੀਜ਼ਾਂ ਦੀ ਸੰਭਾਲ ਕਰਦਾ ਫਿਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ) : ਹਰਨਾਮ ਨੂੰ ਜਦੋਂ ਆਪਣੀ ਪਤਨੀ ਦੀ ਹੀਰੇ ਦੀ ਅੰਗੂਠੀ ਕਮਰੇ ਵਿੱਚ ਡਿੱਗੀ ਮਿਲੀ ਤੇ ਉਸ ਨੇ ਆਪਣੀ ਪਤਨੀ ਦੇ ਹੱਥਾਂ ਵਿੱਚ ਨਕਲੀ ਮੁੰਦਰੀ ਵੇਖੀ ਤਾਂ ਉਸ ਨੂੰ ਗੁੱਸੇ ਹੁੰਦੇ ਹੋਏ ਉਸ ਨੇ ਕਿਹਾ, “ਤੂੰ ਚੰਗੀ ਏਂ, ਨਕਲੀ ਮੁੰਦਰੀ ਹੱਥਾਂ ‘ਚ ਪਾਈ ਫਿਰਦੀ ਏ ਤੇ ਹੀਰੇ ਦੀ ਕਮਰੇ ਵਿੱਚ ਸੁੱਟੀ ਹੋਈ ਏ। ਤੇਰਾ ਤਾਂ ਉਹ ਹਾਲ ਏ, ਅਖੇ ‘ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ ‘ਤੇ ਮੋਹਰਾਂ’। ਲੈ ਸਾਂਭ ਇਸ ਨੂੰ।”

3. ਅੱਗੇ ਸੱਪ ਤੇ ਪਿੱਛੇ ਸ਼ੀਂਹ (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਤੇ ਨਾ ਪਿੱਛੇ ਜੋਗਾ ਰਹੇ) : ਅਜੀਤ ਸਿੰਘ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ, ਪਰ ਵਿਚਾਰੇ ਨਾਲ ਧੋਖਾ ਹੋ ਗਿਆ ਹੈ। ਉਸ ਦੇ ਪੁੱਤਰ ਨੂੰ ਲੁਕ-ਛਿਪ ਕੇ ਕੰਮ ਕਰਨਾ ਪੈ ਰਿਹਾ ਹੈ ਤੇ ਨਾ ਹੀ ਹੁਣ ਉਹ ਆਪਣੇ ਦੇਸ਼ ਮੁੜ ਸਕਦਾ ਹੈ। ਉਸ ਦੀ ਹਾਲਤ ਤੇ ਹੁਣ ‘ਅੱਗੇ ਸੱਪ ਤੇ ਪਿੱਛੇ ਸ਼ੀਂਹ’ ਵਰਗੀ ਹੋ ਗਈ ਹੈ। ਪਿਉ-ਪੁੱਤਰ ਦੀ ਦੁਰਦਸ਼ਾ ਹੁਣ ਵੇਖੀ ਨਹੀਂ ਜਾਂਦੀ।

4. ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਦਾ ਅਹੁਦਾ ਵੇਖ ਕੇ ਉਸ ਨੂੰ ਆਦਰ ਸਤਿਕਾਰ ਮਿਲਦਾ ਹੋਵੇ) : ਜਦੋਂ ਦਾ ਸੁਰੇਸ਼ ਪਾਰਟੀ ਦਾ ਪ੍ਰਧਾਨ ਬਣਿਆ ਹੈ, ਉਸ ਦੀ ਤਾਂ ਟੌਹਰ ਹੋ ਗਈ ਇਲਾਕੇ ਵਿੱਚ। ਹਰਨਾਮ ਨੇ ਆਪਣੇ ਗੁਆਂਢੀ ਨਾਲ ਗੱਲ ਕਰਦਿਆਂ ਕਿਹਾ। ਉਸ ਦਾ ਗੁਆਂਢੀ ਹੱਸ ਕੇ ਬੋਲਿਆ, ਸਿਆਣਿਆਂ ਨੇ ਐਵੇਂ ਨਹੀਂ ਕਿਹਾ, ‘ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ’। ਟੌਹਰ ਤਾਂ ਉਹਦੀ ਪਾਰਟੀ ਦਾ ਪ੍ਰਧਾਨ ਬਣਨ ਕਰ ਕੇ ਹੋਈ ਹੈ।

5. ਆਪੇ ਫਾਥੜੀਏ ਤੈਨੂੰ ਕੌਣ ਛਡਾਵੇ (ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜੋ ਜਾਣ-ਬੁੱਝ ਕੇ ਆਪਣੇ ਗਲ ਮੁਸੀਬਤ ਪਾ ਲਵੋ ਤੇ ਉਸ ਦੀ ਸਹਾਇਤਾ ਲਈ ਦੀ ਕੋਈ ਨਾ ਆ ਸਕੇ) : ਘਰੋਂ ਦੌੜ ਕੇ ਜਦੋਂ ਸ਼ੀਲਾ ਦੀ ਧੀ ਨੇ ਜੁਆਰੀਏ ਨਾਲ ਵਿਆਹ ਕਰਵਾ ਲਿਆ ਤਾਂ ਕੁਝ ਦਿਨਾਂ ਬਾਅਦ ਹੀ ਉਸ ਨੇ ਸ਼ੀਲਾ ਦੀ ਧੀ ਨੂੰ ਘਰੋਂ ਕੱਢ ਦਿੱਤਾ। ਉਹ ਦੌੜੀ- ਦੌੜੀ ਆਪਣੀ ਮਾਂ ਦੇ ਘਰ ਆ ਕੇ ਤਰਲੇ ਲੈਣ ਲੱਗ ਪਈ ਤਾਂ ਉਹਦੇ ਭਰਾਵਾਂ ਨੇ ਕਿਹਾ, ਅਸੀਂ ਤਾਂ ਤੈਨੂੰ ਉਸ ਦੀਆਂ ਕਰਤੂਤਾ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ, ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’। ਹੁਣ ਆਪਣੇ ਘਰ ਜਾ।

6. ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ (ਜਦੋਂ ਕੋਈ ਆਪਣੀਆਂ ਸਿਫ਼ਤਾਂ ਆਪ ਕਰੀ ਜਾਏ) : ਜਦੋਂ ਸਟੇਜ ‘ਤੇ ਮੰਤਰੀ ਜੀ ਨੇ ਆਪਣੇ ਕੀਤੇ ਕੰਮਾਂ ਦੀ ਆਪ ਹੀ ਪ੍ਰਸੰਸਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਲੋਕਾਂ ਨੇ ਗੱਲਾਂ ਕਰਦਿਆਂ ਕਿਹਾ, ਇਹਦਾ ਤਾਂ ਉਹ ਹਾਲ ਹੈ, “ਆਪੇ ਮੈਂ ਰੰਜੀ ਪੂੰਜੀ ਆਪੇ ਮੇਰੇ ਬੱਚੇ ਜਿਉਣ”। ਇਹਦੀ ਅਸਲੀਅਤ ਸਾਡੇ ਕੋਲੋਂ ਲੁਕੀ ਤੇ ਨਹੀਂ, ਝੂਠ ਦੇ ਪੁਲੰਦੇ ਬੰਨ੍ਹੀ ਜਾਂਦਾ ਹੈ।

7. ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀਐ (ਦੂਸਰਿਆਂ ‘ਤੋਂ ਆਸ ਰੱਖਣ ਨਾਲੋਂ ਚੰਗਾ ਹੈ ਆਪਣੇ ਹੱਥੀਂ ਆਪਣਾ ਕੰਮ ਕਰ ਲੈਣਾ) : ਇਸ ਅਖਾਣ ਦੀ ਵਰਤੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ ਦਰਸਾਉਣ ਲਈ ਸਿੱਖਿਆ ਦੇਣ ਵਾਸਤੇ ਕੀਤੀ ਜਾਂਦੀ ਹੈ। ਜਸਮੀਤ ਦੀ ਸਹੇਲੀ ਨੇ ਜਦੋਂ ਜਸਮੀਤ ਦੀ ਪ੍ਰੈਕਟੀਕਲ ਕਾਪੀ ਨਾ ਬਣਾ ਕੇ ਉਸ ਦਾ ਭਰੋਸਾ ਤੋੜ ਦਿੱਤਾ ਤਾਂ ਉਸ ਦੀ ਦਾਦੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ਧੀਏ ਦੂਜਿਆਂ ‘ਤੇ ਆਸ ਰੱਖਣ ਵਾਲਿਆਂ ਦਾ ਇਹ ਹਾਲ ਹੁੰਦਾ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, “ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀਐ”। ਇਸ ਲਈ ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ।

8. ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ (ਇਹ ਸੰਸਾਰ ਕਿਸੇ ਦਾ ਵੀ ਲਿਹਾਜ ਨਹੀਂ ਕਰਦਾ) : ਜਦੋਂ ਰਣਬੀਰ ਨੇ ਆਪਣੀ ਭੈਣ ਦਾ ਵਿਆਹ ਲੋਕਾਂ ਦੇ ਡਰ ਤੋਂ ਪੈਲੇਸ ਵਿੱਚ ਕਰਨ ਦੀ ਗੱਲ ਕਹੀ ਤਾਂ ਮਾਮਿਆਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ਨਾ ਪੁੱਤਰ | ਅਸੀਂ ਤਾਂ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਹਨ। ਲੋਕੀਂ ਤਾਂ ਗੱਲਾਂ ਕਰ ਹੀ ਦਿੰਦੇ ਨੇ, ਉਹਨਾਂ ਦਾ ਕਿਹੜਾ ਆਪਣਾ ਮੂੰਹ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, “ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ। ਤੁਸੀਂ ਆਪਣਾ ਸੋਚੋ।

9. ਇੱਕ ਚੁੱਪ ਤੇ ਸੌ ਸੁੱਖ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਨੂੰ ਚੁੱਪ ਰਹਿਣ ਦੇ ਫ਼ਾਇਦੇ ਦੱਸਣੇ ਹੋਣ) : ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਆ ਕੇ ਉਸ ਨੂੰ ਬਹੁਤ-ਬੁਰਾ ਭਲਾ ਕਹਿ ਕਹੀ ਸੀ, ਪਰ ਉਹ ਅੱਗੋਂ ਕੁਝ ਨਾ ਬੋਲੀ। ਕੋਲ ਖਲੋਤੇ ਅਧਿਆਪਕਾਂ ਨੇ ਸਿਮਰ ਨੂੰ ਸ਼ਾਬਾਸ਼ ਦਿੰਦਿਆਂ ਕਿਹਾ, ‘ਸਿਮਰ ਬੇਟਾ! ਤੂੰ ਬਹੁਤ ਚੰਗਾ ਕੀਤਾ, ਚੁੱਪ ਰਹਿ ਕੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ‘ਇੱਕ ਚੁੱਪ ਤੇ ਸੌ ਸੁੱਖ’। ਉਸ ਦਾ ਗੁੱਸਾ ਥੋੜ੍ਹੀ ਦੇਰ ਦਾ ਹੀ ਹੈ।

10. ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।। (ਸੱਚਾਈ ਦੇ ਰਾਹ ‘ਤੇ ਤੁਰਨ ਵਾਲਿਆਂ ਦੀ ਇਹ ਸੰਸਾਰ ਹਮੇਸ਼ਾ ਵਡਿਆਈ ਹੀ ਕਰਦਾ ਹੈ) : ਕਰਮਾ ਜਦੋਂ ਦਾ ਇਲਾਕੇ ਦਾ ਕੌਂਸਲਰ ਬਣਿਆ ਹੈ, ਉਸ ਨੇ ਇਲਾਕੇ ਦਾ ਮੂੰਹ-ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਤੱਕ ਏਨਾ ਕੰਮ ਕਿਸੇ ਨੇ ਨਹੀਂ ਕੀਤਾ। ਉਸ ਦੇ ਕੀਤੇ ਕੰਮਾਂ ਕਰ ਕੇ ਕੋਈ ਵੀ ਉਸ ਦੀ ਸਹੁੰ ਨਹੀਂ ਖਾਂਦਾ, ਸਗੋਂ ਪਿੱਠ ਥਾਪੜਦੇ ਨੇ। ਐਵੇਂ ਨਹੀਂ ਸਿਆਣਿਆਂ ਨੇ ਕਿਹਾ, ਅਖੇ; ‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ’। ਉਹ ਪ੍ਰਸੰਸਾ ਦਾ ਪਾਤਰ ਹੈ।

11. ਸਵੈ-ਭਰੋਸਾ ਵੱਡਾ ਤੋਸਾ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਨੂੰ ਹੌਸਲਾ ਦੇਣਾ ਹੋਵੇ ਕਿ ਆਪਣੇ ਆਪ ‘ਤੇ ਭਰੋਸੇ ਵਰਗੀ ਕੋਈ ਚੀਜ਼ ਨਹੀਂ) : ਨਵਰੀਤ ਨੇ ਪੀ.ਸੀ.ਐੱਸ. ਦੀ ਪਰੀਖਿਆ ਤਾਂ ਪਾਸ ਕਰ ਲਈ, ਪਰ ਜਦੋਂ ਉਸ ਨੇ ਇੰਟਰਵਿਊ ‘ਤੇ ਜਾਣਾ ਸੀ ਤਾਂ ਉਹ ਤਰੇਲੀਓ-ਤਰੇਲੀ ਹੋਈ ਜਾ ਰਹੀ ਸੀ। ਉਸ ਦੀ ਮਾਤਾ ਨੇ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, “ਨਵਰੀਤ ਬੇਟਾ! ‘ਸਵੈ-ਭਰੋਸਾ ਵੱਡਾ ਤੋਸਾ’। ਤੈਨੂੰ ਘਬਰਾਉਣ ਦੀ ਲੋੜ ਨਹੀਂ, ਹਿੰਮਤ ਰੱਖ ਕੇ ਇੰਟਰਵਿਊ ਦੇ, ਰੱਬ ਭਲੀ ਕਰੇਗਾ।”

12. ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਥੋੜ੍ਹਾ ਨੁਕਸਾਨ ਕਰਾ ਕੇ ਬਹੁਤਾ ਧਨ ਬਚਾ ਲਿਆ ਜਾਵੇ) : ਪਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਰ ਕੇ ਉਸ ਕੋਲੋਂ ਖੁੱਸਣ ਲੱਗੀ ਤਾਂ ਉਸ ਨੇ ਇਹ ਸੋਚਦਿਆਂ ਆਪਣੀ ਕੁਝ ਜ਼ਮੀਨ ਹਸਪਤਾਲ ਨੂੰ ਦੇ ਕੇ ਇਲਾਕੇ ਵਿੱਚ ਆਪਣੀ ਵਾਹ-ਵਾਹ ਕਰਾ ਲਈ। ਸਾਰਿਆਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਲਿਆ। ਘਰ-ਘਰ ਉਸ ਦੀ ਚਰਚਾ ਹੋਣ ਲੱਗ ਪਈ। ਉਹ ਸੋਚਣ ਲੱਗਾ ਕਿ ਸਿਆਣਿਆਂ ਨੇ ਐਵੇਂ ਨਹੀਂ ਕਿਹਾ, ‘ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ’।

13. ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ (ਜਦੋਂ ਕੋਈ ਆਪਣੀ ਘਟੀਆ ਜਿਹੀ ਚੀਜ਼ ਦਾ ਬਹੁਤਾ ਮਾਣ ਕਰਦਾ ਹੈ ਤਾਂ ਉਸ ਨੂੰ ਸੁਣਾਉਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ) : ਜਦੋਂ ਮੇਰੀ ਭਰਜਾਈ ਆਪਣੇ ਵਿਦੇਸ਼ ਗਏ ਪੁੱਤਰ ਦੀਆਂ ਸਿਫ਼ਤਾਂ ਕਰ-ਕਰ ਕੇ ਮੇਰਾ ਸਿਰ ਖਾਈ ਗਈ ਤਾਂ ਮੈਂ ਦੁਖੀ ਹੋ ਕੇ ਕਹਿ ਹੀ ਦਿੱਤਾ, “ਭਰਜਾਈ, ‘ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ’। ਮੈਂ ਨਹੀਂ ਜਾਣਦੀ, ਉਹ ਕਿੰਨੇ ਕੁ ਪਾਣੀ ਵਿੱਚ ਹੈ? ਬੱਸ ਕਰ। ਮੇਰੇ ਕੋਲੋਂ ਕੁਝ ਨਹੀਂ ਲੁਕਿਆ।”

14. ਸੰਗ ਤਾਰੇ ਕੁਸੰਗ ਡੋਬੇ (ਇਹ ਅਖਾਣ ਚੰਗੀ ਅਤੇ ਮਾੜੀ ਸੰਗਤ ਦਾ ਫ਼ਰਕ ਸਮਝਾਉਣ ਲਈ ਵਰਤਿਆ ਜਾਂਦਾ ਹੈ) : ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ, ਪਰ ਗਿਆਰ੍ਹਵੀਂ ਸ਼੍ਰੇਣੀ ਵਿੱਚ ਜਦੋਂ ਉਹ ਮੁਸ਼ਕਿਲ ਨਾਲ ਪਾਸ ਹੋਇਆ ਤਾਂ ਅਧਿਆਪਕ ਨੇ ਉਸ ਦੇ ਮਾਪਿਆਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਇਸ ਦੀ ਸੰਗਤ ਬੜੀ ਮਾੜੀ ਹੈ, ਇਸ ਨੂੰ ਕੁਝ ਸਮਝਾਉ, ਕਿਉਂਕਿ ‘ਸੰਗ ਤਾਰੇ ਕੁਸੰਗ ਡੋਬੇ’। ਇਸ ‘ਤੇ ਸਿਆਣਿਆਂ ਨੇ ਅਮਲ ਕਰਨ ਲਈ ਕਿਹਾ ਹੈ। ਇਹ ਅਟੱਲ ਸੱਚਾਈ ਹੈ।

