ਅਖਾਣ – ਪਰਿਭਾਸ਼ਾ


ਅਖਾਉਤਾਂ/ ਅਖਾਣ (Proverbs)


ਅਖਾਉਤਾਂ ਜਾਂ ਅਖਾਣਾਂ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੀਆਂ ਅਖਾਉਤਾਂ/ਅਖਾਣ ਉਸ ਭਾਸ਼ਾ ਨੂੰ ਬੋਲਦੇ ਲੋਕਾਂ ਦਾ ਭਾਸ਼ਾਈ ਅਤੇ ਸੱਭਿਆਚਾਰਕ ਵਿਰਸਾ ਹੁੰਦੀਆਂ ਹਨ। ਇਹ ਬੀਤੇ ਸਮੇਂ ਦੇ ਸਮਾਜਿਕ, ਧਾਰਮਕ ਅਤੇ ਆਰਥਿਕ ਜੀਵਨ ਦਾ ਸ਼ੀਸ਼ਾ ਵੀ ਹੁੰਦੀਆਂ ਹਨ।

ਅਖਾਉਤਾਂ ਜਾਂ ਅਖਾਣਾਂ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਕੋਈ ਵਿਅਕਤੀ ਕਿਸੇ ਦੀ ਕਹੀ ਹੋਈ ਗੱਲ ਨੂੰ ਸਮਝ ਨਹੀਂ ਸਕਦਾ, ਤਾਂ ਅਖਾਣ/ਅਖਾਉਤਾਂ ਰਾਹੀਂ ਉਹੀ ਗੱਲ ਉਸ ਨੂੰ ਝੱਟ ਸਮਝ ਆ ਜਾਂਦੀ ਹੈ। ਅਖਾਣ ਵਿਚਲੀ ਸੱਚਾਈ ਮਨੁੱਖ ਨੂੰ ਹਰ ਕਦਮ ‘ਤੇ ਇੱਕ ਸੁਚੱਜੀ ਸੇਧ ਪ੍ਰਦਾਨ ਕਰਦੀ ਹੈ। ਇਹਨਾਂ ਦੀ ਵਿਸ਼ੇਸ਼ਤਾ ਇਹ ਵੀ ਹੁੰਦੀ ਹੈ ਕਿ ਇਹ ਆਮ ਲੋਕਾਂ ਦੇ ਚੇਤਿਆਂ ਵਿੱਚ ਝੱਟ ਹੀ ਵੱਸ ਜਾਂਦੇ ਹਨ।




ਅਖਾਉਤਾਂ ਦੀ ਵਰਤੋਂ


ਅਖਾਉਤਾਂ ਦੀ ਵਾਕਾਂ ਵਿੱਚ ਵਰਤੋਂ ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਨਾਲੋਂ ਭਿੰਨ ਹੈ। ਜਿੱਥੇ ਮੁਹਾਵਰੇ ਲਈ ਸਿੱਧਾ ਇੱਕ ਵਾਕ ਬਣਾ ਲਿਆ ਜਾਂਦਾ ਹੈ, ਉੱਥੇ ਅਖਾਉਤਾਂ ਵਾਸਤੇ ਇੱਕ ਨਿੱਕੀ ਜਿਹੀ ਕਹਾਣੀ ਘੜੀ ਜਾਂਦੀ ਹੈ, ਭਾਵ ਬਣਾਈ ਜਾਂਦੀ ਹੈ ਜਾਂ ਫਿਰ ਵਾਕ ਜੋੜੇ ਜਾਂਦੇ ਹਨ, ਤਾਂ ਜੁ ਅਖਾਉਤਾਂ/ਅਖਾਣ ਲੋਕਾਂ ਦੇ ਮੂੰਹ ਤੇ ਅਸਾਨੀ ਨਾਲ ਚੜ੍ਹ ਸਕਣ। ਇਹਨਾਂ ਦੀ ਵਰਤੋਂ ਸਮੇਂ ਮੌਕੇ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਇਹਨਾਂ ਵਿੱਚ ਇੱਕ ਤੁਕਬੰਦੀ ਹੁੰਦੀ ਹੈ, ਜੋ ਬੋਲਣ ਲੱਗਿਆਂ ਲੈਅ ਪੈਦਾ ਕਰਦੀ ਹੈ; ਜਿਵੇਂ :

1. ਸਵੈ-ਭਰੋਸਾ, ਵੱਡਾ ਤੋਸਾ।

2. ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।

ਇਸ ਤਰ੍ਹਾਂ ਅਖਾਉਤਾਂ ਦਾ ਜਨਮ ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਪਰ ਜਦੋਂ ਇਹ ਆਪਣਾ ਸਰੂਪ ਅਖ਼ਤਿਆਰ ਕਰਦੀਆਂ ਹਨ ਤਾਂ ਆਸਾਨ ਬਣ ਜਾਂਦੀਆਂ ਤੇ ਸਮਝ ਆ ਜਾਂਦੀਆਂ ਹਨ। ਪ੍ਰਗਟਾਅ ਦੇ ਪੱਖੋਂ ਅਖਾਉਤਾਂ ਵਿੱਚ ਕਾਵਿਕ ਅੰਸ਼, ਨਾਟਕੀ ਅੰਸ਼, ਕਥਾ ਅੰਸ਼, ਆਦਿ ਕਈ ਸਾਹਿਤਕ ਗੁਣਾਂ ਦਾ ਸੁਮੇਲ ਹੁੰਦਾ ਹੈ। ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕਲਾ ਅਖਾਉਤਾਂ ਦੇ ਕਣ-ਕਣ ਵਿੱਚ ਰਚੀ ਹੁੰਦੀ ਹੈ। ਲੈਅ, ਸੰਜਮ, ਸੰਖੇਪਤਾ ਆਦਿ ਗੁਣਾਂ ਸਦਕਾ ਅਖਾਉਂਤਾਂ ਗੁੰਦਵੀਂ ਸ਼ੈਲੀ ਦਾ ਸਿਖਰ ਹੁੰਦੀਆਂ ਹਨ। ਇਹਨਾਂ ਵਿੱਚ ਕਿਤੇ-ਕਿਤੇ ਵਿਅੰਗ ਤੇ ਚਟਖਾਰਾ ਵੀ ਹੁੰਦਾ ਹੈ।

ਅਖਾਉਤ ਦੀ ਸ਼ਕਤੀ ਇਸ ਦੀ ਵਰਤੋਂ ਕਰਨ ‘ਤੇ ਹੀ ਪ੍ਰਕਾਸ਼ ਵਿੱਚ ਆਉਂਦੀ ਹੈ। ਇਸ ਲਈ ਹਰੇਕ ਅਖਾਉਤ/ਅਖਾਣ ਲਈ ਢੁੱਕਵੀਂ ਤੋਂ ਢੁੱਕਵੀਂ ਸਥਿਤੀ ਲੱਭਣੀ ਚਾਹੀਦੀ ਹੈ।