ਅਖਾਣ ਦੀ ਮਹੱਤਾ
ਅਖਾਣ ਆਮ ਲੋਕਾਂ ਦੇ ਅਨੁਭਵਪੂਰਨ ਗਿਆਨ ਵਿੱਚੋਂ ਜਨਮ ਲੈਂਦੇ ਹਨ। ਅਖਾਣ ਵੱਡੇ – ਵਡੇਰਿਆਂ ਵੱਲੋਂ ਕੱਢੇ ਗਏ ਤੱਤ ਹਨ, ਜਿਹੜੇ ਬਿਨਾਂ ਕਿਸੇ ਉਚੇਚ ਜਾਂ ਲਾਗ – ਲਪੇਟ ਦੇ ਪੇਸ਼ ਕੀਤੇ ਜਾਂਦੇ ਹਨ।
ਅਖਾਣ ਨੂੰ ਕਹਾਵਤ, ਲੋਕਤੰਤਰ, ਜਨ – ਉਕਤੀ, ਨੀਤੀ ਬਚਨ ਅਤੇ ਸੂਤਰਵਾਕ ਵੀ ਆਖਿਆ ਜਾਂਦਾ ਹੈ। ਅਖਾਣ ਵਿੱਚ ਵਿਭਿੰਨ ਪ੍ਰਕਾਰ ਦੇ ਵਿਅਕਤੀਆਂ ਦੇ ਲੱਛਣ ਜਾਂ ਉਨ੍ਹਾਂ ਦਾ ਸੁਭਾਅ ਬਿਆਨ ਕੀਤਾ ਗਿਆ ਹੁੰਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਆਖੀ ਅਰਥਪੂਰਨ ਗੱਲ ਅਖਾਣ ਬਣ ਜਾਂਦੀ ਹੈ।
ਅਖਾਣਾਂ ਦੇ ਨਿਰਮਾਣ ਵਿੱਚ ਪਸ਼ੂ-ਪੰਛੀਆਂ ਦਾ ਵੱਡਾ ਯੋਗਦਾਨ ਰਿਹਾ ਹੈ।
ਆਓ ਕੁਝ ਅਜਿਹੀਆਂ ਅਖਾਣਾਂ ‘ਤੇ ਝਾਤ ਪਾਈਏ, ਜਿਹੜੀਆਂ ਪਸ਼ੂ-ਪੰਛੀਆਂ ਦੇ ਹਵਾਲੇ ਨਾਲ ਹੋਂਦ ਵਿੱਚ ਆਈਆਂ ਹਨ।
ਊਠ
ਊਠ ਭਾਰਤ ਵਿੱਚ ਮਹੱਤਵਪੂਰਨ ਪਸ਼ੂ ਹੈ। ਇਸ ਤੋਂ ਸਵਾਰੀ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਢੋਆ ਢੁਆਈ ਦਾ ਵੀ। ਕਿਸੇ ਨੂੰ ਉਸ ਦੀ ਨਿਤਾਣਤਾ ਤੋਂ ਮੁਕਤੀ ਦਿਵਾਉਣ ਲਈ ਸਮਝਾਇਆ ਜਾਂਦਾ ਹੈ ਕਿ ‘ਉੱਠੇ ਤਾਂ ਊਠ ਨਹੀਂ ਤਾਂ ਰੇਤੇ ਦੀ ਮੁੱਠ’।
ਨਾਂਹ-ਨੁੱਕਰ ਕਰ ਰਹੇ ਆਦਮੀ ਤੋਂ ਕੰਮ ਲੈਣ ਲਈ ‘ਊਠ ਅੜਾਉਂਦੇ ਹੀ ਲੱਦੇ ਜਾਂਦੇ ਹਨ’ ਆਖਿਆ ਜਾਂਦਾ ਹੈ।
ਕਿਸੇ ਦਾ ਹੰਕਾਰ ਦਰਸਾਉਣ ਲਈ ‘ਊਠ ‘ਤੇ ਚੜ੍ਹੀ ਨੂੰ ਦੋ-ਦੋ ਦਿਸਦੇ’ ਅਖਾਣ ਵਰਤੀ ਜਾਂਦੀ ਹੈ।
ਮੁਸ਼ਕਿਲ ਪੈਣ ‘ਤੇ ਨਿੱਕਾ ਮੋਟਾ ਆਹਰ ਵਿਅਰਥ ਹੁੰਦਾ ਹੈ, ਇਸ ਲਈ ਆਖਦੇ ਹਨ ਕਿ ‘ਊਠ ਤੋਂ ਛਾਲਣੀ ਲਾਹੁਣ ਨਾਲ ਬੋਝ ਹਲਕਾ ਨਹੀਂ ਹੁੰਦਾ’।
ਅਣਮੇਲ ਵਿਆਹ ਨੂੰ ‘ਊਠ ਦੇ ਗਲ ਟੱਲੀ’ ਆਖਿਆ ਜਾਂਦਾ ਹੈ।