15. ਹੱਥ ਨੂੰ ਹੱਥ ਧੋਂਦਾ ਹੈ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਨੂੰ ਆਪਸੀ ਸਹਿਯੋਗ ਦੀ ਸਿੱਖਿਆ ਦੇਣੀ ਹੋਵੇ) : ਗੁਆਂਢੀਆਂ ਨਾਲ ਝਗੜਾ ਕਰਦੇ ਆਪਣੇ ਪੁੱਤਰ ਨੂੰ ਹਰਨਾਮ ਨੇ ਰੋਕਿਆ ਤੇ ਉਸ ਨੂੰ ਅਕਲ ਦਿੱਤੀ ਕਿ ਸਮਾਜ ਵਿੱਚ ਰਹਿਣ ਲਈ ਹਰ ਬੰਦੇ ਨੂੰ ਇੱਕ-ਦੂਜੇ ਦੀ ਲੋੜ ਪੈਂਦੀ ਹੀ ਰਹਿੰਦੀ ਹੈ। ਪਿਉ ਨੇ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਹੋਇਆਂ ਕਿਹਾ : “ਸਿਆਣਿਆਂ ਨੇ ਇੱਕ ਮੱਤ ਦਿੱਤੀ ਹੈ; ‘ਹੱਥ ਨੂੰ ਹੱਥ ਧੋਂਦਾ ਹੈ’। ਅਕਲ ਕਰ, ਕੋਈ ਝਗੜਾ ਨਹੀਂ ਕਰੀਦਾ।”

16. ਹੱਥੀਂ ਬਾਝ ਕਰਾਰਿਆਂ ਵੈਰੀ ਹੋਏ ਨਾ ਮਿੱਤ (ਦੁਸ਼ਮਣ ਕਦੇ ਵੀ ਨਿਮਰਤਾ ਨਾਲ ਨਹੀਂ ਮੰਨਦੇ, ਉਹਨਾਂ ਨਾਲ ਸਖ਼ਤੀ ਵਰਤਣੀ ਹੀ ਪੈਂਦੀ ਹੈ) : ਪਾਕਿਸਤਾਨ ਨੂੰ ਭਾਰਤ ਹਮੇਸ਼ਾ ਬਖ਼ਸ਼ਦਾ ਰਿਹਾ, ਪਰ ਜਦੋਂ ਉਹਨਾਂ ਨੇ ਅੱਤਵਾਦੀਆਂ ਨੂੰ ਭੇਜਣਾ ਬੰਦ ਨਾ ਕੀਤਾ ਤਾਂ ਭਾਰਤੀ ਸੈਨਾ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਸਰਜੀਕਲ ਸਟਰਾਈਕ ਕਰ ਕੇ ਸਾਰੇ ਅੱਤਵਾਦੀ ਮਾਰ ਦਿੱਤੇ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ; ‘ਹੱਥੀਂ ਬਾਝ ਕਰਾਰਿਆਂ ਵੈਰੀ ਹੋਏ ਨਾ ਮਿੱਤ’। ਅੱਜ ਹੁਣ ਉਹ ਮਿੱਤਰਤਾ ਦੀਆਂ ਗੱਲਾਂ ਕਰਨ ਲੱਗ ਪਏ ਹਨ।

17. ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ (ਜਦੋਂ ਖ਼ਰਚ ਕੁਝ ਨਾ ਹੋਵੇ, ਪਰ ਲਾਭ ਬਹੁਤਾ ਹੋਵੇ) : ਅਧਿਆਪਕ ਨੇ ਸਕੂਲ ਦੇ ਬੱਚਿਆਂ ਨੂੰ ਅਸੈਂਬਲੀ ਤੋਂ ਬਾਅਦ ਭਾਸ਼ਣ ਦਿੰਦੇ ਸਮਝਾਉਂਦਿਆਂ ਕਿਹਾ ਕਿ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨ ‘ਤੇ ਕੁਝ ਵੀ ਖ਼ਰਚਾ ਨਹੀਂ ਆਉਂਦਾ, ਸਗੋਂ ਇਸ ਤਰ੍ਹਾਂ ਕਰਨ ਨਾਲ ਬੜਾ ਲਾਭ ਮਿਲਦਾ ਹੈ, ਭਾਵ ਸਭ ਪਾਸੋਂ ਪਿਆਰ ਤੇ ਪ੍ਰਸੰਸਾ ਮਿਲਦੀ ਹੈ। ਸਿਆਣਿਆਂ ਦਾ ਕਥਨ ਹੈ; ‘ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ’। ਇਹ ਗੱਲ ਅੱਜ ਤੋਂ ਪੱਲੇ ਬੰਨ੍ਹ ਲਓ।

18. ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ (ਜਦੋਂ ਕਿਸੇ ਨੂੰ ਕੰਮ ਅੱਗੇ ਨਾ ਪਾਉਣ ਦੀ ਸਿੱਖਿਆ ਦੇਣੀ ਹੋਵੇ ਤਾਂ ਉਸ ਸਮੇਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ) : ਜਦੋਂ ਕਰਮਜੀਤ ਦੂਜੇ ਦਿਨ ਵੀ ਸਕੂਲ ਦਾ ਕੰਮ ਕਰ ਕੇ ਨਾ ਲਿਆਈ ਤਾਂ ਉਸ ਦੇ ਅਧਿਆਪਕ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਆਪਣੀ ਇਹ ਆਦਤ ਛੱਡ ਦੇ, ਜੇਕਰ ਇਹ ਪੱਕ ਗਈ ਤਾਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਮੁਸ਼ਕਿਲ ਹੋ ਜਾਵੇਗਾ। ਸਿਆਣਿਆਂ ਦਾ ਕਥਨ ਹਮੇਸ਼ਾ ਯਾਦ ਰੱਖੋ, ‘ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ’। ਕੱਲ੍ਹ ‘ਤੇ ਆਪਣਾ ਕੰਮ ਕਦੇ ਵੀ ਨਾ ਛੱਡੋ।

19. ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕੋਈ ਕੰਮ ਕੁਝ ਵੀ ਨਾ ਕਰੇ ਤੇ ਰੌਲਾ ਬਹੁਤਾ ਪਾਈ ਜਾਵੇ) : ਸਾਡੇ ਮੰਤਰੀ ਹਰ ਚੋਣ ‘ਤੇ ਵਾਅਦੇ ਕਰਦੇ ਹੋਏ ਬੋਲਦੇ ਹਨ ਕਿ ਨਸ਼ੇ ਖ਼ਤਮ ਕਰ ਦੇਣਗੇ, ਭ੍ਰਿਸ਼ਟਾਚਾਰ ਖ਼ਤਮ ਕਰ ਦਿਆਂਗੇ, ਪਰ ਜਦੋਂ ਮੰਤਰੀ ਬਣਦੇ ਹਨ ਤਾਂ ਕੁਰਸੀ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ। ਸਾਰੇ ਵਾਅਦੇ ਠੰਢੇ ਬਸਤੇ ਵਿੱਚ ਪੈ ਜਾਂਦੇ ਹਨ। ਉਹਨਾਂ ਦਾ ਹਾਲ ਤਾਂ ਉਹੋ ਹੀ ਹੈ, ਅਖੇ; ‘ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ।

20. ਕੋਹ ਨਾ ਚੱਲੀ ਬਾਬਾ ਤਿਹਾਈ (ਜਦੋਂ ਕੋਈ ਥੋੜਾ ਜਿਹਾ ਕੰਮ ਕਰ ਕੇ ਥੱਕ ਕੇ ਬਹਿ ਜਾਵੇ ਤਾਂ ਉਸ ਸਮੇਂ ਉਸ ਵਿਅਕਤੀ ਲਈ ਇਹ ਅਖਾਣ ਵਰਤਿਆ ਜਾਂਦਾ ਹੈ) : ਮਨਜੋਤ ਨੇ ਆਪਣੀ ਸਹੇਲੀ ਨੂੰ ਸਾਰੇ ਸਿਲੇਬਸ ਦੀ ਦੁਹਰਾਈ ਕਰਨ ਲਈ ਇਕੱਠੇ ਬੈਠ ਕੇ ਪੜ੍ਹਨ ਲਈ ਮਨਾਇਆ। ਜਦੋਂ ਉਹਨਾਂ ਨੇ ਦੁਹਰਾਈ ਸ਼ੁਰੂ ਕੀਤੀ ਤਾਂ ਉਹ ਇੱਕ ਪਾਠ ਪੜ੍ਹ ਕੇ ਹੀ ਮੰਜੇ ‘ਤੇ ਲੇਟ ਗਈ ਤਾਂ ਉਸ ਦੀ ਮਾਤਾ ਨੇ ਕਿਹਾ, “ਮਨਜੋਤ ਬੇਟਾ ! ਤੇਰਾ ਤਾਂ ਉਹ ਹਾਲ ਹੈ, ਅਖੇ; ‘ਕੋਹ ਨਾ ਚੱਲੀ ਬਾਬਾ ਤਿਹਾਈ’। ਇੱਕ ਪਾਠ ਦੀ ਦੁਹਰਾਈ ਕਰ ਕੇ ਤੂੰ ਥੱਕ ਗਈ ਏਂ।”