ਬੁਰਾ ਸਮਾਂ ਆਉਣ ‘ਤੇ ਕਿਸੇ ਬਾਰੇ ਕਿਹਾ ਜਾਂਦਾ ਹੈ ਕਿ ‘ਮਾੜੇ ਦਿਨ ਹੁੰਦੇ ਤਾਂ ਊਠ ਚੜ੍ਹੇ ਨੂੰ ਵੀ ਕੁੱਤਾ ਵੱਢ ਲੈਂਦੈ।’
ਇੱਲ੍ਹ
ਬੇਧਿਆਨੇ ਹੋਏ ਨੁਕਸਾਨ ਦਾ ਬਿਆਨ ਇਹ ਆਖ ਕੇ ਕੀਤਾ ਜਾਂਦਾ ਹੈ ‘ਅੱਖ ਅੱਡੀ ਰਹਿ ਗਈ ਕੱਜਲ ਇੱਲ੍ਹ ਲੈ ਗਈ।’
ਦੋ ਮਾੜੇ ਬੰਦਿਆਂ ਦੀ ਸਮਰੂਪਤਾ ਵਿਖਾਉਣ ਲਈ ‘ਇੱਲ੍ਹ ਦਾ ਨਣਦੋਈਆ ਕਾਂ’ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸੇ ਨੂੰ ਅਕਾਰਨ ਦੋਸ਼ ਦੇਣ ਤੇ ਆਖਦੇ ਹਨ ‘ਇੱਲ੍ਹ ਮੁੰਡਾ ਲੈ ਗਈ ਜਠੇਰਿਆਂ ਦਾ ਨਾਂ।’
ਸੱਪ
ਕਿਸੇ ਵਿਅਕਤੀ ਵਿੱਚ ਇੱਕ ਤੋਂ ਵੱਧ ਐਬ ਹੋਣ ਤਾਂ ਉਸ ਬਾਰੇ ਆਖਦੇ ਹਨ ‘ਇੱਕ ਸੱਪ ਦੂਜਾ ਉੱਡਣਾ।’
ਨੁਕਸਾਨ ਉਠਾਉਣ ਮਗਰੋਂ ਸੁਚੇਤ ਹੋਏ ਬੰਦੇ ਬਾਰੇ ਆਖਿਆ ਜਾਂਦਾ ਹੈ ‘ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦੈ।’
ਦੋ ਮਾੜੇ ਸੁਭਾਅ ਦੇ ਬੰਦਿਆਂ ਦੀ ਲੜਾਈ ‘ਸੱਪ ਨਾਲ ਸੱਪ ਲੜੇ ਵਿਹੁ ਕੀਹਨੂੰ ਚੜ੍ਹੇ’ ਅਖਾਣ ਰਾਹੀਂ ਪ੍ਰਗਟਾਈ ਜਾਂਦੀ ਹੈ।
ਸ਼ੇਰ
ਕਿਸੇ ਜ਼ੋਰਾਵਰ ਦਾ ਗੁੱਸਾ ਠੰਢਾ ਕਰਨ ਲਈ ਮਾੜੇ-ਬੀੜੇ ਨੂੰ ਉਸ ਤੋਂ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਨਾ ਡਰਨ ਲਈ ਸਮਝਾਇਆ ਜਾਂਦਾ ਹੈ ਕਿ ‘ਮੋਹਰੇ ਪਏ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ।’
ਦੋ ਧੜੱਲੇਦਾਰ ਵਿਅਕਤੀ ਇੱਕ ਥਾਂ ‘ਤੇ ਇਕੱਠੇ ਰਹਿੰਦੇ ਹਨ ਤਾਂ ਨਿੱਤ ਦਾ ਕਲੇਸ਼ ਪਿਆ ਰਹਿੰਦਾ ਹੈ, ਇਸ ਲਈ ਆਖਦੇ ਹਨ ‘ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ।’
ਹਾਥੀ
‘ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਣ ਦੇ ਹੋਰ’,
‘ਹਾਥੀ ਲੰਘ ਗਿਆ ਪੂਛ ਰਹਿ ਗਈ’।