21. ਖ਼ਰਬੂਜ਼ੇ ਨੂੰ ਵੇਖ ਖ਼ਰਬੂਜ਼ਾ ਰੰਗ ਫੜਦਾ ਹੈ (ਜਿਹੋ ਜਿਹੀ ਸੰਗਤ ਵਿੱਚ ਰਹੀਏ, ਉਸ ਤਰ੍ਹਾਂ ਦਾ ਬਣ ਜਾਣਾ) : ਗੁਰੀ ਦੀ ਮਾਸੀ ਨੇ ਜਦੋਂ ਆਪਣੀ ਭਣੇਵੀਂ ਨੂੰ ਫ਼ੈਸ਼ਨ ਦੇ ਕੱਪੜੇ ਪਾਈ ਵੇਖਿਆ ਤਾਂ ਉਸ ਨੇ ਉਸ ਨੂੰ ਟੋਕਦਿਆਂ ਕਿਹਾ, “ਗੁਰੀ ਬੇਟਾ ! ਤੂੰ ਤਾਂ ਬੜੀ ਸਿੱਧੀ-ਸਾਦੀ ਕੁੜੀ ਸੀ, ਪਰ ਯੂਨੀਵਰਸਿਟੀ ਜਾ ਕੇ ਤੈਨੂੰ ਕੀ ਹੋ ਗਿਆ ਹੈ। ਉਥੋਂ ਦੀਆਂ ਕੁੜੀਆਂ ਵੱਲ ਵੇਖ ਬੜਾ ਫ਼ੈਸ਼ਨ ਕਰਨ ਲੱਗ ਪਈ ਏਂ।” ਕੋਲ ਬੈਠੀ ਮਾਂ ਨੇ ਕਿਹਾ : ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਅਖੇ; ‘ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ”। ਹੈਰਾਨੀ ਵਾਲੀ ਕੋਈ ਗੱਲ ਨਹੀਂ।

22. ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕੋਈ ਬੰਦਾ ਪੁਰਾਣੀਆਂ ਗੱਲਾਂ ਵਾਰ-ਵਾਰ ਕਰੇ ਤਾਂ ਉਸ ਨੂੰ ਚੁੱਪ ਕਰਾਉਣ ਲਈ ਪੁਰਾਣੀਆਂ ਗੱਲਾਂ ਕਰਨ ਦੇ ਨੁਕਸਾਨ ਬਾਰੇ ਦੱਸਣਾ ਹੋਵੇ) : ਮੁਹੱਲੇ ਦੇ ਪ੍ਰਧਾਨ ਨੇ ਦੋਵਾਂ ਭਰਾਵਾਂ ਵਿੱਚ ਹੁੰਦੇ ਝਗੜਿਆਂ ਨੂੰ ਨਿਪਟਾਉਣ ਤੋਂ ਬਾਅਦ ਉਨ੍ਹਾਂ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ, ਇੱਕ-ਦੂਜੇ ਦੀਆਂ ਗ਼ਲਤੀਆਂ ਚਿਤਾਰਨ ਦੀ ਲੋੜ ਨਹੀਂ। ਸਿਆਣਿਆਂ ਨੇ ਠੀਕ ਹੀ ਕਿਹਾ ਹੈ; ‘ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ’।

23. ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ (ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਹਨ ਤਾਂ ਉਹ ਬੇਅਕਲੀ ਭਰੇ ਕੰਮ ਕਰਨ ਲੱਗ ਜਾਂਦਾ ਹੈ) : ਦੁੱਲੇ ਡਾਕੂ ਦੀਆਂ ਲੁੱਟਾਂ-ਖੋਹਾਂ ਇੰਨੀਆਂ ਵਧ ਗਈਆਂ ਸਨ ਕਿ ਬਾਦਸ਼ਾਹ ਨੂੰ ਵੀ ਗੁੱਸਾ ਆ ਗਿਆ। ਉਸ ਨੇ ਹੁਕਮ ਦਿੱਤਾ ਕਿ ਦੁੱਲੇ ਦੀਆਂ ਮੁਸ਼ਕਾਂ ਬੰਨ੍ਹ ਕੇ ਮੇਰੇ ਸਾਹਮਣੇ ਪੇਸ਼ ਕਰੋ, ਕਿਉਂਕਿ ‘ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ’। ਉਸ ਨੂੰ ਸਬਕ ਸਿਖਾਉਣਾ ਹੀ ਪੈਣਾ ਹੈ।

24. ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਕੋਈ ਤੰਗ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਵੇ, ਪਰ ਅੱਗੋਂ ਉਸ ਨੂੰ ਹੋਰ ਮੁਸੀਬਤ ਘੇਰ ਲਵੇ) : ਜਦੋਂ ਹਰਨਾਮ ਆਪਣੀ ਜ਼ਮੀਨ ਵੇਚ ਕੇ ਪੈਸੇ ਖ਼ਰਚ ਕੇ ਵਿਦੇਸ਼ ਗਿਆ ਤਾਂ ਉੱਥੇ ਦੂਸਰੇ ਦਿਨ ਹੀ ਉਸ ਕੋਲੋਂ ਕੋਈ ਗ਼ਲਤੀ ਹੋ ਗਈ। ਫਿਰ ਕੀ ਸੀ, ਉਥੋਂ ਦੀ ਪੁਲਿਸ ਨੇ ਉਸ ਨੂੰ ਜੇਲ ਵਿੱਚ ਡੱਕ ਦਿੱਤਾ ਤੇ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ। ਉਸ ਨਾਲ ਤਾਂ ਉਹੋ ਗੱਲ ਹੋ ਗਈ, ਅਖੇ; ਘਰ ਦਾ ਸਾੜਿਆ ਵਣ ਗਿਆ, ਵਣ ਨੂੰ ਲੱਗੀ ਅੱਗ’।ਉਸ ਦਾ ਤਾਂ ਰੱਬ ਹੀ ਰਾਖਾ !

25. ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿੱਚ ਰਹਿਣ ਨਾਲ਼, ਰਿਸ਼ਤੇਦਾਰਾਂ ਨੂੰ ਮਿਲਦੇ ਰਹਿਣ ਨਾਲ ਤੇ ਖੇਤ ’ਤੇ ਖੇਤੀ ਕਰਨ ਨਾਲ ਹੀ ਆਪਣੇ ਰਹਿੰਦੇ ਹਨ) : ਮੇਰੇ ਚਾਚੇ-ਤਾਏ ਦੇ ਪੁੱਤਰ ਜਦੋਂ ਪਿੰਡ ਰਹਿੰਦੇ ਸਨ ਤਾਂ ਸਾਡੇ ਨਾਲ ਬੜਾ ਪਿਆਰ ਸੀ, ਪਰ ਜਦੋਂ ਦੇ ਉਹ ਸ਼ਹਿਰ ਗਏ ਹਨ, ਨਾ ਤਾਂ ਉਹ ਸਾਡੇ ਘਰ ਆਉਂਦੇ ਹਨ ਤੇ ਨਾ ਹੀ ਅਸੀਂ ਜਾਂਦੇ ਹਾਂ। ਹੁਣ ਤਾਂ ਉਹਨਾਂ ਦਾ ਸਾਡੇ ਨਾਲ ਰਿਸ਼ਤਾ ਨਾ ਹੋਇਆਂ ਵਰਗਾ ਹੀ ਹੋ ਗਿਆ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ; ‘ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ।

26. ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤਿਹਾਇਆ (ਕਿਸੇ ਇੱਕ ਨੂੰ ਕੋਈ ਚੀਜ਼ ਦੇਣ ਸਮੇਂ ਸਾਰਿਆਂ ਵੱਲੋਂ ਉਸ ਚੀਜ਼ ਦੀ ਮੰਗ ਕੀਤੀ ਜਾਣ ਲੱਗ ਪੈਣਾ) : ਅੱਜ ਜਦੋਂ ਅੱਧੀ ਛੁੱਟੀ ਵੇਲੇ ਮੈਂ ਆਪਣੀ ਰੋਟੀ ਖਾਣ ਲੱਗਾ ਤਾਂ ਇੱਕ ਵਿਦਿਆਰਥੀ ਮੇਰੇ ਕੋਲ ਆ ਕੇ ਰੋਟੀ ਮੰਗ ਕੇ ਕਹਿਣ ਲੱਗਾ, “ਮਾਸਟਰ ਜੀ! ਮੇਰੀ ਰੋਟੀ ਅੱਜ ਘਰ ਰਹਿ ਗਈ ਹੈ”, ਤਾਂ ਬਾਕੀ ਦੇ ਵਿਦਿਆਰਥੀ ਵੀ ਉਸ ਵੱਲ ਵੇਖ ਕੇ ਮੇਰੀ ਰੋਟੀ ਮੰਗਣ ਲੱਗ ਪਏ। ਮੈਂ ਉੱਚੀ ਸਾਰੀ ਬੋਲ ਕੇ ਕਿਹਾ ਕਿ ਤੁਹਾਡਾ ਤਾਂ ਉਹੋ ਹਾਲ ਹੈ, ਅਖੇ ‘ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤਿਹਾਇਆ’। ਉਹ ਤੇ ਅੱਜ ਰੋਟੀ ਘਰ ਭੁੱਲ ਆਇਆ ਹੈ। ਜਾਊ ਖੇਡੋ ਸਾਰੇ।

27. ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ (ਜਦੋਂ ਕਿਸੇ ਦਾ ਹਰ ਹਾਲਤ ਵਿੱਚ ਨੁਕਸਾਨ ਹੋਣਾ ਤੈਅ ਹੋਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ) : ਅੱਜ ਦੇ ਵਪਾਰਕ ਯੁੱਗ ਵਿੱਚ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ। ਉਸ ਦਾ ਹਮੇਸ਼ਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ; ਜੇ ਲੋੜ ਪੈਣ ‘ਤੇ ਖ਼ਰੀਦਣਾ ਹੋਵੇ ਤਾਂ ਆਪਣਾ ਹੀ ਸਸਤਾ ਵੇਚਿਆ ਉਸ ਨੂੰ ਮਹਿੰਗਾ ਖ਼ਰੀਦਣਾ ਪੈਂਦਾ ਹੈ। ਉਸ ਦਾ ਤਾਂ ਉਹ ਹਾਲ ਹੈ, ‘ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ ਹੀ ਹੁੰਦਾ ਹੈ’।

28. ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ (ਜਦੋਂ ਕੋਈ ਕਸੂਰਵਾਰ ਕਿਸੇ ਦੂਜੇ ਦੀ ਹਮਾਇਤ ਕਰੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) : ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, “ਬਲਦੇਵ, ਤੂੰ ਹੁਣ ਪੜ੍ਹਦਾ ਨਹੀਂ, ਤਾਂ ਹੀ ਤੇਰੇ ਛਿਮਾਹੀ ਪੇਪਰਾਂ ਵਿੱਚੋਂ ਅੰਕ ਘੱਟ ਆਏ ਹਨ, ਕਦੇ ਪੜ੍ਹ ਵੀ ਲਿਆ ਕਰ।” ਬਲਦੇਵ ਕਹਿਣ ਲੱਗਾ, “ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ ਬਾਰ੍ਹਵੀਂ ਵਿੱਚ ਦੂਜਾ ਸਾਲ ਹੈ।” ਅਖੇ; ‘ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ’।

29. ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ : (ਕਿਸੇ ਬੰਦੇ ਦੇ ਸਹੀ ਚਰਿੱਤਰ ਦਾ ਉਸ ਸਮੇਂ ਪਤਾ ਲੱਗਦਾ ਹੈ, ਜਦੋਂ ਉਸ ਨਾਲ ਰਹਿ ਕੇ ਦੇਖਿਆ ਜਾਵੇ) : ਚਰਨਜੀਤ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖ਼ਤ ਅਫ਼ਸਰ ਹੈ ਅਤੇ ਕਿਸੇ ਦੀ ਗੱਲ ਨਹੀਂ ਸੁਣਦਾ, ਪਰ ਜਦੋਂ ਮੈਂ ਆਪਣੀ ਨੌਕਰੀ ਦੀ ਬਦਲੀ ਕਰਵਾਉਣ ਲਈ ਉਸ ਨੂੰ ਮਿਲਿਆ ਤਾਂ ਉਹ ਮੈਨੂੰ ਬੜੇ ਪਿਆਰ ਤੇ ਨਿਮਰਤਾ ਨਾਲ ਮਿਲਿਆ ਅਤੇ ਮੇਰੀ ਬਦਲੀ ਲਈ ਮੰਨ ਗਿਆ। ਸੱਚ ਹੀ ਕਿਸੇ ਨੇ ਕਿਹਾ ਹੈ; ‘ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ’।

30. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਬਹੁਤੇ ਨੁਕਸਾਨ ਵਿੱਚੋਂ ਥੋੜ੍ਹਾ ਜਿਹਾ ਲਾਭ ਹੋ ਜਾਵੇ) : ਰੀਟਾ ਦੇ ਕਿਰਾਏਦਾਰ ਦੋ ਮਹੀਨੇ ਦਾ ਕਿਰਾਇਆ ਦਿੱਤੇ ਬਿਨਾਂ ਹੀ ਮਕਾਨ ਚੋਰੀ-ਚੋਰੀ ਖ਼ਾਲੀ ਕਰ ਗਏ ਤਾਂ ਕੋਠੇ ‘ਤੇ ਪਏ ਕੂਲਰ ਤੇ ਮੰਜੇ ਨੂੰ ਵੇਖ ਕੇ ਰੀਟਾ ਬੋਲੀ, ‘ਚਲ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ’। ਇਹਨਾਂ ਨੂੰ ਵੇਚ ਕੇ ਕੁਝ ਪੈਸੇ ਤੇ ਵੱਟੇ ਜਾਣਗੇ।

31. ਜੋ ਜਾਗਣ ਰਾਤੀਂ ਕਾਲੀਆਂ, ਸੋਈ ਖਾਣ ਸੁਖਾਲੀਆਂ (ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਹਮੇਸ਼ਾ ਮਿਹਨਤ ਦਾ ਫਲ ਮਿਲਦਾ ਹੈ) : ਜਿਹੜੇ ਵਿਦਿਆਰਥੀ ਰਾਤਾਂ ਜਾਗ ਕੇ ਮਿਹਨਤ ਕਰਦੇ ਹਨ, ਉਹੋ ਹੀ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਹਨ ਤੇ ਚੰਗੇ ਅਹੁਦਿਆਂ ‘ਤੇ ਪਹੁੰਚ ਕੇ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਤੇ ਜੀਵਨ ਭਰ ਸੁੱਖ ਮਾਣਦੇ ਹਨ। ਸਿਆਣਿਆਂ ਨੇ ਸਹੀ ਹੀ ਕਿਹਾ ਹੈ, ‘ਜੋ ਜਾਗਣ ਰਾਤੀਂ ਕਾਲੀਆਂ, ਸੋਈ ਖਾਣ ਸੁਖਾਲੀਆਂ’।

32. ਠੂਠਾ ਫੁੱਟ ਕੇ ਛੰਨਾ ਮਿਲਿਆ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕੋਈ ਮਾੜੀ ਚੀਜ਼ ਹੱਥੋਂ ਨਿਕਲ ਜਾਣ ‘ਤੇ ਚੰਗੀ ਮਿਲ ਜਾਵੇ) : ਬਲਕਾਰ ਨੂੰ ਬੜੀ ਹੀ ਖੱਜਲ-ਖੁਆਰੀ ਤੋਂ ਬਾਅਦ ਸਿਰਫ਼ ਇੱਕ ਸਾਲ ਲਈ ਹੀ ਕੱਚੀ ਕੱਚੀ ਨੌਕਰੀ ਮਿਲੀ ਸੀ। ਇਸ ਨੌਕਰੀ ਤੋਂ ਹਟਣ ਤੋਂ ਬਾਅਦ ਉਸ ਨੇ ਆਪਣਾ ਘਰ ਚਲਾਉਣ ਲਈ ਰੈਡੀਮੇਡ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਉਸ ਦੀ ਦੁਕਾਨ ਹੁਣ ਚੰਗੀ ਚੱਲ ਪਈ ਹੈ। ਅੱਜ ਉਸ ਦੇ ਦੋ ਸ਼ੋਅ-ਰੂਮ ਹਨ। ਆਪਣੀ ਜ਼ਿੰਦਗੀ ਵਿੱਚ ਆਈ ਤਬਦੀਲੀ ਬਾਰੇ ਉਹ ਅਕਸਰ ਹਰ ਕਿਸੇ ਨੂੰ ਸੁਣਾਉਂਦਾ ਹੈ ਕਿ ਮੈਨੂੰ ਤਾਂ ‘ਠੂਠਾ ਫੁੱਟ ਕੇ ਛੰਨਾ ਮਿਲਿਆ’। ਮੈਂ ਰੱਬ ਦਾ ਸ਼ੁਕਰ-ਗੁਜ਼ਾਰ ਹਾਂ।