ਹਾਥੀ ਦੇ ਵਿਖਾਉਣ ਵਾਲੇ ਦੰਦ ਬੜੇ ਕੀਮਤੀ ਹੁੰਦੇ ਹਨ, ਜਿਨ੍ਹਾਂ ਤੋਂ ਅਨੇਕ ਅਲੰਕ੍ਰਿਤ ਵਸਤੂਆਂ ਬਣਾਈਆਂ ਜਾਂਦੀਆਂ ਹਨ, ਇਸ ਲਈ ਹਾਥੀ ਬਾਰੇ ਆਖਦੇ ਹਨ “ਜਿਊਂਂਦਾ ਹਾਥੀ ਲੱਖ ਦਾ ਮੋਇਆ ਸਵਾ ਲੱਖ ਦਾ।”
ਘਟੀਆ ਚੀਜ਼ ‘ਤੇ ਵਧੀਆ ਚੀਜ਼ ਚਾੜ੍ਹੀ ਜਾਂਦੀ ਹੈ ਤਾਂ ਆਖਿਆ ਜਾਂਦਾ ਹੈ ‘ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ।’
ਕਾਂ
ਸਿਆਣਾ ਕਾਂ ਰੂੜੀ ‘ਤੇ ਬੈਠਦੈ’,
‘ਭਰਾ ਭਰਾਵਾਂ ਦੇ ਚਿੱਚੜ ਕਾਵਾਂ ਦੇ’,
‘ਕਾਵਾਂ ਦੇ ਆਖੇ ਢੱਗੇ ਨ੍ਹੀਂ ਮਰਦੈ।
ਕਿਰਲੀ
‘ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ।’
ਕੀੜੀ
‘ਕੀੜੀ ਦੇ ਘਰ ਭਗਵਾਨ’,
‘ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਖੰਭ ਲੱਗ ਜਾਂਦੇ ਹਨ’
ਮੁਰਗੀ
ਕੋਈ ਸਾਡੀ ਇਸ ਆਸ ਤੋਂ ਉਲਟ ਨਿਕਲਦਾ ਹੈ ਤਾਂ ਅਸੀਂ ਆਖਦੇ ਹਾਂ ‘ਇੱਕੋ ਅੰਡਾ ਉਹ ਵੀ ਗੰਦਾ।’
ਨਿਮਨ ਪੱਧਰ ਦੀ ਵਸਤੂ ਨੂੰ ਮਹਿੰਗੀ ਵਸਤੂ ਨਾਲ ਕੱਜਿਆ ਜਾਵੇ ਤਾਂ ਆਖਦੇ ਹਨ ‘ਅੰਨ੍ਹੀ ਕੁੱਕੜੀ ਖਸਖਸ ਦਾ ਚੋਗਾ।’
ਆਪ ਤੰਗੀ ਕੱਟ ਕੇ ਕਿਸੇ ਦਾ ਭਲਾ ਕਰਨ ਨੂੰ ‘ਆਂਡੇ ਹੋਰ ਘਰ, ਕੁੜਕੁੜ ਸਾਡੇ ਘਰ’ ਆਖਿਆ ਜਾਂਦਾ ਹੈ।
‘ਘਰ ਦੀ ਮੁਰਗੀ ਦਾਲ ਬਰਾਬਰ,
‘ਕੁੱਕੜ ਖੇਹ ਉਡਾਈ ਆਪਣੇ ਸਿਰ ਪਾਈ’
ਕੁੱਤਾ
‘ਇੱਕ ਬੋਟੀ ਸੌ ਕੁੱਤਾ,
‘ਕੁੱਤੇ ਦਾ ਕੁੱਤਾ ਵੈਰੀਂ’,
‘ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ’,
‘ਸਾਂਝੀ ਦੇਗ ਕੁੱਤਿਆਂ ਖਾਧੀ, ‘ਭਰੇ ਘਰਾਂ ਦਾ ਕੁੱਤਾ ਭੁੱਖਾ’,
‘ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ਤੇ’,
‘ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ,
‘ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ’,