33. ਡਾਢੇ ਨਾਲ ਭਿਆਲੀ, ਉਹ ਮੰਗੇ ਹਿੱਸਾ ਉਹ ਕੱਢੇ ਗਾਲ੍ਹੀ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਇਹ ਦੱਸਣਾ ਹੋਵੇ ਕਿ ਜ਼ੋਰਾਵਰ ਬੰਦੇ ਨਾਲ ਮਾੜੇ ਬੰਦੇ ਦੀ ਚਾਲ ਨਹੀਂ ਚੱਲਦੀ) : ਜਦੋਂ ਸੋਹਣ ਨੇ ਕਰਮ ਚੰਦ ਬਦਮਾਸ਼ ਨਾਲ ਸਾਂਝਾ ਸ਼ੋਅ-ਰੂਮ ਖੋਲ੍ਹਣ ਦੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਤਾਂ ਉਹਨਾਂ ਨੇ ਉਸ ਨੂੰ ਸਮਝਾਇਆ ਕਿ ਉਹ ਤਾਂ ਇੱਕ ਬਦਮਾਸ਼ ਹੈ। ਭਾਈਵਾਲੀ ਤੇ ਸਾਂਝ ਆਪਣੇ ਬਰਾਬਰ ਵਾਲਿਆਂ ਨਾਲ ਹੀ ਨਿਭਦੀ ਹੈ। ਇਹੋ ਜਿਹਾ ਸਾਂਝ ਵਾਲਾ ਵਪਾਰ ਸੋਚ-ਸਮਝ ਕੇ ਤੇ ਭਵਿੱਖ ਨੂੰ ਸਾਹਮਣੇ ਰੱਖ ਕੇ ਕਰਨਾ ਚਾਹੀਦਾ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ; ‘ਡਾਢੇ ਨਾਲ ਭਿਆਲੀ, ਉਹ ਮੰਗੇ ਹਿੱਸਾ ਉਹ ਕੱਢੇ ਗਾਲੀ’।

34. ਢਿੱਡ ਭਰਿਆ ਕੰਮ ਸਰਿਆ (ਜਦੋਂ ਕੋਈ ਵਿਅਕਤੀ ਆਪਣਾ ਮਤਲਬ ਕੱਢਣ ਮਗਰੋਂ ਮੂੰਹ ਨਾ ਵਿਖਾਵੇ ਤਾਂ ਉਸ ਸਮੇਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ) : ਅਮਰ ਸਿੰਘ ਨੂੰ ਆਪਣੇ ਖੇਤ ਵਾਹੁਣ ਲਈ ਟਰੈਕਟਰ ਚਾਹੀਦਾ ਸੀ। ਇਸੇ ਕਰ ਕੇ ਉਹ ਮੇਰੇ ਛੋਟੇ-ਮੋਟੇ ਕੰਮ ਕਰ ਦਿੰਦਾ ਸੀ। ਜਿਸ ਦਿਨ ਦਾ ਉਸ ਨੇ ਟਰੈਕਟਰ ਲੈ ਕੇ ਖੇਤ ਵਾਹ ਲਏ ਹਨ, ਉਸ ਦਿਨ ਦਾ ਉਸ ਨੇ ਮੂੰਹ ਨਹੀਂ ਵਿਖਾਇਆ, ਕੰਮ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਦਾ ਤਾਂ ਉਹ ਹਾਲ ਹੈ, ਅਖੇ; ‘ਢਿੱਡ ਭਰਿਆ ਕੰਮ ਸਰਿਆ’। ਉਹਨੇ ਤਾਂ ਧੰਨਵਾਦ ਵੀ ਨਹੀਂ ਕੀਤਾ।

35. ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ (ਗੁੱਸਾ ਕਰਨ ਨਾਲ ਆਪਣੀ ਹੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਕਿਸੇ ਦਾ ਕੁਝ ਨਹੀਂ ਵਿਗੜਦਾ) : “ਆਦਮੀ ਨੂੰ ਨਿੱਕੀ-ਨਿੱਕੀ ਗੱਲ ‘ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ‘ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ’। ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਇਆ, ਜਦੋਂ ਉਹ ਗੁੱਸਾ ਕਰ ਕੇ ਬੈਠਾ ਹੋਇਆ ਸੀ।

36. ਨਵਾਂ ਨੌਂ ਦਿਨ ਪੁਰਾਣਾ ਸੌ ਦਿਨ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਪੁਰਾਣੀ ਚੀਜ਼ ਦੀ ਅਹਿਮੀਅਤ ਦੱਸ ਕੇ ਉਸ ਦੇ ਜ਼ਿਆਦਾ ਦੇਰ ਚੱਲਣ ਤੇ ਵਧੀਆ ਹੋਣ ਬਾਰੇ ਦੱਸਣਾ ਹੋਵੇ) : ਅਭਿਸ਼ੇਕ ਪੁਰਾਣੀ ਕਾਰ ਵੇਚ ਕੇ ਨਵੇਂ ਮਾਡਲ ਦੀ ਕਾਰ ਲੈਣ ਦੀ ਬੜੇ ਦਿਨਾਂ ਤੋਂ ਆਪਣੇ ਪਿਤਾ ਜੀ ਨਾਲ ਜ਼ਿੱਦ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਨਵੀਂ ਕਾਰ ਨੇ ਵੀ ਤਾਂ ਪੁਰਾਣੀ ਹੋਣਾ ਹੈ। ਅਜੇ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ, ਨਵੇਂ ਮਾਡਲ ਦਾ ਕੀ ਪਤਾ, ਕਿੰਨਾ ਕੁ ਉਸ ਵਿੱਚ ਦਮ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ; ‘ਨਵਾਂ ਨੌਂ ਦਿਨ ਪੁਰਾਣਾ ਸੌ ਦਿਨ’। ਅਜੇ ਚਾਰ ਦਿਨ ਤਾਂ ਉਸ ਮਾਡਲ ਨੂੰ ਆਏ ਹੋਏ ਹਨ।

37. ਪਾਟਾ ਸੀਵੀਂਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵੱਸਦੇ (ਕਿਸੇ ਰੁੱਸੇ ਹੋਏ ਨੂੰ ਸਮੇਂ ਸਿਰ ਮਨਾਉਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ) : ਮਾਂ ਨੇ ਆਪਣੀ ਧੀ ਨੂੰ ਸਮਝਾਉਂਦਿਆਂ ਕਿਹਾ, “ਧੀਏ ! ਜੇ ਤੇਰੀ ਦਰਾਣੀ ਤੈਨੂੰ ਨਹੀਂ ਬੁਲਾਉਂਦੀ ਤਾਂ ਤੂੰ ਨੀਵੀਂ ਹੋ ਜਾ। ਤੂੰ ਉਸ ਨੂੰ ਬੁਲਾ ਲਿਆ ਕਰ। ਇਸੇ ਵਿੱਚ ਤੇਰੇ ਘਰ ਦੀ ਤੇ ਤੇਰੀ ਭਲਾਈ ਹੈ। ਤੂੰ ਤਾਂ ਪੜ੍ਹੀ-ਲਿਖੀ ਹੈਂ। ਅਕਲ ਕਰੀਦੀ ਹੁੰਦੀ ਹੈ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਅਖੇ; ‘ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵੱਸਦੇ’।”

38. ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ, ਜਦੋਂ ਇਹ ਸਮਝਾਉਣਾ ਹੋਵੇ ਕਿ ਖ਼ੂਨ ਦੇ ਰਿਸ਼ਤੇ ਕਦੇ ਵੀ ਛੱਡੇ ਨਹੀਂ ਜਾ ਸਕਦੇ) : ਜਗਤਾਰ ਤੇ ਅਵਤਾਰ ਦੀ ਜਦੋਂ ਦੀ ਆਪਸੀ ਲੜਾਈ ਹੋਈ ਹੈ, ਉਹ ਇੱਕ-ਦੂਜੇ ਨੂੰ ਬੁਲਾਉਂਦੇ ਨਹੀਂ। ਇਸੇ ਲੜਾਈ ਕਰ ਕੇ ਜਗਤਾਰ ਨੇ ਅਵਤਾਰ ਦੇ ਮੁੰਡੇ ਦੇ ਵਿਆਹ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਹਨਾਂ ਦੋਵਾਂ ਨੂੰ ਸਮਝਾਉਂਦਿਆਂ ਕਿਹਾ ਕਿ ਅਕਲ ਕਰੀਦੀ ਹੁੰਦੀ ਹੈ। ਤੁਸੀਂ ਦੋਨੋਂ ਮਾਂ ਜਾਏ ਹੋ। ਸਿਆਣਿਆਂ ਨੇ ਕਿਹਾ ਹੈ; ‘ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ’। ਲੜਾਈਆਂ ਵੀ ਭਰਾਵਾਂ ਵਿੱਚ ਹੋਣੀਆਂ ਹੁੰਦੀਆਂ ਨੇ।

39. ਬਹਿ ਕੇ ਖਾਧਿਆਂ ਤਾਂ ਖ਼ੂਹ ਵੀ ਖ਼ਾਲੀ ਹੋ ਜਾਂਦੇ ਹਨ (ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜੋ ਪਿਉ-ਦਾਦਿਆਂ ਦੀ ਕਮਾਈ ਨੂੰ ਉਡਾਈ ਜਾਵੇ, ਤੇ ਹਮੇਸ਼ਾ ਵਿਹਲਾ ਫਿਰਦਾ ਰਹੇ) : ਜੱਸੀ ਕੋਈ ਕੰਮ ਕਰ ਕੇ ਰਾਜ਼ੀ ਨਹੀਂ, ਪਿਉ-ਦਾਦੇ ਦੀ ਜ਼ਮੀਨ ਠੇਕੇ ‘ਤੇ ਦਿੰਦਾ ਹੈ ਤੇ ਕਮਾਈ ਜੂਏ ਵਿੱਚ ਖ਼ਰਚ ਕਰ ਦਿੰਦਾ ਹੈ। ਜਦੋਂ ਉਸ ਨੇ ਆਪਣੀ ਥੋੜ੍ਹੀ ਜ਼ਮੀਨ ਜੂਆ ਖੇਡਣ ਲਈ ਵੇਚ ਦਿੱਤੀ ਤਾਂ ਉਸ ਦੇ ਮਾਮੇ ਨੇ ਕਿਹਾ ਕਿ ਪੁੱਤਰਾ, ਇਸ ਤਰ੍ਹਾਂ ਕਦੋਂ ਤੱਕ ਚੱਲੇਗਾ, ਕਿਉਂਕਿ ‘ਬਹਿ ਕੇ ਖਾਧਿਆਂ ਤਾਂ ਖ਼ੂਹ ਵੀ ਖ਼ਾਲੀ ਹੋ ਜਾਂਦੇ ਹਨ’। ਆਪਣੀ ਜ਼ਮੀਨ ਸਾਂਭ ਕੇ ਰੱਖ।

40. ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ (ਜਦੋਂ ਆਸਰਾ ਦੇਣ ਵਾਲੀ ਆਪਣੀ ਮਾੜੀ ਚੀਜ਼ ਨਾਲ ਸਬਰ ਕਰਨ ਦੀ ਸਿੱਖਿਆ ਦੇਣੀ ਹੋਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) : ਜਦੋਂ ਕਾਲਜ ਵਿੱਚ ਪੜ੍ਹਦੇ ਜਗਬੀਰ ਨੇ ਆਪਣੇ ਪਿਤਾ ਜੀ ਨੂੰ ਆਪਣਾ ਪੁਰਾਣਾ ਸਕੂਟਰ ਵੇਚ ਕੇ ਮੋਟਰ-ਸਾਈਕਲ ਲੈ ਕੇ ਦੇਣ ਲਈ ਆਖਿਆ ਤਾਂ ਪਿਤਾ ਨੇ ਅੱਗੋਂ ਗੁੱਸੇ ਹੁੰਦੇ ਆਖਿਆ ਕਿ ਆਪਣਾ ਸਕੂਟਰ ਅਜੇ ਵਧੀਆ ਚੱਲਦਾ ਹੈ, ਐਵੇਂ ‘ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ’। ਆਪਾਂ ਨੂੰ ਅਜੇ ਹੋਰ ਬਥੇਰੇ ਖ਼ਰਚੇ ਨੇ।

41. ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ (ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਖਾਣ ਵਾਲਿਆਂ ਦੇ ਸਾਹਮਣੇ, ਖਾਣ ਵਾਲੀ ਚੀਜ਼ ਨਾ ਬਚਦੀ ਹੋਵੇ) : ਯਸ਼ ਦੀ ਮਾਸੀ ਉਸ ਲਈ ਚਾਕਲੇਟ ਲੈ ਕੇ ਆਈ ਤਾਂ ਉਸ ਨੇ ਉਸ ਸਮੇਂ ਰੋਟੀ ਖਾਧੀ ਹੋਈ ਸੀ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਇਹ ਚਾਕਲੇਟ ਮੈਂ ਕੱਲ੍ਹ ਸਕੂਲ ਟਿਫ਼ਨ ਵਿੱਚ ਲੈ ਜਾਵਾਂਗਾ, ਤੁਸੀਂ ਫਰਿੱਜ ਵਿੱਚ ਰੱਖ ਦਿਓ। ਅਗਲੀ ਸਵੇਰ ਜਦੋਂ ਮਾਂ ਨੇ ਟਿਫ਼ਨ ਵਿੱਚ ਚਾਕਲੇਟ ਰੱਖਣੀ ਚਾਹੀ ਤਾਂ ਯਸ਼ ਝੱਟ ਬੋਲਿਆ, ਕੀ ਲੱਭ ਰਹੇ ਹੋ, ਉਹ ਤਾਂ ਮੈਂ ਰਾਤੀਂ ਖਾ ਲਈ ਸੀ। ਮੈਨੂੰ ਪਹਿਲਾਂ ਹੀ ਪਤਾ ਸੀ, ‘ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ’। ਮਾਂ ਨੇ ਹੱਸਦਿਆਂ ਹੋਇਆਂ ਕਿਹਾ।

42. ਭੱਜਦਿਆਂ ਨੂੰ ਵਾਹਣ ਇੱਕੋ ਜਿਹੇ (ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਹੁੰਦੀ ਹੈ ਕਿ ਦੁਸ਼ਮਣੀ ਵਿੱਚ ਦੋਹਾਂ ਧਿਰਾਂ ਨੂੰ ਇੱਕੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ) : ਜਦੋਂ ਸ਼ੀਲਾ ਨੂੰ ਉਸ ਦੇ ਸਹੁਰਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੇ ਭਰਾਵਾਂ ਨੇ ਉਸ ਦੇ ਸਹੁਰਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ, “ਦੇਖੋ ਬਜ਼ੁਰਗੋ! ਸਾਡੀ ਕੁੜੀ ਨੂੰ ਤੰਗ ਨਾ ਕਰੋ, ਨਹੀਂ ਤਾਂ ‘ਭੱਜਦਿਆਂ ਨੂੰ ਵਾਹਣ ਇੱਕੋ ਜਿਹੇ’ ਨੇ। ਜੇਕਰ ਅਸੀਂ ਤੰਗ ਹੋਵਾਂਗੇ, ਤਾਂ ਤੰਗ ਤੁਸੀਂ ਵੀ ਹੋਵੋਗੇ। ਇਸ ਲਈ ਤਿਆਰ ਰਹਿਣਾ।”

43. ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ (ਜਦੋਂ ਇੱਕ ਜ਼ਿੰਮੇਵਾਰੀ ਤੋਂ ਬਾਅਦ ਦੂਜੀ ਜ਼ਿੰਮੇਵਾਰੀ ਵੀ ਨਿਭਾਉਣੀ ਪੈ ਜਾਵੇ, ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) : ਗੁਰਮੁਖ ਸਿੰਘ ਨੇ ਅਜੇ ਦੋ ਮਹੀਨੇ ਪਹਿਲਾਂ ਹੀ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਹੈ। ਵਿਆਹ ਵੀ ਉਸ ਨੇ ਕਰਜ਼ਾ ਚੁੱਕ ਕੇ ਕੀਤਾ ਸੀ। ਨਾਲ ਹੀ ਉਸ ਦੀ ਕੁੜੀ ਦਾ ਵਿਆਹ ਆ ਗਿਆ। ਉਥੇ ਵੀ ਪਹਿਲੀ ਨਾਨਕੀ ਛੱਕ ਜਾਣੀ ਹੈ। ਉਸ ਦੇ ਮੂੰਹੋਂ ਨਿਕਲ ਗਿਆ, ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’। ਥੋੜ੍ਹਾ ਕਰਜ਼ਾ ਹੋਰ ਚੁੱਕਣਾ ਪੈ ਜੂਗਾ। ਕੋਈ ਨਾ ਕਬੀਲਦਾਰੀ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।

44. ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ (ਜਦੋਂ ਕੋਈ ਸਾਂਝੇ ਪਰਿਵਾਰ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਤਾਂ ਉਸ ਲਈ ਇਹ ਅਖਾਣ ਵਰਤਿਆ ਜਾਂਦਾ ਹੈ) : ਵੀਰਵੰਤੀ ਨੂੰ ਇੱਕ ਦਿਨ ਘਰੋਂ ਬਾਹਰ ਕਿਸੇ ਕੰਮ ਜਾਣਾ ਪਿਆ ਤਾਂ ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਉਹ ਵੇਖਦੀ ਹੈ ਕਿ ਘਰ ਦਾ ਸਾਰਾ ਕੰਮ ਖਿੱਲਰਿਆ ਪਿਆ ਹੈ। ਨਾ ਤਾਂ ਉਸ ਦੀ ਕੁੜੀ ਨੇ ਕੰਮ ਕੀਤਾ ਤੇ ਨਾ ਹੀ ਨੂੰਹ ਨੇ। ਉਸ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਉੱਚੀ-ਉੱਚੀ ਬੋਲਣ ਲੱਗ ਪਈ ਕਿ ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਅਖੇ; ‘ਮੈਂ ਵੀ ਰਾਣੀ ਤੋਂ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ’। ਕਿਸੇ ਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਹੈ। ਸਾਰਾ ਕੰਮ ਉਸੇ ਤਰ੍ਹਾਂ ਪਿਆ ਹੋਇਆ ਹੈ।

45. ਮਨਿ ਜੀਤੈ ਜਗੁ ਜੀਤੁ।। (ਮਨ ‘ਤੇ ਕਾਬੂ ਪਾਉਣ ਵਾਲਾ ਹੀ ਜੰਗ ਨੂੰ ਜਿੱਤ ਸਕਦਾ ਹੈ) : ਸਮਾਜ ਵਿੱਚ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਸੋਨਮ ਦੇ ਦਾਦਾ ਜੀ ਨੇ ਉਸ ਨੂੰ ਕਿਹਾ, “ਬੇਟਾ ਜੀ! ਕੋਈ ਵੀ ਔਗੁਣ ਸਾਡੇ ‘ਤੇ ਭਾਰੂ ਨਹੀਂ ਹੋ ਸਕਦਾ, ਬਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਤਾਂ ਤੂੰ ਸੁਣਿਆ ਹੀ ਹੋਣਾ ਏ, ਅਖੇ; ‘ਮਨਿ ਜੀਤੈ ਜਗੁ ਜੀਤੁ।।’ ਇਹਨਾਂ ਨਸ਼ਿਆਂ ਤੋਂ ਬਚਣ ਲਈ ਮਨ ਨੂੰ ਕਾਬੂ ਰੱਖਣਾ ਪਏਗਾ।”

46. ਮਾਹਾਂ ਮੋਠਾਂ ਵਿੱਚ ਕੋਈ ਵੱਡਾ-ਛੋਟਾ ਨਹੀਂ ਹੁੰਦਾ (ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਹਨ) : ਮੇਰੇ ਦਾਦੀ ਜੀ ਜਦੋਂ ਭਾਈਚਾਰਕ ਸਾਂਝ ਬਾਰੇ ਗੱਲ ਕਰਦੇ ਹਨ ਤਾਂ ਬੜੇ ਭਾਵੁਕ ਹੋ ਕੇ ਕਹਿੰਦੇ ਹਨ, ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਹਨ, ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ‘ਮਾਹਾਂ ਮੋਠਾਂ ਵਿੱਚ ਕੋਈ ਵੱਡਾ-ਛੋਟਾ ਨਹੀਂ ਹੁੰਦਾ’। ਪੈਸੇ ਤਾਂ ਹੱਥਾਂ ਦੀ ਮੈਲ ਹੁੰਦੇ ਹਨ, ਕਦੇ ਕਿਸੇ ਕੋਲ ਚਾਰ ਪੈਸੇ ਵੱਧ ਤੇ ਕਿਸੇ ਕੋਲ ਚਾਰ ਪੈਸੇ ਘੱਟ।”

47. ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ (ਆਪਣੇ ਘਰ ਦਾ ਕੰਮ ਕਰਨ ਨਾਲ ਛੋਟੇ ਨਹੀਂ ਬਣ ਜਾਈਦਾ) : ਰਵਨੀਤ ਨੂੰ ਆਪਣੇ ਘਰ ਦੀ ਝਾੜ-ਪੂੰਝ ਕਰਦਿਆਂ ਦੇਖ ਕੇ ਉਸ ਦੀ ਸਹੇਲੀ ਨੇ ਉਸ ਨੂੰ ਟੋਕਦਿਆਂ ਕਿਹਾ, “ਛੱਡ ਦੇ ਕੰਮ ! ਤੇਰੇ ਘਰ ਇੰਨੇ ਨੌਕਰ ਹਨ। ਤੇਰੇ ਪਿਤਾ ਜੀ ਅਫ਼ਸਰ ਨੇ। ਫਿਰ ਤੂੰ ਕੰਮ ਕਿਉਂ ਕਰਦੀ ਏਂ।” ਰਵਨੀਤ ਨੇ ਹੱਸਦੇ ਹੋਏ ਆਪਣੀ ਸਹੇਲੀ ਨੂੰ ਜੁਆਬ ਦਿੱਤਾ; ‘ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ’। ਮੈਨੂੰ ਆਪਣੇ ਘਰ ਦਾ ਕੰਮ ਕਰ ਕੇ ਸੰਤੁਸ਼ਟੀ ਮਿਲਦੀ ਹੈ।

48. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ (ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜਦੋਂ ਉਸ ਦੀ ਪੱਕੀ ਹੋਈ ਆਦਤ ਬਾਰੇ ਗੱਲ ਕਰਨੀ ਹੋਵੇ, ਭਾਵ ਪੱਕੀਆਂ ਆਦਤਾਂ ਕਦੇ ਨਹੀਂ ਬਦਲਦੀਆਂ) : ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਆਦਤਾਂ ਵੱਲ ਸ਼ੁਰੂ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜੋ ਆਦਤਾਂ ਬਚਪਨ ਵਿੱਚ ਪੈ ਜਾਣ, ਫਿਰ ਉਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਮੁਸ਼ਕਿਲ ਹੈ। ਸਿਆਣਿਆਂ ਦਾ ਕਥਨ ਕਦੇ ਗ਼ਲਤ ਨਹੀਂ ਹੁੰਦਾ; ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’। ਬੰਦੇ ਦੇ ਮਰਨ ਤੱਕ ਉਸ ਦੇ ਨਾਲ ਹੀ ਰਹਿੰਦੀਆਂ ਹਨ।

49. ਵਿਦਿਆ ਵੀਚਾਰੀ ਤਾਂ ਪਰਉਪਕਾਰੀ।। (ਵਿੱਦਿਆ ਹਰ ਇੱਕ ਨੂੰ ਨੇਕੀ ਤੇ ਉਪਕਾਰ ਸਿਖਾਉਂਦੀ ਹੈ) : ਦੋ ਦਹਾਕੇ ਪਹਿਲਾਂ ਆਏ ਪ੍ਰਿੰਸੀਪਲ ਜੀ ਨੇ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਪਿੰਡ ਦਾ ਹਰ ਬੱਚਾ ਪੜ੍ਹ-ਲਿਖ ਕੇ ਵੱਡੇ-ਵੱਡੇ ਅਹੁਦਿਆਂ ‘ਤੇ ਲੱਗ ਗਿਆ ਹੈ। ਅੱਜ ਸਾਡਾ ਪਿੰਡ ਤਰੱਕੀ ਦੀਆਂ ਸਿਖ਼ਰਾਂ ਛੂਹ ਰਿਹਾ ਹੈ। ਉਹਨਾਂ ਨੇ ਤਾਂ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ।।’ ਦਾ ਵਾਕ ਸੱਚ ਕਰ ਕੇ ਵਿਖਾ ਦਿੱਤਾ ਹੈ।

50. ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ (ਯੋਗ ਸਮਾਂ ਬੀਤਣ ਮਗਰੋਂ ਕਦੇ ਵੀ ਕੰਮ ਠੀਕ ਨਹੀਂ ਹੁੰਦੇ, ਸਗੋਂ ਪਰੇਸ਼ਾਨੀਆਂ ਵਧਦੀਆਂ ਹਨ) : ਸੁਖਦੇਵ ਸਾਰਾ ਸਾਲ ਤਾਂ ਪੜ੍ਹਿਆ ਨਹੀਂ, ਪਰ ਹੁਣ ਪੇਪਰ ਸਿਰ ਉੱਤੇ ਆਉਣ ‘ਤੇ ਉਸ ਨੂੰ ਭਾਜੜਾਂ ਪੈ ਗਈਆਂ ਹਨ। ਉਹ ਜਗ੍ਹਾ-ਜਗ੍ਹਾ ਨੋਟਸ ਮੰਗਣ ਲਈ ਭਟਕਦਾ ਫਿਰਦਾ ਰਹਿੰਦਾ ਹੈ। ਉਸ ਦਾ ਤਾਂ ਉਹ ਹਾਲ ਹੋ ਗਿਆ ਹੈ, ਅਖੇ; ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’। ਹੁਣ ਉਸ ਦਾ ਕੁਝ ਨਹੀਂ ਹੋ ਸਕਦਾ।