‘ਕੁੱਤੇ ਨੂੰ ਹੱਡੀ ਦਾ ਸਵਾਦ’,
‘ਕੁੱਤੇ ਨੂੰ ਘਿਉ ਨਹੀਂ ਪਚਦਾ’,
‘ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ’,
‘ਅੰਨ੍ਹਾ ਕੁੱਤਾ ‘ਵਾ ਨੂੰ ਭੌਂਕੇ’,
‘ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ’।
ਗਧਾ
ਸਿਆਣੇ ਅਤੇ ਮੂਰਖ ਵਿਅਕਤੀ ਦਾ ਫਰਕ ਸਪੱਸ਼ਟ ਕਰਨ ਲਈ ਆਖਿਆ ਜਾਂਦਾ ਹੈ ‘ਸਿਆਣੇ ਨੂੰ ਜੌਨਤ ਗਧੇ ਨੂੰ ਸੋਟਾ।’
ਗਧੇ ਦੇ ਹਵਾਲੇ ਨਾਲ ਇਹ ਅਖਾਣਾਂ ਵੀ ਪ੍ਰਚੱਲਿਤ ਹਨ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ’,
‘ਕੰਮ ਕੱਢਣ ਲਈ ਗਧੇ ਨੂੰ ਵੀ ਬਾਪ ਬਣਾਉਣਾ ਪੈਂਦੈਂ’ ਅਤੇ
‘ਗਧੇ ਨੂੰ ਦਿੱਤਾ ਲੂਣ ਅਖੇ ਮੇਰੀਆਂ ਅੱਖਾਂ ਭੰਨਦੈ।’
ਗਾਂ
ਜੇਕਰ ਪਿਓ-ਪੁੱਤਰ ਦੋਵਾਂ ਦਾ ਵਿਵਹਾਰ ਮਾੜਾ ਹੋਵੇ ਤਾਂ ਆਖਿਆ ਜਾਂਦਾ ਹੈ ‘ਭੈੜੀ ਗਾਂ ਦਾ ਭੈੜਾ ਵੱਛਾ।’
ਪੁੱਤਰ ਪਿਓ ਦੀ ਉਂਗਲੀ ਫੜੀ ਫਿਰਦਾ ਰਹੇ ਤਾਂ ਆਖਦੇ ਹਨ ‘ਜਿੱਥੇ ਗਾਂ ਉੱਥੇ ਵੱਛਾ।
ਗਿੱਦੜ
ਗਿੱਦੜ ਨੂੰ ਕਮਜ਼ੋਰ, ਪਰ ਚਲਾਕ ਜਾਨਵਰ ਸਮਝਿਆ ਜਾਂਦਾ ਹੈ। ਅੰਦਰੋਂ ਡਰਿਆ ਵਿਅਕਤੀ ਜਦੋਂ ਬੜਕ ਮਾਰਦਾ ਹੈ ਤਾਂ ਉਸ ਨੂੰ ‘ਗਿੱਦੜ ਭਬਕੀਂ’ ਆਖਿਆ ਜਾਂਦਾ ਹੈ।
ਬਹੁਤੀ ਮਾਰਕੁੱਟ ਨੂੰ ‘ਗਿੱਦੜ ਕੁੱਟ’ ਆਖਦੇ ਹਨ।
‘ਆਪਣੇ ਘਰ ਗਿੱਦੜ ਵੀ ਸ਼ੇਰ’,
‘ਗਿੱਦੜ ਦਾਖ ਨਾ ਅੱਪੜੀ ਆਖੇ ਖੂਹ ਕੌੜੀ’,
‘ਕੱਲ੍ਹ ਜੰਮੀ ਗਿੱਦੜੀ ਤੇ ਅੱਜ ਵਿਆਹ’ ਜਿਹੀਆਂ ਅਖਾਣਾਂ ਗਿੱਦੜ ਨਾਲ ਸਬੰਧਤ ਹਨ।
ਘੋੜਾ
ਬਿਮਾਰ ਵਿਅਕਤੀ ਤੰਦਰੁਸਤ ਹੋ ਜਾਵੇ ਤਾਂ ਉਸ ਨੂੰ ‘ਘੋੜੇ ਵਰਗਾ’ ਆਖਿਆ ਜਾਂਦਾ ਹੈ।
ਵਿਆਹ ਸਮੇਂ ‘ਲਾੜੇ ਦਾ ਘੋੜੀ ਚੜ੍ਹਨਾ’ ਅਤੇ ਸੁਆਣੀਆਂ ਦੁਆਰਾ ‘ਘੋੜੀਆਂ ਗਾਉਣਾ’ ਪੰਜਾਬ ਦੀ ਪਰੰਪਰਾ ਰਹੀ ਹੈ।
ਚਿੜੀ
ਪੰਜਾਬ ਦੀਆਂ ਕੁਆਰੀਆਂ ਕੁੜੀਆਂ ਆਪਣੇ ਆਪ ਨੂੰ ‘ਚਿੜੀਆਂ’ ਆਖਦੀਆਂ ਹਨ।
‘ਸਾਡਾ ਚਿੜੀਆਂ ਦੇ ਚੰਬਾ ਵੇ ਬਾਬਲ ਅਸੀਂ ਉੱਡ ਜਾਣਾ।’
ਚਿੜੀ ਦੇ ਭੋਲੇਪਣ ਤੋਂ ਉਪਜੀ ਅਖਾਣ ਹੈ ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ।’
ਆਪਣੇ ਬੋਲ ਪੁਗਾਉਣ ਤੋਂ ਆਰੀ ਵਿਅਕਤੀ ਸੱਜੇ ਖੱਬ ਦੀ ਗੱਲ ਕਰਦਾ ਹੈ ਤਾਂ ਉਹ ‘ਮਰ ਜਾ ਚਿੜੀਏ ਜਿਉ ਜਾ ਚਿੜੀਏ’ ਕਰ ਰਿਹਾ ਹੁੰਦਾ ਹੈ।
ਪੰਜਾਬ ਵਿੱਚ ਕਿਸੇ ਦਾ ਹਾਲਚਾਲ ਜਾਣਨ ਲਈ ਪੁੱਛਦੇ ਹਨ ‘ਹੋਰ ਸੁਣਾ ਢੰਗਾ ਵੱਛਾ ਰਾਜ਼ੀ?’
ਬੱਕਰੀ
‘ਬੱਕਰੀ ਜਾਨੋਂ ਗਈ ਖਾਣ ਵਾਲੇ ਨੂੰ ਸਵਾਦ ਨਾ ਆਇਆ’
‘ਬੱਕਰੀ ਨੇ ਦੁੱਧ ਦਿੱਤਾ ਉਹ ਵੀ ਮੀਂਗਣਾਂ ਪਾ ਕੇ।’
ਬਾਂਦਰ ਬਾਰੇ ਪ੍ਰਸਿੱਧ ਹੈ ‘ਬਾਂਦਰ ਕੀ ਜਾਣੇ ਅਦਰਕ ਦਾ ਸੁਆਦ।’
ਬਿੱਲੀ
‘ਛਿੱਕਾ ਟੁੱਟਾ ਬਿੱਲੀ ਦੇ ਭਾਗੀ’,
‘ਨੌਂ ਸੌ ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ,
‘ਬਿੱਲੀ ਨੂੰ ਚੂਹੇ ਦੇ ਸੁਪਨੇ’,
‘ਬਿੱਲੀ ਦੇ ਸਰ੍ਹਾਣੇ ਦੁੱਧ ਨਹੀਂ ਜੰਮਦਾ,
‘ਬਿੱਲੀ ਨੇ ਸ਼ੀਂਹ ਪੜ੍ਹਾਇਆ ਸ਼ੀਂਹ ਖਾਣ ਨੂੰ ਆਇਆ’,
‘ਕਾਠ ਦੀ ਬਿੱਲੀ ਮਿਆਉਂ ਕੌਣ ਕਰੇ।’
ਬਿਨਾਂ ਸੋਚੇ ਸਮਝੇ ਲੋਕ ਕਿਸੇ ਦੇ ਮਗਰ ਲੱਗਦੇ ਹਨ ਤਾਂ ਉਸ ਨੂੰ ‘ਭੇੜ ਚਾਲ’ ਆਖਿਆ ਜਾਂਦਾ ਹੈ।
ਮੱਖੀ
ਵਿਹਲੇ ਬੰਦੇ ਬਾਰੇ ‘ਬੈਠਾ ਮੱਖੀਆਂ ਮਾਰਦੈ’ ਕਿਹਾ ਜਾਂਦਾ ਹੈ।
‘ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ’,
‘ਨ੍ਹਾਤੀ-ਧੋਤੀ ਰਹਿ ਗਈ ਉਤੇ ਮੱਖੀ ਬਹਿ ਗਈ’,
‘ਉਹ ਤਾਂ ਨੱਕ ‘ਤੇ ਮੱਖੀ ਨਹੀਂ ਬੈਠਣ ਦਿੰਦਾ’
ਮੱਝ ਤੋਂ ਵੀ ਅਸੀਂ ਕੁਝ ਅਖਾਣਾਂ ਘੜ ਰੱਖੀਆਂ ਹਨ ਜਿਵੇਂ ‘ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ।’